ਜਮਹੂਰੀ ਕਿਸਾਨ ਸਭਾ ਪਿੰਡ ਕੰਬੋ ਢਾਏਵਾਲਾ ਦੀ ਚੋਣ ਹੋਈ
ਚੋਹਲਾ ਸਾਹਿਬ: ਜਮਹੂਰੀ ਕਿਸਾਨ ਸਭਾ ਦੀ ਪਿੰਡ ਕੰਬੋ ਢਾਏਵਾਲਾ ਵਿਖੇ ਚੋਣ ਕੀਤੀ ਗਈ। ਜਗਤਾਰ ਸਿੰਘ ਉਪਲ ਦੀ ਅਗਵਾਈ ਵਿੱਚ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਸੀਨੀਅਰ ਆਗੂ ਪ੍ਰਗਟ ਸਿੰਘ ਜਾਮਾਰਾਏ, ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਬੱਗੂ, ਖ਼ਜਾਨਚੀ ਰੇਸ਼ਮ ਸਿੰਘ ਫੈਲੋਕੇ ਨੇ ਸੰਬੋਧਨ ਕਰਦਿਆ ਦੱਸਿਆ ਕਿ ਮੋਦੀ ਸਰਕਾਰ ਨੇ ਦਿੱਲੀ ਅੰਦੋਲਨ ਮੌਕੇ ਕਾਲੇ ਕਾਨੂੰਨ ਵਾਪਸ ਲੈਣ ਤੋਂ ਇਲਾਵਾ ਫਸਲਾਂ ਉਪਰ ਐੱਮਐੱਸਪੀ ਤੇ ਖਰੀਦ ਦੀ ਗਰੰਟੀ ਦੇਣ ਦਾ ਵਾਅਦਾ ਵੀ ਕੀਤਾ ਸੀ ਤੇ ਵਾਅਦਾ ਪੂਰਾ ਨਹੀਂ ਕੀਤਾ ਤੇ ਹੁਣ ਮੋਦੀ ਸਰਕਾਰ ਦੀ ਸ਼ਹਿ ਤੇ ਹਰਿਆਣਾ ਸਰਕਾਰ ਹੱਕ ਮੰਗਦੇ ਕਿਸਾਨਾਂ ਦੇ ਰਸਤੇ ਰੋਕ ਕੇ ਕਤਲੋਗਾਰਤ ਕਰ ਰਹੀ ਹੈ ਜੋ ਬਰਦਾਸ਼ਤ ਤੋਂ ਬਾਹਰ ਹੈ। ਸੰਯੁਕਤ ਕਿਸਾਨ ਮੋਰਚਾ ਡਟ ਕੇ ਇਸ ਜ਼ਾਲਮਾਨਾ ਕਾਰਵਾਈ ਦੀ ਨਿੰਦਾ ਕਰਦਾ। ਹਰਭਜਨ ਸਿੰਘ ਚੂਸਲੇਵੜ ਨੇ ਕਿਹਾ ਕਿ ਕੱਲ੍ਹ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਮੁਤਾਬਕ ਕਿਸਾਨੀ ਮੰਗਾਂ ਨੂੰ ਲੈ ਕੇ ਤੇ ਕਿਸਾਨਾਂ ਤੇ ਹੋ ਰਹੇ ਜ਼ੁਲਮ ਤੇ ਮੌਲਿਕ ਅਧਿਕਾਰਾਂ ਦੇ ਕੀਤੇ ਜਾ ਰਹੇ ਘਾਣ ਦੇ ਰੋਸ ਵਜੋਂ ਨੈਸ਼ਨਲ ਹਾਈਵੇ 54 ਤੇ ਵੱਡੀ ਗਿਣਤੀ ਵਿੱਚ ਟਰੈਕਟਰ ਮਾਰਚ ਕੀਤਾ ਜਾਵੇਗਾ।
ਇਸ ਮੌਕੇ ਸਰਬਸੰਮਤੀ ਨਾਲ ਪਿੰਡ ਦੀ ਜਮਹੂਰੀ ਕਿਸਾਨ ਸਭਾ ਦੀ ਇਕਾਈ ਦੀ ਚੋਣ ਪ੍ਰਧਾਨ ਜਸਬੀਰ ਸਿੰਘ ਬੱਬਾ, ਮੀਤ ਪ੍ਰਧਾਨ ਸ਼ਮਸ਼ੇਰ ਸਿੰਘ, ਸਕੱਤਰ ਦਵਿੰਦਰ ਸਿੰਘ, ਸਹਾਇਕ ਸਕੱਤਰ ਜਗਦੇਵ ਸਿੰਘ, ਖ਼ਜਾਨਚੀ ਸ਼ਿੰਗਾਰਾ ਸਿੰਘ ਉਪਲ, ਪ੍ਰੈੱਸ ਸਕੱਤਰ ਕਸਮੀਰ ਸਿੰਘ ਨੰਬਰਦਾਰ, ਸਹਾਇਕ ਸਕੱਤਰ ਜਗਤਾਰ ਸਿੰਘ ਡੀਪੂ ਵਾਲੇ, ਮੀਤ ਪ੍ਰਧਾਨ ਗੁਰਵਿੰਦਰ ਸਿੰਘ ਤੇ ਮੁਖਤਿਆਰ ਸਿੰਘ, ਦਵਿੰਦਰ ਸਿੰਘ, ਸੁਖਵਿੰਦਰ ਸਿੰਘ, ਨਿਸ਼ਾਨ ਸਿੰਘ, ਸੋਨੀ, ਸੁਖਵਿੰਦਰ ਸਿੰਘ ਸੰਧੂ, ਮੁਖਤਿਆਰ ਸਿੰਘ ਸੰਧੂ, ਹਰਜਿੰਦਰ ਸਿੰਘ, ਸ਼ਮਸ਼ੇਰ ਸਿੰਘ ਸ਼ੇਰੂ ਆਦਿ ਸਭਾ ਦੇ ਵਰਕਿੰਗ ਕਮੇਟੀ ਮੈਂਬਰ ਚੁਣੇ ਗਏ। ਸਭ ਨੇ ਗੁਰਦੁਆਰਾ ਸਾਹਿਬ ਵਿਖੇ ਜਮਹੂਰੀ ਕਿਸਾਨ ਸਭਾ ਦੀ ਤਰੱਕੀ ਲਈ ਤੇ ਇਸ ਦੇ ਪ੍ਰੋਗਰਾਮਾਂ ਨੂੰ ਤਨਦੇਹੀ ਨਾਲ ਨਿਭਾਉਣ ਦਾ ਪ੍ਰਣ ਕੀਤਾ। ਇਸ ਮੌਕੇ ਜਗੀਰ ਸਿੰਘ ਗੰਡੀਵਿੰਡ, ਦਿਲਬਾਗ ਸਿੰਘ ਤੇ ਸੁਖਦੇਵ ਸਿੰਘ ਮਹਰਾਣਾ ਨੇ ਵੀ ਸੰਬੋਧਨ ਕੀਤਾ ਤੇ ਜਗਤਾਰ ਸਿੰਘ ਉਪਲ ਨੇ ਸਭ ਹਾਜਰੀਨ ਦਾ ਧੰਨਵਾਦ ਕੀਤਾ।

Comments
Post a Comment