ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ ਤਹਿਤ ਅਜਨਾਲਾ ਦੇ ਬਜ਼ਾਰਾਂ ’ਚ ਕੀਤਾ ਮਾਰਚ
ਅਜਨਾਲਾ: ਸੰਯੁਕਤ ਕਿਸਾਨ ਮੋਰਚਾ ’ਚ ਸ਼ਾਮਲ ਕਿਸਾਨ-ਮਜ਼ਦੂਰ ਜਥੇਬੰਦੀਆਂ ਦੇ ਸੈਕੜੇ ਕਾਰਕੁਨਾਂ ਤੇ ਹਮਦਰਦਾਂ ਵੱਲੋਂ "ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ" ਦੇ ਨਾਅਰੇ ਥੱਲੇ ਅਜਨਾਲਾ ਦੇ ਸਮੁੱਚੇ ਬਜਾਰਾਂ ਫਤਿਹਗੜ੍ਹ ਚੂੜੀਆਂ ਰੋਡ, ਡੇਰਾ ਬਾਬਾ ਨਾਨਕ ਰੋਡ, ਪੁਰਾਣੀ ਸਬਜ਼ੀ ਮੰਡੀ ਬਾਈਪਾਸ ਰੋਡ, ਚੋਗਾਵਾਂ ਰੋਡ, ਅੰਮ੍ਰਿਤਸਰ ਰੋਡ ਦੇ ਬਜ਼ਾਰਾਂ ’ਚ ਐੱਸਕੇਐੱਮ ਦੇ ਪ੍ਰਮੁਖ ਆਗੂ ਤੇ ਜਮੂਹਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੀਨੀਅਰ ਆਗੂ ਧਨਵੰਤ ਸਿੰਘ ਖਤਰਾਏ ਕਲਾ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਪ੍ਰਮੁਖ ਆਗੂ ਸੁਖਦੇਵ ਸਿੰਘ ਸੈਸਰਾਂ ਦੀ ਅਗਵਾਈ ਹੇਠ ਥਾਂ-ਥਾਂ ਚੌਕਾਂ ’ਚ ਦੁਕਾਨਦਾਰਾਂ-ਸ਼ਹਿਰੀਆਂ ਤੇ ਇਲਾਕਾ ਨਿਵਾਸਿਆਂ ਨੂੰ ਸੰਬੋਧਨ ਕਰਦਿਆਂ ਜੋਰਦਾਰ ਅਪੀਲ ਕੀਤੀ।
ਆਗੂਆਂ ਨੇ ਇਹਨਾਂ ਪਾਰਲੀਮੈਂਟ ਚੋਣਾਂ ਵਿੱਚ "ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ" ਦਾ ਸੱਦਾ ਦਿੱਤਾ। ਆਗੂਆਂ ਨੇ ਕਿਹਾ ਕਿ ਇਸ ਨਾਅਰੇ ਤਹਿਤ ਦੇਸ਼ ਦੀ ਜਮੂਹਰੀਅਤ, ਸੰਵਿਧਾਨ, ਫੈਡਰਲਇਜ਼ਮ (ਸੰਘੀ ਢਾਂਚਾ) ਅਤੇ ਦੇਸ਼ ਦੀ ਏਕਤਾ ਤੇ ਅਖੰਡਤਾਂ ਨੂੰ ਬਚਾਉਣ ਲਈ ਮੋਦੀ ਸਰਕਾਰ ਨੂੰ ਹਰਾਇਆ ਜਾਵੇ। ਦੁਕਾਨਦਾਰਾਂ ਨੇ ਪ੍ਰਦਸ਼ਨਕਾਰੀਆਂ ਨੂੰ ਹੱਥ ਹਿਲਾ ਕੇ ਭਰਵਾਂ ਹੁੰਗਾਰਾ ਦਿੱਤਾ। ਪ੍ਰਦਰਸ਼ਨਕਾਰੀ ਨੇ ਅੰਤ ’ਚ ਪੁਰਾਣੇ ਡਾਕਖਾਨਾ ਬਜ਼ਾਰ ਵਿੱਚੋਂ ਨਾਅਰੇ ਮਾਰਦੇ ਹੋਏ ਭਾਜਪਾ ਦੇ ਸੂਬਾਈ ਭਾਜਪਾ ਆਗੂ ਅਮਰਪਾਲ ਸਿੰਘ ਬੋਨੀ ਦੇ ਘਰ-ਦਫਤਰ ਅੱਗੇ ਐੱਸਕੇਐੱਮ ਦੇ 11 ਸੂਤਰੀ ਸਵਾਲਾਂ ਦਾ ਜਵਾਬ ਲੈਣ ਲਈ ਪਹੁੰਚੇ ਪਰ ਉਥੇ ਕੋਈ ਵੀ ਭਾਜਪਾ ਆਗੂ ਨਾ ਮਿਲਣ ਕਾਰਨ ਪ੍ਰਦਰਸ਼ਨਕਾਰੀਆਂ ਨੇ ਭਾਜਪਾ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।
ਮੁਜ਼ਹਾਰਾਕਾਰੀਆਂ ਵਿੱਚ ਹੋਰਨਾਂ ਤੋਂ ਇਲਾਵਾ ਕਾਬਲ ਸਿੰਘ ਛੀਨਾਂ, ਸੁੱਖ ਲੱਲਾ ਅਫਗਾਨਾ, ਭੋਲਾ ਸਿੰਘ ਧਾਰੀਵਾਲ, ਬਲਵਿੰਦਰ ਸਿੰਘ ਪੰਜ ਗਰਾਈਆਂ, ਹਰਪਾਲ ਸਿੰਘ ਤੇ ਦਵਿੰਦਰ ਸਿੰਘ ਛੀਨਾਂ, ਸਤਨਾਮ ਸਿੰਘ ਝੰਡੇਰ ਆਦਿ ਨੇ ਵੀ ਵੱਖ-ਵੱਖ ਬਜ਼ਾਰਾਂ ਵਿੱਚ ਮੁਜਹਾਰੇ ਨੂੰ ਸੰਬੋਧਨ ਕੀਤਾ ਅਤੇ ਭਾਜਪਾ ਨੂੰ ਚਲਦਾ ਕਰਨ ਦਾ ਹੋਕਾ ਦਿੱਤਾ।

Comments
Post a Comment