ਪਾਵਰਕੌਮ ਦੇ ਚੀਫ਼ ਇੰਜੀਨੀਅਰ ਨੂੰ ਕਿਸਾਨੀ ਮਸਲਿਆਂ ਸਬੰਧੀ ਮਿਲਿਆ ਵਫ਼ਦ
ਅਮ੍ਰਿੰਤਸਰ: ਜਮੂਹਰੀ ਕਿਸਾਨ ਸਭਾ ਪੰਜਾਬ ਦੀ ਅਗਵਾਈ ਚੇ ਸੈਕੜੇ ਕਿਸਾਨਾਂ, ਮਜ਼ਦੂਰਾਂ ਵਲੋਂ ਘਰੇਲੂ ਅਤੇ ਟਿਊਬਵੈਲਾਂ ਵਾਸਤੇ ਨਿਰਵਿਘਨ ਸਪਲਾਈ ਅਤੇ ਬਿਜਲੀ ਦੇ ਚਿੱਪ ਮੀਟਰ ਲਗਾਉਣ ਵਿਰੁੱਧ ਚੀਫ਼ ਇੰਜੀਨੀਅਰ ਪੰਜਾਬ ਸਟੇਟ ਪਾਵਰਕਾਮ ਅੰਮ੍ਰਿਤਸਰ ਨੂੰ ਦਿੱਤੇ ਗਏ ਮੰਗ ਪੱਤਰ ਅਨੁਸਾਰ ਮੰਗਾਂ ਦੇ ਹੱਲ ਲਈ ਚੀਫ ਇੰਜੀਨੀਅਰ ਨੇ ਜਮੂਹਰੀ ਕਿਸਾਨ ਸਭਾ ਪੰਜਾਬ ਦੇ ਵਫ਼ਦ ਨੂੰ ਗੱਲਬਤ ਲਈ ਬੁਲਾਇਆ। ਵਫ਼ਦ ’ਚ ਸ਼ਾਮਲ ਜਮੂਹਰੀ ਕਿਸਾਨ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਸੂਬਾ ਮੀਤ ਪ੍ਰਧਾਨ ਰਤਨ ਸਿੰਘ ਰੰਧਾਵਾ, ਸੂਬਾ ਕਮੇਟੀ ਮੈਂਬਰਾਂ ਹਰਜੀਤ ਸਿੰਘ ਕਲਾਨੋਰ, ਮੁਖਤਾਰ ਸਿੰਘ ਮੁਹਾਵਾ (ਅੰਮ੍ਰਿਤਸਰ) ਤੇ ਸਰਦੂਲ ਸਿੰਘ ਗੁਰਦਾਸਪੁਰ ਹੋਣਾ ਨੇ ਜ਼ੋਰਦਾਰ ਮੰਗ ਕੀਤੀ ਕਿ ਬਿਜਲੀ ਦੇ ਚਿੱਪ ਮੀਟਰ ਲਗਾਉਣ ਦੀ ਲੋਕ ਵਿਰੋਧੀ ਸਕੀਮ ਨੂੰ ਵਾਪਸ ਲਿਆ ਜਾਵੇ ਕਿਉਂਕਿ ਇਸ ਦੇ ਲਾਗੂ ਹੋਣ ਨਾਲ ਗਰੀਬਾਂ ਕੋਲੋਂ ਬਿਜਲੀ ਦੀ ਸੁਵਿਧਾ ਜਾਂਦੀ ਰਹੇਗੀ। ਵਫ਼ਦ ਨੇ ਬਿਜਲੀ ਸਪਲਾਈ ਦਾ ਢਾਂਚਾ ਡਿੱਗੇ ਤੇ ਟੇਡੇ ਹੋਏ ਖੰਬੇ, ਢਿੱਲੀਆਂ ਤੇ ਪੁਰਾਣੀਆਂ ਤਾਰਾਂ ਬਦਲੀਆਂ ਜਾਣ ਅਤੇ ਸਪਾਰਕ ਕਰਦੇ ਜੀਓ ਸਵਿੱਚ ਵੀ ਬਦਲੇ ਜਾਣ ਦੀ ਮੰਗ ਕੀਤੀ।
ਇਸੇ ਤਰ੍ਹਾਂ ਟਿਊਬਵੈਲ ਦੇ ਕੁਨੈਕਸ਼ਨ ਇੱਕ ਨਾਮ ਤੋਂ ਦੂਜੇ ਨਾਮ ’ਤੇ ਬਦਲਣ ਦੀ ਵਿੱਧੀ ਸਰਲ ਕੀਤੀ ਜਾਵੇ।
