ਭਿੰਡੀ ਸੈਦਾ ‘ਚ ਐੱਸਕੇਐੱਮ ਨੇ ਭਾਜਪਾ ਉਮੀਦਵਾਰ ਦਾ ਸਵਾਲ ਕਰਦਿਆਂ ਕੀਤੈ ਵਿਰੋਧ
ਅਜਨਾਲਾ: ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਸਰਹੱਦੀ ਕਸਬਾ ਭਿੰਡੀ ਸੈਦਾ ਵਿਖੇ ਇਕ ਚੋਣ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ ਭਾਜਪਾ ਦੇ ਅੰਮ੍ਰਿਤਸਰ ਤੋਂ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਦਾ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਰੈਲੀ ਵਾਲੀ ਜਗਾ ’ਤੇ ਪਹੁੰਚ ਕੇ ਡਟਵਾਂ ਵਿਰੋਧ ਕੀਤਾ ਅਤੇ ਭਾਜਪਾ ਭਜਾਓ, ਦੇਸ਼ ਬਚਾਓ ਦੇ ਨਾਅਰੇ ਲਗਾਏ ਗਏ।
ਇਸ ਮੌਕੇ ਐੱਸਕੇਐੱਮ ਦੇ ਆਗੂ ਡਾ. ਸਤਨਾਮ ਸਿੰਘ ਅਜਨਾਲਾ, ਜਤਿੰਦਰ ਸਿੰਘ ਛੀਨਾ ਅਤੇ ਧਨਵੰਤ ਸਿੰਘ ਖਤਰਾਏ ਕਲਾਂ ਨੇ ਆਪਣੇ ਭਾਸ਼ਣ ’ਚ ਭਾਜਪਾ ਉਮੀਦਵਾਰ ਤੋਂ ਜਵਾਬ ਮੰਗਦਿਆਂ ਕਿਹਾ ਕਿ ਕਿਸਾਨੀ ਅੰਦੋਲਨ ਸਮੇ ਕਿਸਾਨਾਂ ਸਾਹਮਣੇ ਕਿੱਲ, ਬੈਰੀਕੇਡ, ਅਥਰੂ ਗੈਸ ਅਤੇ ਗੋਲੀਆਂ ਦੀ ਵਰਤੋਂ ਕਿਉਂ ਕੀਤੀ, ਨੌਜਵਾਨ ਕਿਸਾਨ ਸ਼ੁਭਕਰਨ ਨੂੰ ਗੋਲੀ ਮਾਰ ਕੇ ਸ਼ਹੀਦ ਕਰਨ ਤੇ 400 ਕਿਸਾਨ ਫੱਟੜ ਕਰਨ ਤੋਂ ਇਲਾਵਾ ਕਿਸਾਨਾਂ ਦੇ ਟਰੈਕਟਰ ਕਿਉਂ ਭੰਨੇ, ਲਖੀਮਪੁਰ ਖੀਰੀ ਦੇ ਕਾਤਲਾਂ ਨੂੰ ਫੜ ਕੇ ਜੇਲ੍ਹਾਂ ’ਚ ਡੱਕਣ ਦੀ ਬਜਾਏ ਅਜੇ ਮਿਸ਼ਰਾ ਟੈਨੀ ਨੂੰ ਸਰਕਾਰੀ ਪਨਾਹ ਦੇ ਕੇ ਮੰਤਰੀ ਮੰਡਲ ’ਚ ਕਿਉਂ ਰੱਖਿਆ, ਕਿਸਾਨੀ ਅੰਦੋਲਨ ’ਚ ਕਿਸਾਨਾਂ ’ਤੇ ਦਰਜ ਕੀਤੇ ਪਰਚੇ ਰੱਦ ਕਿਉਂ ਨਹੀਂ ਕੀਤੇ ਅਤੇ ਬਿਜਲੀ ਸੋਧ ਬਿੱਲ 2020 ਵਾਅਦਾ ਖ਼ਿਲਾਫ਼ੀ ਕਰਕੇ ਪਾਰਲੀਮੈਂਟ ’ਚ ਕਿਉਂ ਪੇਸ਼ ਕੀਤਾ ਗਿਆ।
ਇਸ ਮੌਕੇ ਸੁਖਦੇਵ ਸਿੰਘ ਸੇਸਰਾਂ, ਰਣਜੀਤ ਸਿੰਘ ਮੁਹਾਰ, ਸਤਵਿੰਦਰ ਸਿੰਘ ਉਠੀਆਂ, ਦਵਿੰਦਰ ਸਿੰਘ ਗਿੱਲ ਭਿੰਡੀ ਸੈਦਾ, ਮੇਜਰ ਸਿੰਘ ਸੰਤੂਨੰਗਲ ਭਿੰਡੀ ਸੈਦਾ, ਹਰਪਾਲ ਸਿੰਘ ਛੀਨਾ, ਅਵਤਾਰ ਸਿੰਘ ਛੀਨਾ, ਸੁਖਵਿੰਦਰ ਸਿੰਘ ਕਿਆਪੁਰ, ਬਲਬੀਰ ਸਿੰਘ ਮੂਧਲ, ਮੇਜਰ ਸਿੰਘ ਕੜਿਆਲ, ਦੇਸਾ ਸਿੰਘ ਅਤੇ ਸੁੱਚਾ ਸਿੰਘ ਘੋਗਾ ਆਦਿ ਹਾਜ਼ਰ ਸਨ।

Comments
Post a Comment