ਕਿਲ੍ਹਾ ਰਾਏਪੁਰ ਦੀ ਦਾਣਾ ਮੰਡੀ ‘ਚ ਇਲਾਕਾ ਨਿਵਾਸੀਆਂ ਤੇ ਜਮਹੂਰੀ ਕਿਸਾਨ ਸਭਾ ਨੇ ਸ਼ੈੱਡ ਪਾਉਣ ਦੀ ਕੀਤੀ ਮੰਗ
ਡੇਹਲੋ: ਇਤਿਹਾਸਕ ਪਿੰਡ ਕਿਲ੍ਹਾ ਰਾਏਪੁਰ ਦੀ ਦਾਣਾ ਮੰਡੀ, ਜਿਸ ਵਿੱਚ ਮਾਰਕੀਟ ਕਮੇਟੀ ਦਾ ਦਫਤਰ ਵੀ ਹੈ, ਅਤੇ ਇਲਾਕੇ ਦੇ ਦਰਜਨਾਂ ਪਿੰਡਾਂ ਦੇ ਕਿਸਾਨ ਆਪਣੀ ਸੀਜਨ ਦੌਰਾਨ ਫ਼ਸਲ ਵੇਚਣ ਲਈ ਲੈਕੇ ਆਉਂਦੇ ਹਨ ਪਰ ਇਸ ਦਾਣਾ ਮੰਡੀ ‘ਚ ਕੋਈ ਵੀ ਪੱਕਾ ਸ਼ੈੱਡ ਨਹੀ ਬਣਿਆ ਹੋਇਆ, ਜਿਸ ਥਲ਼ੇ ਕਿਸਾਨ ਆਪਣੀ ਫ਼ਸਲ ਰੱਖ ਸਕਣ। ਅਕਸਰ ਮੰਡੀ ਵਿੱਚ ਆਈ ਫ਼ਸਲ ਉੱਪਰ ਮੀਂਹ ਪੈ ਜਾਂਦਾ ਹੈ। ਜਿਸ ਨਾਲ ਕਿਸਾਨਾਂ ਤੇ ਆੜ੍ਹਤੀਆਂ ਦਾ ਨੁਕਸਾਨ ਹੋ ਜਾਂਦਾ ਹੈ। ਕਿਸਾਨਾਂ ਤੇ ਆੜ੍ਹਤੀਆਂ ਦੀ ਇਸ ਮੁਸ਼ਕਲ ਦੇ ਹੱਲ ਲਈ ਜਮਹੂਰੀ ਕਿਸਾਨ ਸਭਾ ਪੰਜਾਬ ਤੇ ਇਲਾਕਾ ਨਿਵਾਸੀਆਂ ਦਾ ਇੱਕ ਵਫ਼ਦ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੂੰ ਮਿਲਿਆ ਅਤੇ ਉਹਨਾਂ ਨੂੰ ਮੰਗ ਪੱਤਰ ਸੌਂਪਿਆ। ਜਿਸ ਦੀ ਅਗਵਾਈ ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਚਰਨਜੀਤ ਸਿੰਘ ਗਰੇਵਾਲ ਅਤੇ ਮੋਹਣਜੀਤ ਸਿੰਘ ਗਰੇਵਾਲ ਨੇ ਕੀਤੀ।
ਵਫ਼ਦ ‘ਚ ਸ਼ਾਮਲ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਜੱਥੇਬੰਦਕ ਸਕੱਤਰ ਰਘਵੀਰ ਸਿੰਘ ਬੈਨੀਪਾਲ ਅਤੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਜ਼ੋਰ ਦੇ ਕੇ ਆਖਿਆ ਕਿ ਕਿਲ੍ਹਾ ਰਾਏਪੁਰ ਦੀ ਦਾਣਾ ਮੰਡੀ ਵਿੱਚ ਸ਼ੈਡ ਪਾਉਣ ਦੀ ਬਹੁਤ ਜ਼ਰੂਰਤ ਹੈ। ਹਰ ਸੀਜਨ ਦੌਰਾਨ ਕਿਸਾਨਾਂ ਤੇ ਆੜ੍ਹਤੀਆਂ ਨੂੰ ਮੌਸਮ ਦੀ ਮਾਰ ਝੱਲਣੀ ਪੈਂਦੀ ਹੈ। ਉਹਨਾਂ ਇਲਾਕੇ ਦੀਆਂ ਬਾਕੀ ਲੋੜਾਂ ਵੱਲ ਵੀ ਹਲਕਾ ਵਿਧਾਇਕ ਦਾ ਧਿਆਨ ਦਿਵਾਇਆ। ਉਹਨਾਂ ਕਿਹਾ ਕਿ ਕਿਲ੍ਹਾ ਰਾਏਪੁਰ ਤੋਂ ਬਾਹਮਣ ਮਾਜਰਾ ਵਾਲੀ ਸੜਕ ਚੌੜੀ ਕੀਤੀ ਜਾਵੇ। ਇਲਾਕੇ ਦੀਆਂ ਬਾਕੀ ਸੜਕਾਂ ਦੀ ਜੋ ਟੁੱਟ ਰਹੀਆਂ ਹਨ ਦੀ ਜਲਦੀ ਰੀਪੇਅਰ ਕਰਵਾਈ ਜਾਵੇ। ਹਲਕਾ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਹਨਾਂ ਦੀਆਂ ਮੰਗਾਂ ਜਲਦੀ ਪੂਰੀਆਂ ਕੀਤੀਆਂ ਜਾਣਗੀਆਂ।
ਇਸ ਮੌਕੇ ਹੋਰਨਾ ਤੋਂ ਇਲਾਵਾ ਦਫਤਰ ਸਕੱਤਰ ਕੈਪਟਨ ਨਛੱਤਰ ਸਿੰਘ, ਸੁਰਜੀਤ ਸਿੰਘ ਸੀਲੋ, ਗੁਰਜੀਤ ਸਿੰਘ ਕਾਲਾ, ਭੁਪਿੰਦਰ ਸਿੰਘ, ਹਰਜੀਤ ਸਿੰਘ ਆਦਿ ਹਾਜ਼ਰ ਸਨ।

Comments
Post a Comment