ਜਮਹੂਰੀ ਕਿਸਾਨ ਸਭਾ ਵੱਲੋਂ ਭਾਰਤ ਬੰਦ ਕਰਨ ਦਾ ਲੋਕਾ ਨੂੰ ਦਿੱਤਾ ਹੋਕਾ
ਡੇਹਲੋ: ਜਮਹੂਰੀ ਕਿਸਾਨ ਸਭਾ ਪੰਜਾਬ ਏਰੀਆ ਕਮੇਟੀ ਕਿਲ੍ਹਾ ਰਾਏਪੁਰ ਵੱਲੋ ਅੱਜ ਇਲਾਕੇ ਦੇ ਪਿੰਡਾਂ ਕਿਲ੍ਹਾ ਰਾਏਪੁਰ, ਜੜਤੌਲੀ, ਘੁੰਗਰਾਣਾ, ਡੇਹਲੋ ਵਿੱਚ ਸੰਯੁਕਤ ਕਿਸਾਨ ਮੋਰਚੇ ਤੇ ਟਰੇਡ ਯੂਨੀਅਨਾਂ ਵੱਲੋਂ ਦਿੱਤੇ ਗਏ 16 ਫਰਵਰੀ ਦੇ ਭਾਰਤ ਬੰਦ ਦੇ ਸੱਦੇ ਨੂੰ ਕਾਮਯਾਬ ਕਰਨ ਲਈ ਲਾਮਬੰਦੀ ਕੀਤੀ ਗਈ। ਇਲਾਕੇ ਦੇ ਮਸ਼ਹੂਰ ਕਸਬਾ ਡੇਹਲੋ ਵਿਖੇ ਗੱਡੀ ਉੱਪਰ ਸਪੀਕਰ ਬੰਨ ਕੇ ਅਨਾਉਸਮੈਟ ਕੀਤੀ ਗਈ। ਬਜ਼ਾਰ ਦੀ ਦੁਕਾਨਦਾਰਾਂ ਦੀ ਕਮੇਟੀ ਦੇ ਅਹੁਦੇਦਾਰਾਂ ਨਾਲ ਸੰਪਰਕ ਕਰਕੇ ਉਹਨਾਂ ਨੂੰ ਆਪਣੇ ਕਾਰੋਬਾਰ ਬੰਦ ਕਰਕੇ ਭਾਰਤ ਬੰਦ ਦਾ ਹਿੱਸਾ ਬਣਨ ਦੀ ਅਪੀਲ ਕੀਤੀ।
ਇਸ ਮੌਕੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਏਰੀਆ ਕਮੇਟੀ ਦੇ ਪ੍ਰਧਾਨ ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਸਕੱਤਰ ਗੁਰਉਪਦੇਸ਼ ਸਿੰਘ ਘੁੰਗਰਾਣਾ ਨੇ ਆਖਿਆ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋ ਲੋਕ ਵਿਰੋਧੀ ਨੀਤੀਆਂ ਲਾਗੂ ਕਰਕੇ ਕਾਰਪੋਰੇਟਾ ਖ਼ਾਸ ਤੌਰ ਤੇ ਅਡਾਨੀਆ ਅੰਬਾਨੀਆ ਨੂੰ ਲਾਭ ਪਹੁੰਚਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਦੇਸ਼ ਦੇ ਲੋਕ ਭਾਰਤ ਬੰਦ ਨੂੰ ਇਤਿਹਾਸਕ ਤੌਰ ’ਤੇ ਕਾਮਯਾਬ ਕਰਕੇ ਮੋਦੀ ਦੀਆਂ ਚਾਲਾਂ ਨੂੰ ਨਾਕਾਮਯਾਬ ਕਰ ਦੇਣਗੇ। ਉਹਨਾਂ ਭਾਰਤ ਬੰਦ ਲਈ ਮਿਲ ਰਹੇ ਹੁੰਗਾਰੇ ਤੋਂ ਤਸੱਲੀ ਦਾ ਪ੍ਰਗਟਾਵਾ ਕੀਤਾ।
ਇਸ ਮੌਕੇ ਹੋਰਨਾ ਤੋਂ ਇਲਾਵਾ ਬਾਬਾ ਸੁਖਮਿੰਦਰ ਸਿੰਘ ਬੰੜੂਦੀ, ਸੁਰਜੀਤ ਸਿੰਘ ਸੀਲੋ, ਨਛੱਤਰ ਸਿੰਘ, ਬਲਵੀਰ ਸਿੰਘ ਭੁੱਟਾ, ਗੁਲਜ਼ਾਰ ਸਿੰਘ ਜੜਤੌਲੀ ਹਾਜ਼ਰ ਸਨ।

Comments
Post a Comment