ਜਮਹੂਰੀ ਕਿਸਾਨ ਸਭਾ ਪੰਜਾਬ ਨੇ ਯੂਨਿਟ ਟੂਸੇ ਦਾ ਕੀਤਾ ਗਠਨ
ਸੁਧਾਰ: ਜਮਹੂਰੀ ਕਿਸਾਨ ਸਭਾ ਪੰਜਾਬ ਨੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਟੂਸੇ ’ਚ ਚੋਣ ਮੀਟਿੰਗ ਕੀਤੀ। ਜਿਸ ਵਿੱਚ ਸਰਬਸੰਮਤੀ ਨਾਲ ਜਸਵੰਤ ਸਿੰਘ ਪ੍ਰਧਾਨ, ਸਾਬਕਾ ਸਰਪੰਚ ਜਸਵੀਰ ਸਿੰਘ ਸਕੱਤਰ, ਸੁਖਦੇਵ ਸਿੰਘ ਖ਼ਜ਼ਾਨਚੀ, ਡੋਗਰ ਸਿੰਘ ਮੀਤ ਪ੍ਰਧਾਨ, ਹਰਜਿੰਦਰ ਸਿੰਘ ਮੀਤ ਸਕੱਤਰ ਸਮੇਤ ਗਿਆਰਾਂ ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ।
ਇਸ ਮੌਕੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਅਤੇ ਅਮਰੀਕ ਸਿੰਘ ਜੜਤੌਲੀ ਨੇ ਨਵੀਂ ਚੁਣੀ ਕਮੇਟੀ ਨੂੰ ਵਧਾਈ ਦਿੰਦਿਆਂ ਆਖਿਆ ਕਿ ਜਿੱਥੇ ਇਹ ਕਮੇਟੀ ਕਿਸਾਨਾਂ ਦੀਆਂ ਮੰਗਾਂ ਮੁਸ਼ਕਲਾਂ ਦੇ ਹੱਲ ਲਈ ਸਹਾਈ ਹੋਵੇਗੀ, ਉੱਥੇ ਇਲਾਕੇ ਵਿੱਚ ਜਮਹੂਰੀ ਕਿਸਾਨ ਸਭਾ ਪੰਜਾਬ ਦੀ ਜਥੇਬੰਦਕ ਤਾਕਤ ਨੂੰ ਵੀ ਹੋਰ ਮਜ਼ਬੂਤ ਕਰੇਗੀ। ਆਗੂਆਂ ਨੇ ਆਖਿਆ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਗਰਾਓ ਵਿਖੇ ਕੀਤੀ ਜਾ ਰਹੀ ਕਿਸਾਨ ਮਹਾਂ ਪੰਚਾਇਤ ਇੱਕ ਨਵਾਂ ਇਤਿਹਾਸ ਸਿਰਜੇਗੀ। ਜਿਸ ਨਾਲ ਸੰਘਰਸ਼ ਕਰ ਰਹੇ ਲੋਕਾਂ ਨੂੰ ਹੋਰ ਬਲ ਮਿਲੇਗਾ।
ਉਹਨਾਂ ਆਖਿਆ ਕਿ ਭਾਜਪਾ ਲਈ ਵੋਟਾਂ ਮੰਗਣ ਆਏ ਲੋਕ ਸਭਾ ਦੇ ਉਮੀਦਵਾਰਾ ਨੂੰ ਚੌਕ ਚੁਰਾਹੇ ਵਿੱਚ ਸਵਾਲ ਕਰਨ ਅਤੇ ਉਹਨਾਂ ਦੇ ਵਿਰੋਧ ਦਾ ਸਿਲਸਿਲਾ ਜਾਰੀ ਰਹੇਗਾ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਭਾਜਪਾ ਦੇ ਫੁੱਟ ਪਾਊ ਏਜੰਡੇ ਤੋਂ ਸੁਚੇਤ ਰਿਹਾ ਜਾਵੇ ਅਤੇ ਉਸ ਨੂੰ ਚੋਣਾਂ ਵਿੱਚ ਕਰਾਰੀ ਹਾਰ ਦਿੱਤੀ ਜਾਵੇ। ਨਵੀਂ ਚੁਣੀ ਕਮੇਟੀ ਨੇ ਭਰੋਸਾ ਦਿਵਾਇਆ ਕਿ ਉਹ ਸਭਾ ਦੇ ਹਰ ਫੈਸਲੇ ਨੂੰ ਪੂਰੀ ਤਨਦੇਹੀ ਨਾਲ ਲਾਗੂ ਕਰਨਗੇ।
ਇਸ ਮੌਕੇ ਹੋਰਨਾ ਤੋਂ ਇਲਾਵਾ ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਗੁਰਉਪਦੇਸ਼ ਸਿੰਘ ਘੁੰਗਰਾਣਾ, ਨਛੱਤਰ ਸਿੰਘ, ਕੁਲਦੀਪ ਸਿੰਘ ਪੱਖੋਵਾਲ, ਅਮਰ ਸਿੰਘ, ਸੁਰੇਸ਼ ਕੁਮਾਰ ਆਦਿ ਹਾਜ਼ਰ ਸਨ।

Comments
Post a Comment