ਸੂਬਾ ਪ੍ਰਧਾਨ ਦੀ ਅਗਵਾਈ ਹੇਠ ਵਿਰੋਧ ਪ੍ਰਦਰਸ਼ਨ ਕਰਨ ਜਾ ਰਿਹਾ ਜਥਾ ਪੁਲੀਸ ਨੇ ਕੀਤਾ ਗ੍ਰਿਫਤਾਰ
ਗੁਰਦਾਸਪੁਰ: ਭਾਰਤੀ ਜਨਤਾ ਪਾਰਟੀ ਵੱਲੋਂ ਲੋਕ ਸਭਾ ਹਲਕਾ ਗੁਰਦਾਸਪੁਰ ਅੰਦਰ ਦੀਨਾਨਗਰ ਵਿਖੇ ਕੀਤੀ ਜਾ ਰਹੀ ਰੈਲੀ, ਜਿਸ ਨੂੰ ਸੰਬੋਧਨ ਕਰਨ ਲਈ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਸੰਬੋਧਨ ਕਰਨ ਆ ਰਹੇ ਸਨ। ਇਸਦਾ ਵਿਰੋਧ ਕਰਨ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ, ਪੰਜਾਬ ਕਿਸਾਨ ਯੂਨੀਅਨ ਦੇ ਆਗੂ ਮੰਗਲ ਸਿੰਘ ਧਰਮਕੋਟ ਦੀ ਅਗਵਾਈ ਹੇਠ ਕਿਸਾਨਾਂ ਦਾ ਜਥਾ ਟ੍ਰੇਨ ਰਾਹੀਂ ਦੀਨਾਨਗਰ ਜਾ ਰਿਹਾ ਸੀ। ਇਸ ਜਥੇ ਨੂੰ ਗੁਰਦਾਸਪੁਰ ਪੁਲਿਸ ਵੱਲੋਂ ਭਾਰੀ ਜੱਦੋ ਜਹਿਦ ਤੋਂ ਬਾਅਦ ਹਿਰਾਸਤ ਵਿੱਚ ਲੈ ਲਿਆ ਗਿਆ। ਕਿਸਾਨ ਕਾਰਕੁੰਨਾਂ ਵੱਲੋਂ ਆਗੂਆਂ ਦੀ ਅਗਵਾਈ ਹੇਠ ਗੁਰਦਾਸਪੁਰ ਰੇਲਵੇ ਸਟੇਸ਼ਨ ਤੇ ਰੋਸ ਧਰਨਾ ਸ਼ੁਰੂ ਕਰ ਦਿੱਤਾ ਗਿਆ।
ਇਸ ਮੌਕੇ ਡਾਕਟਰ ਸਤਨਾਮ ਸਿੰਘ ਅਜਨਾਲਾ, ਬਲਬੀਰ ਸਿੰਘ ਮੂਧਲ ਨੇ ਕਿਹਾ ਕਿ ਦੇਸ਼ ਅੰਦਰ ਬੀਜੇਪੀ ਨੂੰ ਪਛਾੜ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਕਿਸਾਨਾਂ ਮਜ਼ਦੂਰਾਂ ਸਮੇਤ ਦੇਸ਼ ਦਾ ਹਰ ਵਰਗ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਤੰਗ ਹੈ। ਉਨ੍ਹਾਂ ਕਿਹਾ ਕਿ ਦਿੱਲੀ ਅੰਦੋਲਨ ਮੁਲਤਵੀ ਕਰਨ ਸਮੇਂ ਹਰ ਫਸਲ ਦਾ ਘੱਟੋ-ਘੱਟ ਸਮਰਥਨ ਮੁੱਲ ਦੇਣ, ਉਸ ਉੱਪਰ ਕਿਸਾਨਾਂ ਦੀਆਂ ਜਥੇਬੰਦੀਆਂ ਦੇ ਨੁਮਾਇੰਦਿਆਂ ਤੇ ਅਧਾਰਿਤ ਕਮੇਟੀ ਬਣਾਉਣ, ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਇਨਸਾਫ ਦਿਵਾਉਣ, ਕੇਂਦਰੀ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਗ੍ਰਿਫਤਾਰ ਕਰਨ ਦਾ ਵਾਅਦਾ ਕੀਤਾ ਸੀ ਪ੍ਰੰਤੂ ਕੋਈ ਵੀ ਵਾਅਦਾ ਵਫਾ ਨਹੀਂ ਹੋਇਆ ਜਿਸ ਵਿਰੋਧ ਕਰਨ ਲਈ ਮੋਦੀ ਵਾਪਸ ਜਾਓ ਦਾ ਨਾਅਰਾ ਦਿੱਤਾ ਸੀ ਜਿਸ ਨੂੰ ਲਾਗੂ ਕਰਨ ਲਈ ਅੱਜ ਦੀਨਾਨਗਰ ਪਹੁੰਚਣ ਦਾ ਪ੍ਰੋਗਰਾਮ ਉਲੀਕਿਆ ਸੀ ਪਰ ਪੁਲਸ ਵੱਲੋਂ ਜਥੇ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।
ਹਿਰਾਸਤ ਵਿੱਚ ਲਏ ਆਗੂਆਂ ਵਿੱਚ ਹਰਪ੍ਰੀਤ ਸਿੰਘ ਬੁਟਾਰੀ, ਧਿਆਨ ਸਿੰਘ ਠਾਕੁਰ, ਟਹਿਲ ਸਿੰਘ ਚੇਤਨਪੁਰਾ, ਸੱਜਣ ਸਿੰਘ ਤਿੰਮੋਵਾਲ, ਮਾਨ ਸਿੰਘ ਮੁਹਾਵਾ, ਹਰਭਜਨ ਸਿੰਘ ਫੇਰੂਮਾਨ, ਮੰਗਲ ਸਿੰਘ ਟੌਂਗ, ਗੁਰਜੰਟ ਸਿੰਘ ਮੁੱਛਲ, ਬੀਬੀ ਅਜੀਤ ਕੌਰ ਕੋਟ ਰਜਾਦਾ, ਹਰਨੇਕ ਸਿੰਘ ਨੇਪਾਲ, ਰਜਿੰਦਰ ਸਿੰਘ ਭਲਾ ਪਿੰਡ ਸ਼ਰਨਜੀਤ ਸਿੰਘ ਅਟਾਰੀ ਗੁਰਜੀਤ ਸਿੰਘ ਦਬੁਰਜੀ, ਗੁਰਦੀਪ ਸਿੰਘ ਲੋਹਗੜ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਗੁਰਨਾਮ ਸਿੰਘ ਭਿੰਡਰ, ਬਲਜੀਤ ਸਿੰਘ ਡੇਅਰੀਵਾਲਾ ਆਦਿ ਹਾਜ਼ਰ ਸਨ।

Comments
Post a Comment