ਸੁਰਜੀਤ ਸਿੰਘ ਸੀਲੋ ਦਾ ਸੂਬਾ ਕਮੇਟੀ ਮੈਂਬਰ ਬਣਨ ‘ਤੇ ਕੀਤਾ ਵਿਸ਼ੇਸ਼ ਸਨਮਾਨ
ਡੇਹਲੋ: ਜਮਹੂਰੀ ਕਿਸਾਨ ਸਭਾ ਪੰਜਾਬ ਇਲਾਕਾ ਕਮੇਟੀ ਕਿਲ੍ਹਾ ਰਾਏਪੁਰ ਦੀ ਮੀਟਿੰਗ ਸਭਾ ਦੇ ਕਿਲ੍ਹਾ ਰਾਏਪੁਰ ਸਥਿਤ ਦਫਤਰ ਵਿਖੇ ਰਾਜਵੀਰ ਸਿੰਘ ਕਿਲ੍ਹਾ ਰਾਏਪੁਰ ਦੀ ਪ੍ਰਧਾਨਗੀ ਹੇਠ ਹੋਈ। ਇਲਾਕਾ ਕਮੇਟੀ ਨੇ ਸੁਰਜੀਤ ਸਿੰਘ ਸੀਲੋ ਦਾ ਹਾਰ ਪਾ ਕੇ ਵਿਸ਼ੇਸ਼ ਸਨਮਾਨ ਕੀਤਾ ਜੋ ਪਿਛਲੇ ਦਿਨੀ ਸੂਬਾ ਕਮੇਟੀ ਦੀ ਹੋਈ ਮੀਟਿੰਗ ‘ਚ ਵਿਸ਼ੇਸ਼ ਮੈਂਬਰ ਚੁਣੇ ਗਏ ਸਨ। ਉਹ ਸੂਬਾ ਕਮੇਟੀ ਦੇ ਮੈਂਬਰ ਚੁਣੇ ਜਾਣ ਤੋਂ ਬਾਅਦ ਪਹਿਲੀ ਵਾਰ ਕਿਲ੍ਹਾ ਰਾਏਪੁਰ ਦਫਤਰ ਪੁੱਜੇ ਸਨ।
ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਆਖਿਆ ਕਿ ਸੁਰਜੀਤ ਸਿੰਘ ਸੀਲੋ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਬਾਨੀ ਮੈਂਬਰਾਂ ਵਿੱਚੋਂ ਇੱਕ ਹਨ। ਉਹਨਾਂ ਨੇ ਆਪਣੀ ਜਿਦਗੀ ਦਾ ਲੰਬਾ ਸਮਾਂ ਜਮਹੂਰੀ ਲਹਿਰ ਦੀ ਉਸਾਰੀ ਵਿੱਚ ਲਾਇਆ ਹੈ। ਜਮਹੂਰੀ ਕਿਸਾਨ ਸਭਾ ਪੰਜਾਬ ਦੇ ਹਰ ਐਕਸ਼ਨ ਨੂੰ ਉਹ ਤਨ ਦੇਹੀ ਨਾਲ ਲਾਗੂ ਕਰਦੇ ਹਨ ਅਤੇ ਕਿਰਤੀ ਕਿਸਾਨ ਦੇ ਹੱਕਾਂ ਲਈ ਜੱਦੋ ਜਹਿਦ ਕਰਦੇ ਰਹਿੰਦੇ ਹਨ। ਇਸ ਕਰਕੇ ਜਮਹੂਰੀ ਕਿਸਾਨ ਸਭਾ ਪੰਜਾਬ ਦੀ ਸੂਬਾ ਕਮੇਟੀ ਨੇ ਉਹਨਾਂ ਨੂੰ ਵਿਸ਼ੇਸ਼ ਮੈਂਬਰ ਦੇ ਤੌਰ ’ਤੇ ਸੂਬਾ ਕਮੇਟੀ ਦਾ ਮੈਂਬਰ ਚੁਣਿਆ ਹੈ। ਗੁੱਜਰਵਾਲ ਨੇ ਆਖਿਆ ਕਿ ਚੋਣਾਂ ਵਿੱਚ ਭਾਜਪਾ ਦੇ ਉਮੀਦਵਾਰ ਦਾ ਵਿਰੋਧ ਤੇ ਉਸ ਨੂੰ ਸਵਾਲ ਪੁੱਛਣ ਦਾ ਸਿਲਸਿਲਾ ਜਾਰੀ ਰਹੇਗਾ। ਉਹਨਾਂ ਆਖਿਆ ਕਿ ਕਿਰਤੀ ਕਿਸਾਨਾਂ ਦੇ ਹੱਕਾਂ ਤੇ ਡਾਕਾ ਮਾਰਨ ਵਾਲੀ ਭਾਰਤੀ ਜਨਤਾ ਪਾਰਟੀ ਤੇ ਉਸ ਦੇ ਭਾਈਵਾਲ਼ਾਂ ਨੂੰ ਲੋਕ ਇਸ ਵਾਰ ਸੱਤਾ ਤੋਂ ਬਾਹਰ ਕਰ ਦੇਣਗੇ।
ਇਸ ਮੌਕੇ ਇਲਾਕਾ ਕਮੇਟੀ ਦੇ ਸਕੱਤਰ ਗੁਰਉਪਦੇਸ਼ ਸਿੰਘ ਘੁੰਗਰਾਣਾ ਅਤੇ ਰਘਵੀਰ ਸਿੰਘ ਆਸੀ ਕਲਾਂ ਨੇ ਆਖਿਆ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ 21 ਮਈ ਨੂੰ ਜਗਰਾਉ ‘ਚ ਹੋਣ ਕਿਸਾਨ ਮਹਾਂ ਪੰਚਾਇਤ ਇਤਿਹਾਸਕ ਹੋਵੇਗੀ। ਉਹਨਾਂ ਕਿਹਾ ਕਿ ਇਸ ਇਲਾਕੇ ਵਿੱਚੋਂ ਵੱਡੀ ਗਿਣਤੀ ਵਿੱਚ ਕਿਸਾਨ ਮਹਾਂ ਪੰਚਾਇਤ ਦਾ ਹਿੱਸਾ ਬਣਨਗੇ। ਜਿਸ ਦੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ। ਉਹਨਾਂ ਕਿਹਾ ਕਿ ਕਿਲ੍ਹਾ ਰਾਏਪੁਰ ਦਫਤਰ ਤੋ ਇੱਕ ਵੱਡਾ ਕਾਫ਼ਲਾ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਝੰਡੇ ਆਪਣੇ ਵਹੀਕਲਾਂ ਉਪਰ ਲਗਾਕੇ ਰਵਾਨਾ ਹੋਣਗੇ। ਉਹਨਾਂ ਕਿਹਾ ਕਿ ਇਸ ਸਬੰਧੀ ਕਿਸਾਨਾਂ ਵਿੱਚ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ।
ਇਸ ਮੌਕੇ ਹੋਰਨਾ ਤੋਂ ਇਲਾਵਾ ਕਰਮ ਸਿੰਘ ਗਰੇਵਾਲ, ਮਲਕੀਤ ਸਿੰਘ ਗਰੇਵਾਲ, ਦਫਤਰ ਸਕੱਤਰ ਨਛੱਤਰ ਸਿੰਘ, ਬਲਵੀਰ ਸਿੰਘ ਭੁੱਟਾ, ਬਲਜਿੰਦਰ ਸਿੰਘ ਗਰੇਵਾਲ, ਬਲਜੀਤ ਸਿੰਘ ਸਾਇਆ, ਗੁਰਦਿਆਲ ਸਿੰਘ ਹਾਜ਼ਰ ਸਨ।

Comments
Post a Comment