ਦਿੱਲੀ ਜਾਣ ਲਈ ਨੂਰਪੁਰ ਬੇਦੀ ‘ਚ ਕੀਤੀ ਮੀਟਿੰਗ
ਨੂਰਪੁਰਬੇਦੀ: ਸੰਯੁਕਤ ਕਿਸਾਨ ਮੋਰਚੇ ਦੇ ਉਲੀਕੇ ਹੋਏ ਪ੍ਰੋਗਰਾਮ ਅਨੁਸਾਰ 14 ਮਾਰਚ ਨੂੰ ਦਿੱਲੀ ਰਾਮਲੀਲਾ ਮੈਦਾਨ ਵਿੱਚ ਭਾਰਤ ਦੇ ਕਿਸਾਨ ਵੱਡੀ ਗਿਣਤੀ ਵਿੱਚ ਇਕੱਠ ਕਰਕੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਵਾਅਦੇ ਯਾਦ ਕਰਵਾਉਣਗੇ। ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਦਿੱਲੀ ਦੇ ਪਹਿਲੇ ਮੋਰਚੇ ਦੌਰਾਨ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਦਿਆਂ ਗੱਲਬਾਤ ਦੌਰਾਨ ਸਰਕਾਰੀ ਤੰਤਰ ਨੂੰ ਝੂਠਾ ਕਰ ਚੁੱਕੀ ਹੈ। ਮੋਦੀ ਵਲੋਂ ਕਿਸਾਨਾਂ ਤੋਂ ਮੁਆਫੀ ਮੰਗੀ ਗਈ ਸੀ ਤੇ ਕਿਸਾਨ ਵਿਰੋਧੀ ਕਾਲੇ ਕਾਨੂੰਨ ਵਾਪਸ ਵੀ ਲੈ ਲਏ ਸਨ ਪਰ 22 ਫ਼ਸਲਾਂ ਦੀ ਐਮਐਸਪੀ ਰਾਹੀਂ ਖਰੀਦ ਕਰਨ ਦੀ ਯੋਜਨਾ ਤਿਆਰ ਨਹੀਂ ਕੀਤੀ। ਅਜਿਹੀ ਖਰੀਦ ਕਰਨ ਨੂੰ ਕੋਈ ਗਰੰਟੀ ਕਾਨੂੰਨ ਬਣਾਉਣ ਦਾ ਕੰਮ ਕਰਨ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ ਤੇ ਕਾਨੂੰਨ ਬਣਾਉਣ ਲਈ ਕੋਈ ਕਮੇਟੀ ਦਾ ਗਠਨ ਨਹੀਂ ਕੀਤਾ ਜਿਸ ਕਰਕੇ ਸੰਯੁਕਤ ਕਿਸਾਨ ਮੋਰਚਾ ਲਗਾਤਾਰ ਵੱਖ-ਵੱਖ ਐਕਸ਼ਨ ਕਰਕੇ ਲੜਾਈ ਲੜ ਰਿਹਾ ਹੈ। ਐਮਐਸਪੀ ਨੂੰ ਕਾਨੂੰਨੀ ਮਾਨਤਾ ਦੇਣ ਤੋਂ ਇਲਾਵਾ ਹੋਰ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਹਨ। ਸੰਯੁਕਤ ਮੋਰਚੇ ਦੀ ਲੀਡਰਸ਼ਿਪ ਪੰਜਾਬ ਦੀਆਂ 37 ਕਿਸਾਨ ਜਥੇਬੰਦੀਆਂ ਵੱਲੋਂ ਪੂਰਾ ਸਹਿਯੋਗ ਪ੍ਰਾਪਤ ਕਰਕੇ ਕਿਸਾਨੀ ਮਸਲਿਆਂ ਨੂੰ ਹੱਲ ਕਰਨ ਦੀ ਲੜਾਈ ਵਿੱਚ ਤੇਜੀ ਲਿਆਉਣ ਲਈ ਯਤਨ ਕਰਕੇ ਕਿਸਾਨਾਂ ਦਾ ਜੀਵਣ ਖੁਸ਼ਹਾਲ ਬਣਾਉਣ ਲਈ ਜਿਹੜੀ ਮਹਾ ਪੰਚਾਇਤ ਦਿੱਲੀ ਵਿੱਚ ਕਰ ਰਹੀ ਹੈ ਉਸ ਸਬੰਧੀ ਜਮਹੂਰੀ ਕਿਸਾਨ ਸਭਾ ਨੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ। ਵੱਖ-ਵੱਖ ਥਾਵਾਂ ਤੋਂ ਕਿਸਾਨ ਇਕੱਠੇ ਹੋਕੇ ਰੋਪੜ ਵਿਖੇ ਇਕੱਠ ਕਰਕੇ 13 ਮਾਰਚ ਦੀ ਰਾਤ ਨੂੰ ਦਿੱਲੀ ਵੱਲ ਕੂਚ ਕਰਨਗੇ। ਇਸ ਸਬੰਧੀ ਜਥੇਬੰਦੀ ਵੱਲੋਂ ਇਲਾਕੇ ਦੇ ਲੋਕਾਂ ਨੂੰ ਲਾਮਬੱਧ ਕਰਕੇ ਟੀਮਾਂ ਬਣਾਕੇ ਗਰਾਊਂਡ ਵਰਕ ਸ਼ੁਰੂ ਕਰ ਦਿੱਤਾ ਹੈ।
ਜਥੇਬੰਦੀ ਨੇ ਜ਼ਿਲੇ ਦੀ ਇੱਕ ਕਮੇਟੀ ਦਾ ਗਠਨ ਕਰ ਦਿੱਤਾ ਹੈ ਜਿਸ ਵਿੱਚ ਮੋਹਣ ਸਿੰਘ ਧਮਾਣਾ, ਗੁਰਨਾਇਬ ਸਿੰਘ ਜੇਤੇਵਾਲ, ਜਰਨੈਲ ਸਿੰਘ ਘਨੌਲਾ, ਧਰਮਪਾਲ ਸੈਣੀ, ਬਲਬੀਰ ਸੈਣੀ, ਕੁਲਵੰਤ ਸਿੰਘ, ਸੁਰਿੰਦਰ ਸਿੰਘ, ਅਮਰੀਕ ਸਿੰਘ, ਬਲਬੀਰ ਸਿੰਘ, ਮੋਹਿੰਦਰ ਸਿੰਘ ਆਦਿ ਆਗੂ ਸ਼ਾਮਲ ਕੀਤੇ ਗਏ ਹਨ।
ਇਸ ਮੌਕੇ ਕਿਰਪਾਲ ਸਿੰਘ ਭੱਟਾਂ, ਦਰਸ਼ਨ ਸਿੰਘ ਬੜਵਾ, ਸੁਰਜੀਤ ਸਿੰਘ ਤੇ ਕਰਮ ਚੰਦ ਅਨੰਦਪੁਰ ਸਾਹਿਬ ਅਤੇ ਨੰਗਲ ਦੇ ਸਾਂਝੇ ਜਥੇ ਅਗਵਾਈ ਕਰਨਗੇ।

Comments
Post a Comment