ਨਾਇਬ ਤਹਿਸੀਲਦਾਰ ਡੇਹਲੋ ਨਾਲ ਕਿਸਾਨਾਂ ਨੇ ਕੀਤੀ ਮੀਟਿੰਗ
ਡੇਹਲੋ: ਸਬ ਤਹਿਸੀਲ ਡੇਹਲੋ ਦੇ ਨਾਇਬ ਤਹਿਸੀਲਦਾਰ ਰਾਮਿੰਦਰਪਾਲ ਸਿੰਘ ਨਾਲ ਕਿਸਾਨਾਂ ਨੇ ਮੀਟਿੰਗ ਕਰਕੇ ਸਬ ਤਹਿਸੀਲ ਡੇਹਲੋ ‘ਚ ਬਲੈਕ ਵਿੱਚ ਵਿਕਦੇ ਅਸ਼ਟਾਮਾਂ ਅਤੇ ਰਜਿਸਟਰੀਆਂ ਆਦਿ ਤਹਿ ਸ਼ੁਦਾ ਖ਼ਰਚਿਆਂ ਤੋਂ ਵੱਧ ਫੀਸ ਵਸੂਲਣ ਵਿਰੁੱਧ ਮੀਟਿੰਗ ਕੀਤੀ। ਮੀਟਿੰਗ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਪੰਜਾਬ ਇਲਾਕਾ ਕਮੇਟੀ ਕਿਲ੍ਹਾ ਰਾਏਪੁਰ ਦੇ ਪ੍ਰਧਾਨ ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਸਕੱਤਰ ਗੁਰਉਪਦੇਸ਼ ਸਿੰਘ ਘੁੰਗਰਾਣਾ ਅਤੇ ਦਫਤਰ ਸਕੱਤਰ ਨਛੱਤਰ ਸਿੰਘ ਨੇ ਕੀਤੀ। ਇਸ ਮੌਕੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਅਮਰੀਕ ਸਿੰਘ ਜੜਤੌਲੀ ਅਤੇ ਸੁਰਜੀਤ ਸਿੰਘ ਸੀਲੋ ਨੇ ਆਖਿਆ ਕਿ ਡੇਹਲੋ ਸਬ ਤਹਿਸੀਲ ‘ਚ ਕੁਝ ਅਸ਼ਟਾਮ ਫ਼ਰੋਸ਼ਾਂ ਵੱਲੋ ਅਸ਼ਟਾਮਾਂ ਦੀ ਕਾਲਾ ਬਜ਼ਾਰੀ ਦਾ ਕੰਮ ਕੀਤਾ ਜਾਂਦਾ ਹੈ। ਕੁੱਝ ਵਸੀਕਾ ਨਵੀਸਾ ਵੱਲੋ ਸਰਕਾਰ ਵਲੋਂ ਮਾਲ ਮਹਿਕਮੇ ਨਾਲ ਸਬੰਧਿਤ ਕੰਮਾਂ ਲਈ ਤਹਿ ਕੀਤੀਆਂ ਫੀਸਾਂ ਤੋਂ ਜ਼ਿਆਦਾ ਫੀਸਾਂ ਵਸੂਲ ਕੀਤੀਆਂ ਜਾ ਰਹੀਆਂ ਹਨ। ਜਿਸ ਕਾਰਨ ਆਮ ਲੋਕਾਂ ਤੇ ਕਿਸਾਨਾਂ ਦੀ ਮਾਲੀ ਲੁੱਟ ਹੋ ਰਹੀ ਹੈ। ਉਹਨਾਂ ਆਖਿਆ ਕਿ ਜੋ ਦਲਾਲ ਕਿਸਮ ਦੇ ਲੋਕ ਨਾਇਬ ਤਹਿਸੀਲਦਾਰ, ਪਟਵਾਰੀਆਂ ਅਤੇ ਹੋਰ ਮੁਲਾਜ਼ਮਾਂ ਦੇ ਨਾਮ ’ਤੇ ਆਮ ਲੋਕਾਂ ਤੋਂ ਪੈਸੇ ਇੱਕਠੇ ਕਰਦੇ ਹਨ, ਉਹਨਾਂ ਦੇ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਆਗੂਆਂ ਨੇ ਆਖਿਆ ਕਿ ਪਟਵਾਰਖ਼ਾਨੇ ਜਾਂ ਤਹਿਸੀਲ ਵਿੱਚ ਕੰਮ ਕਰਵਾਉਣ ਆਏ ਲੋਕਾਂ ਦੇ ਕੰਮ ਜਲਦੀ ਨਾਲ ਕੀਤੇ ਜਾਣ। ਇਸ ਮੌਕੇ ਕਿਸਾਨਾਂ ਨੂੰ ਭਰੋਸਾ ਦਿਵਾਉਂਦਿਆਂ ਨਾਇਬ ਤਹਿਸੀਲਦਾਰ ਰਾਮਿੰਦਰਪਾਲ ਸਿੰਘ ਨੇ ਆਖਿਆ ਕਿ ਉਹ ਕੁੱਝ ਸਮਾਂ ਪਹਿਲਾਂ ਹੀ ਬਦਲ ਕੇ ਆਏ ਹਨ। ਹੁਣ ਉਹ ਕਿਸੇ ਵੀ ਮਾੜੇ ਅਨਸਰ ਨੂੰ ਡੇਹਲੋ ਤਹਿਸੀਲ ‘ਚ ਸਿਰ ਨਹੀਂ ਚੁੱਕਣ ਦੇਣਗੇ। ਉਹਨਾਂ ਕਿਹਾ ਕਿ ਕਿਸੇ ਵੀ ਕਿਸਮ ਦੀ ਰਿਸ਼ਵਤ ਮੰਗਣ ਵਾਲੇ ਮੁਲਾਜ਼ਮ ਤੇ ਦਲਾਲਾਂ ਦੀ ਸ਼ਿਕਾਇਤ ਉਹਨਾਂ ਨੂੰ ਸਿੱਧੀ ਕੀਤੀ ਜਾਵੇ ਤਾਂ ਜੋ ਉਹ ਉਹਨਾਂ ਖ਼ਿਲਾਫ਼ ਕਾਰਵਾਈ ਕਰ ਸਕਣ। ਉਹਨਾਂ ਕਿ ਉਹ ਸਰਕਾਰ ਨੂੰ ਲਿਖਣਗੇ ਕਿ ਡੇਹਲੋ ਸਬ ਤਹਿਸੀਲ ਦੀ ਬਿਲਡਿੰਗ ਨੂੰ ਦੁਬਾਰਾ ਅਪਡੇਟ ਕੀਤਾ ਜਾਵੇ। ਮੀਂਹ ਦੇ ਮੌਸਮ ਮੌਕੇ ਇਸ ਥਾਂ ’ਤੇ ਪਾਣੀ ਭਰ ਜਾਂਦਾ ਹੈ, ਜਿਸ ਨਾਲ ਸਮਾਨ ਸਮੇਤ ਸਾਰਾ ਰਿਕਾਰਡ ਖਰਾਬ ਹੋਣ ਦਾ ਖ਼ਤਰਾ ਰਹਿੰਦਾ ਹੈ। ਇਸ ਮੌਕੇ ਹੋਰਨਾ ਤੋਂ ਇਲਾਵਾ ਕਰਮ ਸਿੰਘ ਗਰੇਵਾਲ, ਬਲਵੀਰ ਸਿੰਘ ਭੁੱਟਾ, ਚਰਨਜੀਤ ਸਿੰਘ ਗਰੇਵਾਲ, ਹਰਮਨਪ੍ਰੀਤ ਸਿੰਘ ਗਰੇਵਾਲ, ਬਲਜੀਤ ਸਿੰਘ ਸਾਇਆ, ਤਰਲੋਚਨ ਸਿੰਘ ਘੁੰਗਰਾਣਾ ਆਦਿ ਹਾਜ਼ਰ ਸਨ।

Comments
Post a Comment