ਗੁਰਦਾਸਪੁਰ ਦੇ ਭਾਜਪਾ ਉਮੀਦਵਾਰ ਦਿਨੇਸ਼ ਬੱਬੂ ਦਾ ਪਿੰਡ ਘੋ ਵਿਖੇ ਸੰਯੁਕਤ ਕਿਸਾਨ ਮੋਰਚੇ ਵਲੋਂ ਘਿਰਾਓ
ਪਠਾਨਕੋਟ: ਅੱਜ ਪਿੰਡ ਘੋ ਵਿਖੇ ਭਾਜਪਾ ਉਮੀਦਵਾਰ ਦੇ ਆਉਣ ਦੀ ਸੂਚਨਾ ਮਿਲਣ ਕਾਰਨ ਸੰਯੁਕਤ ਕਿਸਾਨ ਮੋਰਚੇ ਵਲੋਂ ਘਿਰਾਓ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ। ਭਾਜਪਾ ਉਮੀਦਵਾਰ ਦੇ ਪਿੰਡ ਘੋ ਆਉਣ ਦੀ ਖ਼ਬਰ ਸੁਣਕੇ ਆਮ ਕਿਸਾਨ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਪਹੁੰਚ ਗਏ। ਉਹ ਪਿੰਡ ਦੇ ਚੌਕ ਵਿੱਚ ਇਕੱਠੇ ਹੋ ਗਏ। ਕਿਸਾਨ ਭਾਜਪਾ ਉਮੀਦਵਾਰ ਨੂੰ ਘੇਰਕੇ ਸਵਾਲ ਪੁੱਛਣਾ ਚਾਹੁੰਦੇ ਸਨ ਪਰ ਭਾਜਪਾ ਨੇ ਜਲਸੇ ਦਾ ਸਥਾਨ ਬਦਲ ਲਿਆ। ਜਿਸ ’ਤੇ ਕਿਸਾਨ ਰਸਤੇ ਵਿੱਚ ਡਟ ਗਏ ਪਰ ਉਮੀਦਵਾਰ ਆਪਣੀ ਗੱਡੀ ਛੱਡਕੇ ਮੋਟਰ ਸਾਈਕਲ ਪਿੱਛੇ ਬੈਠ ਕੇ ਨਿਕਲ ਗਿਆ। ਕਿਸਾਨ ਆਗੂਆਂ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਉਹ ਕਿਸਾਨ ਮੰਗਾਂ ਦੇ ਸਬੰਧ ਵਿੱਚ ਸੁਆਲ ਪੁੱਛਣਾ ਚਾਹੁੰਦੇ ਸਨ।
ਇਸ ਮੁਜਾਹਰੇ ਦੀ ਅਗਵਾਈ ਕੁੱਲ ਹਿੰਦ ਕਿਸਾਨ ਸਭਾ ਵਲੋਂ ਕਾ ਚਮਨ ਲਾਲ ਘੋ, ਜਮਹੂਰੀ ਕਿਸਾਨ ਸਭਾ ਵਲੋਂ ਬਲਵੰਤ ਸਿੰਘ ਘੋ, ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਵਲੋਂ ਆਈ ਐਸ ਗੁਲਾਟੀ ਕਰ ਰਹੇ ਸਨ। ਇਸ ਵਕਤ ਉਹਨਾਂ ਨਾਲ ਪਰਸ਼ੋਤਮ ਕੁਮਾਰ, ਸੁਧਾ ਰਾਣੀ, ਪ੍ਰਸ਼ੋਤਮ ਡਡਵਾ, ਕੇਵਲ ਕਾਲੀਆ, ਬਲਬੀਰ ਸਿੰਘ, ਨਿਰੰਜਨ ਸਿੰਘ, ਜਸਵੰਤ ਸਿੰਘ, ਰਣਜੀਤ ਸਿੰਘ, ਨਿਸ਼ੂ ਸ਼ਰਮਾ, ਅਸ਼ੋਕ ਕੁਮਾਰ ਹਾਜਰ ਸਨ।
ਆਗੂਆਂ ਨੇ ਕਿਹਾ ਕਿ ਭਾਜਪਾ ਉਮੀਦਵਾਰ ਦਾ ਕਿਸਾਨ ਇਸ ਕਰਕੇ ਵਿਰੋਧ ਕਰ ਰਹੇ ਹਨ ਕਿ ਦਿੱਲੀ ਮੋਰਚੇ ਤੋਂ ਬਾਅਦ ਹੋਏ ਸਮਝੌਤੇ ਤੋਂ ਸਰਕਾਰ ਮੁਕਰ ਗਈ ਹੈ। ਉਸ ਸਮਝੌਤੇ ਨੂੰ ਲਾਗੂ ਨਹੀਂ ਕਰ ਰਹੀ। ਉਹਨਾਂ ਕਿਹਾ ਕਿ ਕਿਸਾਨ ਮੰਗ ਕਰਦੇ ਹਨ ਕਿ ਐੱਮਐੱਸਪੀ ਨੂੰ ਕਨੂੰਨੀ ਦਰਜਾ ਦੇ ਕੇ ਲਾਗੂ ਕੀਤਾ ਜਾਵੇ। ਮਜ਼ਦੂਰਾਂ ਤੇ ਕਿਸਾਨਾਂ ਦੇ ਕਰਜ਼ੇ ਰੱਦ ਕੀਤੇ ਜਾਣ। ਬਿਜਲੀ ਬਿਲ 2022 ਰੱਦ ਕੀਤਾ ਜਾਵੇ। ਲਖੀਮਪੁਰ ਖੀਰੀ ਵਿਚ ਕਿਸਾਨਾਂ ਤੇ ਪੱਤਰਕਾਰ ਦੇ ਕਾਤਲਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ। ਕਿਸਾਨ ਮੋਰਚੇ ਦੇ ਸ਼ਹੀਦ ਸ਼ੁਭਕਰਨ ਦੇ ਕਾਤਲਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਕਿਸਾਨਾਂ ਨੂੰ ਇਨਸਾਫ ਨਾ ਦਿੱਤਾ ਗਿਆ। ਤਾਂ ਭਾਜਪਾ ਉਮੀਦਵਾਰ ਨੂੰ ਪਿੰਡਾਂ ਵਿੱਚ ਵੜਨ ਨਹੀਂ ਦਿੱਤਾ ਜਾਵੇਗਾ। ਉਹਨਾਂ ਨੂੰ ਸੁਆਲ ਕੀਤੇ ਜਾਣਗੇ ਤੇ ਉਹਨਾਂ ਦਾ ਹਰ ਪਿੰਡ ਵਿੱਚ ਘਿਰਾਓ ਕੀਤਾ ਜਾਵੇਗਾ।

Comments
Post a Comment