ਜਮਹੂਰੀ ਕਿਸਾਨ ਸਭਾ ਨੇ ਚੋਣਾਂ ‘ਚ ਭਾਜਪਾ ਤੇ ਉਸ ਦੇ ਭਾਈਵਾਲ਼ਾਂ ਦੇ ਵਿਰੋਧ ਦਾ ਕੀਤਾ ਫੈਸਲਾ
ਜਲੰਧਰ: ਜਮਹੂਰੀ ਕਿਸਾਨ ਸਭਾ ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ ਡਾ. ਸਤਨਾਮ ਸਿੰਘ ਅਜਨਾਲਾ ਦੀ ਪ੍ਰਧਾਨਗੀ ਹੇਠ ਸਭਾ ਦੇ ਸੂਬਾਈ ਦਫਤਰ ਸ਼ਹੀਦ ਸਰਵਨ ਸਿੰਘ ਚੀਮਾ ਭਵਨ ਗੜ੍ਹਾ ਜਲੰਧਰ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾਈ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਆਖਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਆਉਣ ਵਾਲੀਆਂ ਆਮ ਚੋਣਾਂ ਵਿੱਚ ਭਾਜਪਾ ਅਤੇ ਉਸ ਦੀਆਂ ਭਾਈਵਾਲ ਪਾਰਟੀਆ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਦੇਸ਼ ਦੇ ਮਜ਼ਦੂਰਾਂ ਕਿਸਾਨਾਂ ਦੇ ਹਿਤਾਂ ਦੀ ਰਾਖੀ ਲਈ ਭਾਜਪਾ ਨੂੰ ਸੱਤਾ ਤੋਂ ਬਾਹਰ ਕਰਨਾ ਅਤੀ ਜ਼ਰੂਰੀ ਹੈ। ਉਹਨਾਂ ਆਖਿਆ ਕਿ ਸੂਬਾ ਸਰਕਾਰ ਵੱਲੋ 9 ਕਾਰਪੋਰੇਟ ਨੂੰ ਕਣਕ ਖ਼ਰੀਦਣ ਦਾ ਦਿੱਤਾ ਫੈਸਲਾ ਵਾਪਸ ਲੈਣ ਤੇ ਮੁਹਾਲੀ ਵਿਖੇ ਕੀਤੀ ਜਾਣ ਵਾਲੀ 8 ਅਪ੍ਰੈਲ ਦੀ ਰੈਲੀ ਰੱਦ ਕਰ ਦਿੱਤੀ ਹੈ। ਉਹਨਾਂ ਇਹ ਫੈਸਲਾ ਵਾਪਸ ਲੈਣ ਨੂੰ ਕਿਸਾਨਾਂ ਦੀ ਜਿੱਤ ਆਖਿਆ ਹੈ। ਉਹਨਾਂ ਕਿਹਾ ਕਿ ਗਦਰ ਪਾਰਟੀ ਦੇ ਸੰਥਾਪਨਾ ਦਿਵਸ ਮੌਕੇ 21 ਅਪ੍ਰੈਲ ਨੂੰ ਦੇਸ਼ ਭਗਤ ਯਾਦਗਾਰ ਹਾਲ ਵਿੱਚ ਕੀਤੀ ਜਾ ਰਹੀ ਵਿਚਾਰ ਚਰਚਾ ਜਿਸ ਦਾ ਵਿਸ਼ਾ “ਕਿਸਾਨ ਸੰਕਟ, ਇਤਿਹਾਸ ਅਤੇ ਸਮਕਾਲ” ਇਸ ਦੇ ਮੁੱਖ ਬੁਲਾਰੇ ਦੇਵਿੰਦਰ ਸ਼ਰਮਾ ਹਨ, ਵਿੱਚ ਜਮਹੂਰੀ ਕਿਸਾਨ ਸਭਾ ਪੰਜਾਬ ਸ਼ਮੂਲੀਅਤ ਕਰੇਗੀ। ਮੀਟਿੰਗ ਦੇ ਫੈਸਲੇ ਪ੍ਰੈਸ ਨੂੰ ਜਾਰੀ ਕਰਦਿਆਂ ਪ੍ਰੈਸ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਦੱਸਿਆ ਕਿ ਨਹਿਰੀ ਪਾਣੀ ਦੀ ਵਰਤੋ, ਪਾਣੀਆਂ ਨੂੰ ਦੂਸ਼ਤ ਹੋਣ ਤੋਂ ਬਚਾਉਣ, ਬੁੱਢੇ ਨਾਲੇ ਦੀ ਸਫ਼ਾਈ, ਦਰਿਆਵਾਂ ਦੇ ਬੰਨਾ ਦੀ ਮੁਰੰਮਤ, ਨਹਿਰਾਂ, ਸੂਏਆ, ਕੱਸੀਆਂ ਦੀ ਸਫ਼ਾਈ ਲਈ , ਸਮਾਰਟ ਮੀਟਰਾਂ ਨੂੰ ਲਗਾਉਣ ਦੇ ਵਿਰੁੱਧ 12 ਅਪ੍ਰੈਲ ਨੂੰ ਅੰਮ੍ਰਿਤਸਰ ਸਾਹਿਬ ਅਤੇ ਪਟਿਆਲ਼ਾ ਅਤੇ 15 ਅਪ੍ਰੈਲ ਨੂੰ ਸਿਧਵਾ ਬੇਟ ਵਿਖੇ ਧਰਨੇ ਮਾਰੇ ਜਾਣਗੇ। 21 ਮਈ ਨੂੰ ਜਗਰਾਉ ਵਿਖੇ ਵਿਸ਼ਾਲ ਰੈਲੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤੀ ਜਾਵੇਗੀ। ਜਿਸ ਲਈ ਜਮਹੂਰੀ ਕਿਸਾਨ ਸਭਾ ਪੰਜਾਬ ਨੇ ਹੁਣ ਤੋਂ ਹੀ ਤਿਆਰੀ ਵਿੱਢ ਦਿੱਤੀ ਹੈ।

Comments
Post a Comment