ਸੰਯੁਕਤ ਮੋਰਚੇ ਦੇ ਸੱਦੇ ‘ਤੇ ਜਗਰਾਉਂ ਵਿਖੇ ਕਿਸਾਨ ਜਥੇਬੰਦੀਆਂ ਨੇ ਫੂਕੇ ਪੁਤਲੇ ਤੇ ਕੀਤੇ ਮੁਜ਼ਾਹਰੇ
ਜਗਰਾਉਂ: ਜੀ ਟੀ ਰੋਡ ’ਤੇ ਮੇਨ ਚੌਂਕ ਵਿੱਚ ਬੀਕੇਯੂ ਡਕੋਂਦਾ (ਧਨੇਰ), ਬੀਕੇਯੂ ਲੱਖੋਵਾਲ, ਬੀਕੇਯੂ ਡਕੋਂਦਾ (ਬੁਰਜਗਿੱਲ), ਜਮਹੂਰੀ ਕਿਸਾਨ ਸਭਾ ਪੰਜਾਬ ਅਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਪੰਜਾਬ ਹਰਿਆਣਾ ਦੇ ਬਾਰਡਰਾਂ ’ਤੇ ਸ਼ਾਂਤਮਈ ਢੰਗ ਨਾਲ ਕਿਸਾਨੀ ਮੰਗਾਂ ਪ੍ਰਤੀ ਜੋਰਦਾਰ ਸੰਘਰਸ਼ ਕਰ ਰਹੇ ਕਿਸਾਨਾਂ ’ਤੇ ਹਰਿਆਣਾ ਅਤੇ ਦਿੱਲੀ ਸਰਕਾਰ ਵੱਲੋਂ ਜ਼ੁਲਮ ਢਾਇਆ ਜਾ ਰਿਹਾ ਹੈ। ਪੁਲਸ ਗੋਲੀ ਨਾਲ ਨੌਜਵਾਨ ਸ਼ੁਭਕਰਨ ਨੂੰ ਸ਼ਹੀਦ ਕਰਨ ਖਿਲਾਫ ਰੋਸ ਪ੍ਰਗਟ ਕਰਦਿਆਂ ਮੋਦੀ ਤੇ ਹਰਿਆਣਾ ਸਰਕਾਰ ਦੇ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕਰਕੇ ਅਮਿਤ ਸ਼ਾਹ ਅਤੇ ਖੱਟਰ ਦੇ ਪੁਤਲੇ ਫੂਕਣ ਗਏ।
ਜਥੇਬੰਦੀਆਂ ਦੇ ਆਗੂਆਂ ਮਹਿੰਦਰ ਸਿੰਘ ਕਮਾਲਪੁਰਾ, ਜੋਗਿੰਦਰ ਸਿੰਘ ਢਿੱਲੋਂ, ਇੰਦਰਜੀਤ ਸਿੰਘ ਧਾਲੀਵਾਲ, ਬਲਰਾਜ ਸਿੰਘ ਕੋਟ ਉਮਰਾ, ਬਲਵਿੰਦਰ ਸਿੰਘ ਕੋਠੇ ਪੋਨਾ ਨੇ ਬੋਲਦਿਆਂ ਕਿਹਾ ਕਿ ਪੰਜਾਬ ਨਾਲ ਕੇਂਦਰ ਦੀਆਂ ਸਰਕਾਰਾਂ ਨੇ ਹਮੇਸ਼ਾ ਹੀ ਧੱਕੇ ਕੀਤੇ ਹਨ ਇਸੇ ਲੜੀ ਤਹਿਤ ਹੀ ਮੋਦੀ ਤੇ ਖੱਟਰ ਸਰਕਾਰ ਨੇ ਸਾਰੇ ਹੀ ਕਾਨੂੰਨ ਛਿੱਕੇ ਟੰਗ ਕੇ ਜ਼ੁਲਮ ਦੀ ਇੰਤਹਾ ਕਰ ਦਿੱਤੀ ਹੈ। ਆਗੂਆਂ ਨੇ ਕਿਹਾ ਕਿ 26 ਫਰਵਰੀ ਨੂੰ ਸਾਰੀਆਂ ਸੜਕਾਂ ਟਰੈਕਟਰਾਂ ਨਾਲ ਭਰ ਕੇ ਰੋਸ ਮੁਜਾਹਰੇ ਕਰਾਂਗੇ ਅਤੇ 14 ਨੂੰ ਸਾਰੇ ਪੰਜਾਬ ਚੋਂ ਕਿਸਾਨ ਦਿੱਲੀ ਰਾਮਲੀਲਾ ਮੈਦਾਨ ਵਿੱਚ ਮਹਾਂ ਪੰਚਾਇਤ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੇ। ਸਰਕਾਰ ਦੇ ਅੱਤਿਆਚਾਰ ਨੂੰ ਦੁਨੀਆਂ ਭਰ ਵਿੱਚ ਜਾਹਰ ਕਰਾਂਗੇ।
ਇਸ ਮੌਕੇ ਮਾਸਟਰ ਗੁਰਮੇਲ ਸਿੰਘ ਰੂਮੀ, ਬਲਵੀਰ ਸਿੰਘ ਢਿੱਲੋ, ਕੁੰਡਾ ਸਿੰਘ ਕਾਉਂਕੇ, ਹਰੀ ਸਿੰਘ ਕੋਟਮਾਨਾ, ਦਵਿੰਦਰ ਸਿੰਘ ਸਿੱਧੂ, ਹਰਚੰਦ ਸਿੰਘ ਢੋਲਣ, ਪਵਿੱਤਰ ਸਿੰਘ ਲੋਧੀਵਾਲ, ਤਰਸੇਮ ਸਿੰਘ ਬੱਸੂਵਾਲ, ਹਰਦੀਪ ਸਿੰਘ ਖਹਿਰਾ, ਗੁਰਦੀਪ ਸਿੰਘ, ਧਰਮ ਸਿੰਘ, ਰੋਸ਼ਨ ਸਿੰਘ ਕੰਨੀਆਂ, ਦੀਵਾਨ ਸਿੰਘ ਕੋਟ ਉਮਰਾ, ਤਰਲੋਚਨ ਸਿੰਘ ਰਾਜੇਆਨਾ, ਬਲਦੇਵ ਸਿੰਘ ਕੋਟ ਉਮਰਾ, ਗੁਰਪ੍ਰੀਤ ਕੋਟ ਮਾਨਾ, ਗੁਰਮੀਤ ਮੀਤਾ, ਸੁਖਜਿੰਦਰ ਸਿੰਘ ਰਸੂਲਪੁਰ ਆਦਿ ਹਾਜ਼ਰ ਸਨ।

Comments
Post a Comment