ਐੱਸਈ ਨਹਿਰੀ ਵਿਭਾਗ ਨੂੰ ਮਿਲੇ ਜਮਹੂਰੀ ਕਿਸਾਨ ਸਭਾ ਦੇ ਆਗੂ
ਅੰਮ੍ਰਿਤਸਰ: ਜਮਹੂਰੀ ਕਿਸਾਨ ਸਭਾ ਪੰਜਾਬ ਦਾ ਵਫਦ ਸੂਬਾ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ ਅਤੇ ਸੂਬਾਈ ਮੀਤ ਪ੍ਰਧਾਨ ਸਾਥੀ ਰਤਨ ਸਿੰਘ ਰੰਧਾਵਾ ਦੀ ਅਗਵਾਈ ਹੇਠ ਐੱਸਈ ਨਹਿਰੀ ਵਿਭਾਗ ਸ਼੍ਰੀ ਕੁਲਵਿੰਦਰ ਸਿੰਘ ਨੂੰ ਮਿਲਿਆ। ਵਫਦ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਆਗੂ ਹਰਜੀਤ ਸਿੰਘ ਕਾਹਲੋਂ, ਸਰਦੂਲ ਸਿੰਘ ਬਰੀਲਾ, ਸੂਬਾਈ ਵਿੱਤ ਸਕੱਤਰ ਹਰਪ੍ਰੀਤ ਸਿੰਘ ਬੁਟਾਰੀ, ਮੁਖਤਾਰ ਸਿੰਘ ਮੱਲਾ ਅਤੇ ਹੋਰ ਸਾਥੀ ਸ਼ਾਮਲ ਸਨ।
ਇਸ ਮੌਕੇ ਵਫਦ ਨੇ ਮੰਗ ਕੀਤੀ ਕਿ ਧਰਤੀ ਹੇਠਲਾ ਪਾਣੀ ਨੂੰ ਬਚਾਉਣ ਲਈ ਨਹਿਰੀ ਪਾਣੀ ਹਰ ਖੇਤ ਤੱਕ ਪੁਜਦਾ ਕੀਤਾ ਜਾਵੇ, ਨਹਿਰਾਂ, ਰਜਬਾਹਿਆਂ, ਖਾਲਾਂ ਦੀ ਮੁਰੰਮਤ ਕੀਤੀ ਜਾਵੇ, ਅੱਪਰਬਾਰੀ ਦੁਆਬ ਨਹਿਰ ਦੀ ਸਮਰੱਥਾ 12000 ਕਿਊਸਿਕ ਤੱਕ ਵਧਾਈ ਜਾਵੇ, ਭੀਮਪੁਰ ਇਜੈਕਰ ਤੋਂ ਬਿਆਸ ਦਰਿਆ ਵਿੱਚ ਪਾਇਆ ਜਾ ਰਿਹਾ ਪਾਣੀ ਤੁਰੰਤ ਬੰਦ ਕੀਤਾ ਜਾਵੇ, ਸੁਜਾਨਪੁਰ ਅਤੇ ਪਠਾਨਕੋਟ ਸ਼ਹਿਰਾਂ ਦਾ ਸੀਵਰੇਜ ਦਾ ਪਾਣੀ ਨਹਿਰ ਵਿੱਚ ਪਾਉਣਾ ਤੁਰੰਤ ਬੰਦ ਕੀਤਾ ਜਾਵੇ, ਨਵੀਂਆਂ ਨਹਿਰਾਂ, ਰਜਬਾਹਿਆਂ, ਖਾਲਾਂ ਦੀ ਉਸਾਰੀ ਕੀਤੀ ਜਾਵੇ, ਕੱਕੜ ਰਾਣੀਆਂ ਤੋਂ ਅੰਮ੍ਰਿਤਸਰ ਤੱਕ ਨਹਿਰ ਕੱਢੀ ਜਾਵੇ, ਕਲਾਨੌਰ ਡਿਸਟ੍ਰੀਬਿਊਟਰੀ ਦੀ ਵਿਸ਼ੇਸ਼ ਸਫਾਈ ਕੀਤੀ ਜਾਵੇ, ਬੱਬੇਹਾਲੀ ਪ੍ਰਾਈਵੇਟ ਬਿਜਲੀ ਕੰਪਨੀ ਨੂੰ ਨਹਿਰੀ ਸ਼ਡਿਊਲਡ ਮੁਤਾਬਕ ਹੀ ਪਾਣੀ ਦਿੱਤਾ ਜਾਵੇ, ਬੰਦ ਪਏ ਰਜਬਾਹੇ ਡਿਆਲ ਭੜੰਗ, ਰਜਧਾਨ ਅਤੇ ਹੋਰ ਤੁਰੰਤ ਚਾਲੂ ਕੀਤੇ ਜਾਣ, ਖਾਰੇ ਮਾਝੇ ਦੇ ਨਹਿਰੀ ਪਾਣੀ ਦੀ ਸਪਲਾਈ 7.5 ਅਤੇ ਬਾਕੀ ਏਰੀਏ ਲਈ 6.5 ਕਿਊਸਿਕ ਪ੍ਰਤੀ ਹਜਾਰ ਏਕੜ ਰਕਬੇ ਲਈ ਕੀਤੀ ਜਾਵੇ, ਪਾਣੀ ਦੀ ਬਰਬਾਦੀ ਰੋਕਣ ਲਈ ਚੈੱਕ ਡੈਮ ਬਣਾਏ ਜਾਣ।
ਐਸਈ ਨੇ ਆਪਣੇ ਅਧਿਕਾਰ ਖੇਤਰ ਵਾਲੀਆਂ ਮੰਗਾਂ ਤੁਰੰਤ ਪੂਰੀਆਂ ਕਰਨ ਅਤੇ ਸਰਕਾਰ ਪੱਧਰ ਦੀਆਂ ਮੰਗਾਂ ਲਈ ਪ੍ਰਿੰਸੀਪਲ ਸਕੱਤਰ ਸਿੰਜਾਈ ਵਿਭਾਗ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ।

Comments
Post a Comment