ਸਮੂਹ ਆਗੂਆਂ ਨੇ ਦੋਸ਼ ਲਾਇਆ ਕਿ ਸੜੇ ਟਰਾਂਸਫਾਰਮਰ ਬਦਲਣ, ਚੋਰੀ ਹੋਇਆ ਤੇਲ ਬਦਲਣ ਅਤੇ ਟਰਾਂਸਫਾਰਮਰ ਡੀਲੋਡ ਕਰਵਾਉਣ ਲਈ ਬਿਜਲੀ ਦੇ ਕਰਮਚਾਰੀ ਤੇ ਅਧਿਕਾਰੀ ਪੈਸੇ ਲੈਣ ਤੋਂ ਬਗੈਰ ਕੋਈ ਵੀ ਕੰਮ ਨਹੀਂ ਕਰਦੇ ਅਤੇ ਬਿਜਲੀ ਖਪਤਕਾਰਾਂ ਨੂੰ ਖੱਜਲ -ਖੁਵਾਰ ਕਰਦੇ ਹਨ ਜਦ ਕਿ ਟਰਾਂਸਫਾਰਮ 48 ਘੰਟੇ ਵਿੱਚ ਬਦਲਣੇ ਹੁੰਦੇ ਹਨ।
ਡਾ. ਸਤਨਾਮ ਸਿੰਘ ਅਜਨਾਲਾ ਤੇ ਰਤਨ ਸਿੰਘ ਰੰਧਾਵਾ ਨੇ ਕਿਹਾ ਕਿ ਲੋਕ ਵਿਰੋਧੀ ਬਿਜਲੀ ਬਿਲ 2020/22 ਵਾਪਿਸ ਲਿਆ ਜਾਵੇ ਅਤੇ ਨਜਾਇਜ਼ ਜੁਰਮਾਨੇ ਪਾਉਣੇ ਬੰਦ ਕੀਤਾ ਜਾਣ ਅਤੇ ਜੁਰਮਾਨਿਆਂ ਦੀ ਪੜਤਾਲ ਐੱਸਡੀਓ ਪੱਧਰ ’ਤੇ ਹੀ ਕੀਤੀ ਜਾਵੇ। ਸਰਕਾਰ ਦੇ ਫੈਸਲੇ ਅਨੁਸਾਰ ਪਿਛਲੇ ਸਮੇਂ ’ਚ ਕੱਟੇ ਗਏ ਘਰੇਲੂ ਕੁਨੈਕਸ਼ਨ ਬਹਾਲ ਕੀਤੇ ਜਾਣ। ਬਿਜਲੀ ਜ਼ਿੰਦਗੀ ਦੀ ਬਹੁਤ ਜ਼ਰੂਰੀ ਵਸਤੂ ਬਣ ਚੁੱਕੀ ਹੈ, ਗਰੀਬਾਂ ਨੂੰ ਮੁਫ਼ਤ ਬਿਜਲੀ ਦੇਣ ਤੋਂ ਇਲਾਵਾ ਸਭ ਨੂੰ 2 ਰੁਪਏ ਪ੍ਰਤੀ ਯੂਨਿਟ ਦਿੱਤੀ ਜਾਵੇ। ਅਜਿਹਾ ਕਰਨ ਲਈ ਪਣ ਬਿਜਲੀ ਦੇ ਪੋ੍ਜੈਕਟ ਵਧਾਏ ਜਾਣ ਅਤੇ ਸੋਲਰ ਬਿਜਲੀ ਦੇ ਪਲਾਟ ਗਰੀਬਾਂ ਲਈ ਮੁਫ਼ਤ ਤੇ ਬਾਕੀਆਂ ਲਈ 75% ਸਬਸਿਡੀ ’ਤੇ ਲਗਾਏ ਜਾਣ। ਇਹਨਾਂ ਮੰਗਾਂ ’ਤੇ ਵਿਚਾਰ ਵਟਾਂਦਰੇ ਉਪਰੰਤ ਚੀਫ਼ ਇੰਜਨੀਅਰ ਸਤਿੰਦਰ ਸ਼ਰਮਾ ਨੇ ਵਫ਼ਦ ਨੂੰ ਦੱਸਿਆ ਕਿ ਤੁਹਾਡੀਆਂ ਬਹੁਤ ਸਾਰੀਆਂ ਮੰਗਾਂ ਵਾਜਿਬ ਹਨ, ਉਹ ਸਾਰੇ ਪ੍ਰਸ਼ਾਸਨ ਨੂੰ ਸਖ਼ਤ ਹਦਾਇਤ ਕਰਨਗੇ, ਭਾਵੇਂ ਕਿ ਸਟਾਫ਼ ਦੀ ਬਹੁਤ ਘਾਟ ਹੈ। ਫਿਰ ਵੀ ਤੁਰੰਤ ਬਿਜਲੀ ਦਾ ਢਾਂਚਾ ਡਿੱਗੇ ਖੰਬੇ ਖੜੇ ਕੀਤੇ ਜਾਣ ਅਤੇ ਢਿੱਲੀਆਂ ਤੇ ਪੁਰਾਣੀਆਂ ਤਾਰਾਂ ਤੇ ਸਪਾਰਕ ਕਰਦੇ ਸਵਿੱਚ ਬਦਲੇ ਜਾਣ। ਉਹਨਾਂ ਅੱਗੇ ਮੰਗ ਪ੍ਰਵਾਨ ਕੀਤੀ ਕਿ ਸੜੇ ਹੋਏ ਤੇ ਉਵਰਲੋਡ ਟਰਾਂਸਫਾਰਮਰ ਤੁਰੰਤ ਬਦਲੇ ਜਾਣਗੇ ਅਤੇ ਜੋ ਕਰਮਚਾਰੀ ਤੇ ਅਧਿਕਾਰੀ ਵੱਢੀ ਲੈਦੇ ਹਨ ਉਹ ਬਖਸ਼ੇ ਨਹੀਂ ਜਾਣਗੇ। ਉਹਨਾਂ ਇਹ ਮੰਗ ਪ੍ਰਵਾਨ ਕਰਦਿਆਂ ਕਿਹਾ ਕਿ ਬੁਟਾਰੀ ਵਾਲਾ ਬਿਜਲੀ ਦਾ ਸਟੋਰ ਮੁੜ ਚਾਲੂ ਕਰਵਾਉਣ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।
ਚੀਫ਼ ਇੰਜੀਨੀਅਰ ਨੇ ਵਿਸ਼ਵਾਸ ਦਿਵਾਇਆ ਕਿ ਗਰੀਬਾਂ ਦੇ ਕੱਟੇ ਹੋਏ ਘਰੇਲੂ ਕੁਨੈਕਸ਼ਨਾਂ ਵਿੱਚੋਂ ਜੇਕਰ ਕੋਈ ਰਹਿ ਗਿਆ ਹੈ ਉਹ ਤੁਰੰਤ ਬਹਾਲ ਕਰ ਦਿੱਤਾ ਜਾਵੇਗਾ। ਵਫ਼ਦ ਨਾਲ ਗੱਲਬਾਤ ਕਰਨ ਸਮੇਂ ਐਸਈ ਗੁਰਸ਼ਰਨ ਸਿੰਘ ਖਹਿਰਾ, ਐਕਸੀਅਨ ਅਜਨਾਲਾ ਆਂਸੂਦੀਪ, ਹਰਜੀਤ ਸਿੰਘ ਵੀ ਸ਼ਾਮਲ ਸਨ।
ਇਹਨਾਂ ਇਜਨੀਅਰਾਂ ਨੇ ਕਿਸਾਨ ਸਭਾ ਦੇ ਵਫ਼ਦ ਨਾਲ ਦੋ ਘੰਟੇ ਗੱਲਬਾਤ ਕਰਦਿਆਂ ਯਕੀਨ ਦਿਵਾਇਆ ਕਿ ਉਨ੍ਹਾਂ ਦੇ ਪੱਧਰ ਦੀਆਂ ਮੰਗਾਂ ਜਲਦੀ ਪੂਰੀਆਂ ਕਰ ਦਿੱਤੀਆਂ ਜਾਣਗੀਆਂ ਅਤੇ ਹਰ ਪ੍ਰਕਾਰ ਦੇ ਟਿਊਬਵੈਲ ਕੁਨੈਕਸ਼ਨ ਸਰਕਾਰ ਵੱਲੋਂ ਬੰਦ ਕੀਤੇ ਹੋਏ ਪਰ ਫਿਰ ਵੀ ਅਬਾਦਕਾਰਾਂ ਸਮੇਤ ਕੁਨੈਕਸ਼ਨ ਜਾਰੀ ਕਰਵਾਉਣ ਦੀ ਪੋ੍ਪੋਜਲ ਉਪਰ ਭੇਜੀ ਜਾਵੇਗੀ।

Comments
Post a Comment