ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ‘ਤੇ ਰੁੜਕਾ ਕਲਾਂ ‘ਚ ਕੀਤੀ ਮਹਾਪੰਚਾਇਤ
ਰੁੜਕਾ ਕਲਾਂ: ਅੱਜ ਜਮਹੂਰੀ ਕਿਸਾਨ ਸਭਾ ਵਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਪਿੰਡ ਪੱਧਰੀ ਮਹਾਪੰਚਾਇਤ ਤਹਿਤ ਰੁੜਕਾ ਕਲਾਂ ’ਚ ਕੀਤੀ ਗਈ। ਜਿਸ ਨੂੰ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਸੰਤੋਖ ਸਿੰਘ ਬਿਲਗਾ ਨੇ ਸੰਬੋਧਨ ਕਰਦਿਆ ਕਿਹਾ ਕਿ ਕਾਰਪੋਰੇਟ ਖ਼ਿਲਾਫ਼ ਜੰਗ ਨੂੰ ਹੋਰ ਤੇਜ਼ ਕਰਨ ਲਈ ਦੇਸ਼ ਭਰ ’ਚ ਭਾਜਪਾ ਨੂੰ ਹਰਾਉਣਾ ਬਹੁਤ ਹੀ ਜ਼ਰੂਰੀ ਹੈ। ਉਨ੍ਹਾ ਕਿਹਾ ਕਿ ਭਾਜਪਾ ਵਲੋਂ ਵੱਡੀਆਂ ਸਨਅਤਾਂ ਦੇ ਕਰਜ਼ੇ ਮੁਆਫ ਕੀਤੇ ਜਾ ਰਹੇ ਹਨ ਪਰ ਦੇਸ਼ ਦਾ ਢਿੱਡ ਭਰਨ ਵਾਲੇ ਕਿਸਾਨਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਜਾ ਰਹੀ। ਟਰੇਡ ਯੂਨੀਅਨ ਆਗੂ ਸ਼ਿਵ ਤਿਵਾੜੀ ਨੇ ਕਿਹਾ ਕਿ ਸਿਰਫ ਕਿਸਾਨ ਹੀ ਨਹੀਂ ਸਗੋਂ ਸਨਅਤੀ ਤੇ ਹੋਰ ਮਜ਼ਦੂਰ ਵੀ ਇਨ੍ਹਾਂ ਕਾਰਪੋਰੇਟ ਪੱਖੀ ਨੀਤੀਆਂ ਤੋਂ ਦੁਖੀ ਹਨ। ਉਨ੍ਹਾ ਕਿਹਾ ਕਿ ਮਜ਼ਦੂਰਾਂ ਖ਼ਿਲਾਫ਼ ਕਿਰਤ ਕਾਨੂੰਨ ਬਣਾਏ ਜਾ ਰਹੇ ਹਨ। ਨੌਜਵਾਨ ਸਭਾ ਦੇ ਸਾਬਕਾ ਆਗੂ ਡਾ. ਸਰਬਜੀਤ ਮੁਠੱਡਾ ਨੇ 23 ਮਾਰਚ ਦੇ ਸ਼ਹੀਦਾਂ ਦੇ ਵਿਚਾਰਾਂ ਦੀ ਮੌਜੂਦਾ ਸਮੇਂ ਦੌਰਾਨ ਸਾਰਥਿਕਤਾ ਦੀ ਚਰਚਾ ਕੀਤੀ। ਉਨ੍ਹਾ ਕਿਹਾ ਕਿ ਭਗਤ ਸਿੰਘ ਨੇ ਉਸ ਵੇਲੇ ਵੀ ਸਾਮਰਾਜ ਖ਼ਿਲਾਫ਼ ਸੁਚੇਤ ਕੀਤਾ ਸੀ, ਜਿਸ ਦੇ ਅਜੋਕੇ ਰੂਪ ਕਾਰਪੋਰੇਟ ਨੇ ਅੰਨ੍ਹੀ ਲੁੱਟ ਮਚਾ ਰੱਖੀ ਹੈ।
ਇਸ ਮੀਟਿੰਗ ਨੂੰ ਜਮਹੂਰੀ ਕਿਸਾਨ ਸਭਾ ਦੇ ਤਹਿਸੀਲ ਪ੍ਰਧਾਨ ਕੁਲਦੀਪ ਫਿਲੌਰ, ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਪ੍ਰਧਾਨ ਜਰਨੈਲ ਫਿਲੌਰ ਅਤੇ ਸਰਬਜੀਤ ਸੰਗੋਵਾਲ ਨੇ ਸੰਬੋਧਨ ਕਰਦਿਆਂ ਸ਼ਹੀਦਾਂ ਦੇ ਰਸਤੇ ਚਲਣ ਦਾ ਅਹਿਦ ਕੀਤਾ।
ਅੱਜ ਦੀ ਮੀਟਿੰਗ ਦੀ ਪ੍ਰਧਾਨਗੀ ਕੁਲਜਿੰਦਰ ਸਿੰਘ ਤਲਵਣ, ਕੁਲਵੰਤ ਸ਼ਿੰਘ ਖਹਿਰਾ, ਕੁਲਜੀਤ ਸਿੰਘ ਫਿਲੌਰ, ਗਿਆਨ ਸਿੰਘ ਰੁੜਕਾ ਨੇ ਕੀਤੀ।

Comments
Post a Comment