ਐਸਐਸਪੀ ਵਿਜੀਲੈਸ ਨਾਲ ਕਿਸਾਨਾਂ ਦੇ ਵਫ਼ਦ ਨੇ ਕੀਤੀ ਮੁਲਾਕਾਤ
ਲੁਧਿਆਣਾ: ਜਮਹੂਰੀ ਕਿਸਾਨ ਸਭਾ ਪੰਜਾਬ ਦੇ ਵਫ਼ਦ ਜਿਸ ਦੀ ਅਗਵਾਈ ਰਾਜਵੀਰ ਕਿਲ੍ਹਾ ਰਾਏਪੁਰ, ਸੁਰਜੀਤ ਸਿੰਘ ਸੀਲੋ ਅਤੇ ਗੁਰਉਪਦੇਸ਼ ਸਿੰਘ ਘੁੰਗਰਾਣਾ ਨੇ ਕੀਤੀ, ਵੱਲੋਂ ਸੀਨੀਅਰ ਸੁਪਰਡੈਂਟ ਪੁਲੀਸ ਵਿਜੀਲੈਸ ਰਮਿੰਦਰ ਪਾਲ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਅਮਰੀਕ ਸਿੰਘ ਜੜਤੌਲੀ ਨੇ ਆਖਿਆ ਕਿ ਕੁੱਝ ਸਰਕਾਰੀ ਮਹਿਕਮਿਆਂ ਦੇ ਅਧਿਕਾਰੀ ਕਿਸਾਨਾਂ ਅਤੇ ਆਮ ਲੋਕਾਂ ਤੋਂ ਕੰਮ ਕਰਨ ਬਦਲੇ ਰਿਸ਼ਵਤ ਦੀ ਮੰਗ ਕਰਦੇ ਹਨ। ਰਿਸ਼ਵਤ ਨਾ ਦੇਣ ਬਦਲੇ ਉਹਨਾਂ ਦੇ ਕੰਮ ਵਿੱਚ ਦੇਰੀ ਕੀਤੀ ਜਾਂਦੀ ਹੈ ਜਾਂ ਪੇਸ਼ ਕੀਤੇ ਪੇਪਰਾਂ ਵਿੱਚ ਬੇਲੋੜੇ ਨੁਕਸ ਕੱਢੇ ਜਾਂਦੇ ਹਨ।
ਆਗੂਆਂ ਨੇ ਮੰਗ ਕੀਤੀ ਕਿ ਰਿਸ਼ਵਤ ਲੈਣ ਵਾਲੇ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਰਿਸ਼ਵਤ ਲੈਣ ਵਾਲੇ ਮੁਲਾਜ਼ਮਾਂ ਨੂੰ ਰੋਕਿਆ ਜਾ ਸਕੇ। ਐਸ ਐਸ ਪੀ ਵਿਜੀਲੈਸ ਰਮਿੰਦਰ ਪਾਲ ਸਿੰਘ ਸਿੱਧੂ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਦੋਸ਼ੀ ਅਧਿਕਾਰੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਕੇ ਮਿਸਾਲੀ ਸਜ਼ਾ ਦਿੱਤੀ ਜਾਵੇਗੀ। ਇਸ ਮੌਕੇ ਦਫ਼ਤਰ ਸਕੱਤਰ ਨਛੱਤਰ ਸਿੰਘ, ਬਲਵੀਰ ਸਿੰਘ ਭੁੱਟਾ, ਬਲਦੇਵ ਸਿੰਘ ਭੁੱਟਾ ਆਦਿ ਹਾਜ਼ਰ ਸਨ।

Comments
Post a Comment