ਦੂਜੇ ਦਿਨ ਵੀ ਠੱਪ ਰਿਹਾ ਚੌਂਕੀਮਾਨ ਟੌਲ ਪਲਾਜ਼ਾ
ਜਗਰਾਉ: ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਸੂਬੇ ਭਰ ’ਚ ਮੋਦੀ ਸਰਕਾਰ ਦੀ ਹੋਸ਼ ਟਿਕਾਣੇ ਲਿਆਉਣ ਲਈ ਬੰਦ ਕੀਤੇ ਟੌਲ ਪਲਾਜਿਆਂ ਦੀ ਲੜੀ ’ਚ ਕਿਸਾਨ ਜਥੇਬੰਦੀਆਂ ਵਲੋਂ ਚੌਂਕੀਮਾਨ ਟੌਲ ਪਲਾਜ਼ਾ ਦੂਜੇ ਦਿਨ ਵੀ ਪਰਚੀ ਮੁਕਤ ਕੀਤਾ ਗਿਆ।
ਇਸ ਸਮੇਂ ਹੋਈ ਰੈਲੀ ਨੂੰ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਜਮਹੂਰੀ ਕਿਸਾਨ ਸਭਾ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਆਲ ਇੰਡੀਆ ਕਿਸਾਨ ਸਭਾ (1936) ਦੇ ਵਰਕਰਾਂ ਨੇ ਇਕਤਰ ਹੋ ਮੋਦੀ ਸਰਕਾਰ ਤੇ ਹਰਿਆਣਾ ਦੀ ਖੱਟਰ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਅੱਜ ਦਿੱਲੀ ਕੂਚ ਕਰਨ ਵਾਲੇ ਕਿਸਾਨਾਂ ’ਤੇ ਜਬਰ ਤਸ਼ਦਦ ਕੀਤਾ ਤਾਂ ਇਸ ਦੇ ਮਾੜੇ ਨਤੀਜੇ ਨਿਕਲਣਗੇ। ਉਨਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਐਮਐਸਪੀ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਵਾਉਣ, ਮਜ਼ਦੂਰਾਂ ਕਿਸਾਨਾਂ ਦੇ ਸਮੁੱਚੇ ਕਰਜੇ ਰੱਦ ਕਰਾਉਣ ਲਈ ਅਪਣੇ ਤੌਰ ’ਤੇ ਸੰਘਰਸ਼ ਜਾਰੀ ਰਖ ਰਿਹਾ ਹੈ। ਸੰਘਰਸ਼ਸ਼ੀਲ ਕਿਸਾਨਾਂ ਖਿਲਾਫ ਲਾਏ ਬੈਰੀਕੇਡ ਤੇ ਰੋਕਾਂ ਹਟਾ ਕੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣਾ ਬੰਦ ਕੀਤਾ ਜਾਵੇ। ਦੇਸ਼ ਦਾ ਢਿੱਡ ਭਰਨ ਵਾਲੇ ਅੰਨਦਾਤਾ ਨਾਲ ਮੋਦੀ ਸਰਕਾਰ ਨੂੰ ਤਾਨਾਸ਼ਾਹ ਰਵਈਆ ਬਹੁਤ ਮਹਿੰਗਾ ਪਵੇਗਾ।
ਇਸ ਸਮੇਂ ਕਿਸਾਨ ਆਗੂਆਂ ਇੰਦਰਜੀਤ ਸਿੰਘ ਧਾਲੀਵਾਲ, ਤਰਸੇਮ ਸਿੰਘ ਬੱਸੂਵਾਲ, ਚਮਕੌਰ ਸਿੰਘ ਬਰਮੀ ,ਚਰਨ ਸਿੰਘ ਸਰਾਭਾ, ਭੁਪਿੰਦਰ ਸਿੰਘ ਮੋਗਾ, ਬੂਟਾ ਸਿੰਘ, ਜਗਦੀਸ਼ ਸਿੰਘ ਕਾਉਂਕੇ, ਮਾਸਟਰ ਅਵਤਾਰ ਸਿੰਘ ਬਿੱਲੂ, ਗੁਰਬਖਸ਼ ਸਿੰਘ ਸਿੱਧੂ (ਕਨਾਡਾ) ਸਾਬਕਾ ਵੈਟ ਆਗੂ, ਕੁਲਜੀਤ ਸਿੰਘ ਸਿਧਵਾਂ ਕਲਾਂ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੀਆਂ ਕਿਸਾਨਾਂ ਨੂੰ ਵੰਡਣ ਦੀਆਂ ਚਾਲਾਂ ਕਦਾਚਿਤ ਕਾਮਯਾਬ ਨਹੀਂ ਹੋਣ ਦਿਤੀਆਂ ਜਾਣਗੀਆਂ। ਤੀਜੇ ਦਿਨ ਵੀ ਟੌਲ ਪਲਾਜ਼ਾ ਪਰਚੀ ਮੁਕਤ ਰਖਿਆ ਜਾਵੇਗਾ।

Comments
Post a Comment