ਅਜਨਾਲਾ ‘ਚ ਸੰਯੁਕਤ ਕਿਸਾਨ ਮੋਰਚੇ ਨੇ ਕੀਤਾ ਪਰਦਰਸ਼ਨ
ਅਜਨਾਲਾ: ਸੰਯੁਕਤ ਕਿਸਾਨ ਮੋਰਚਾ ਦੇ ਕੌਮੀ ਸੱਦੇ ’ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਗ੍ਰਹਿ ਮੰਤਰੀ ਅਨਿਲ ਵਿਜ ਨੂੰ ਕਿਸਾਨ ਸ਼ੁਭਕਰਨ ਨੂੰ ਗੋਲੀ ਮਾਰਕੇ ਸ਼ਹੀਦ ਕਰਨ ਲਈ ਇਹਨਾਂ ਨੂੰ ਦੋਸ਼ੀ ਠਹਿਰਾਉਂਦੇ ਹੋਏ ਇਹਨਾਂ ਦੇ ਪੁਤਲੇ ਚੁੱਕ ਕਾਲਾ ਦਿਵਸ ਮਨਾਉਦਿਆਂ ਅਜਨਾਲਾ ਦੇ ਮੁੱਖ ਬਜਾਰਾਂ ’ਚ ਮਾਰਚ ਕਰਦਿਆਂ ਮੁੱਖ ਚੌਂਕ ’ਚ ਪੁਤਲੇ ਸਾੜੇ ਗਏ। ਇਸ ਮੌਕੇ ਜ਼ੋਰਦਾਰ ਪਰਦਰਸ਼ਨ ਵੀ ਕੀਤਾ ਗਿਆ। ਪਰਦਰਸ਼ਨਕਾਰੀਆਂ ਨੇ ਪੁਰ-ਜ਼ੋਰ ਮੰਗ ਕੀਤੀ ਕਿ ਇਹਨਾਂ ਨੂੰ ਸ਼ੁਭਕਰਮ ਦੀ ਮੌਤ ਦੇ ਮੁੱਖ ਜਿੰਮੇਵਾਰ ਸਮਝਦਿਆਂ 302 ਦਾ ਮੁਕੱਦਮਾ ਦਰਜ ਕੀਤਾ ਜਾਵੇ, ਸ਼ਹੀਦ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਸਹਾਇਤਾ ਰਾਸ਼ੀ, ਸ਼ਹੀਦ ਦਾ ਪਾਲਣ ਪੋਸ਼ਣ ਕਰਨ ਵਾਲੀ ਦਾਦੀ ਨੂੰ ਯੋਗ ਪੈਨਸ਼ਨ ਤੇ ਇੱਕ ਭੈਣ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।
ਇਸ ਮੌਕੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਐਸਕੇਐਮ ਦੇ ਪ੍ਰਮੁਖ ਆਗੂ ਤੇ ਜਮੂਹਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਮੱਲੂਨੰਗਲ ਤੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਦੁਧਰਾਏ ਹੋਰਾ ਨੇ ਕਿਹਾ ਕਿ ਇਹ ਘਿਨਾਉਣੀ ਕਾਰਵਾਈ ਲਈ ਪੰਜਾਬ ਦੀ ਮਾਨ ਸਰਕਾਰ ਵੀ ਜ਼ਿੰਮੇਵਾਰ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਬਣਦੀ ਭੂਮਿਕਾ ਨਹੀਂ ਨਿਭਾਈ। ਪੰਜਾਬ ਦੇ ਖੇਤਰ ’ਚ ਹਰਿਆਣਾ ਦੀ ਪੁਲਿਸ ਤੇ ਹੋਰ ਫੋਰਸਾਂ ਨੇ ਦਾਖਲ ਹੋ ਕੇ ਇਸ ਕਿਸਾਨ ਨੂੰ ਸ਼ਹੀਦ ਕੀਤਾ, ਦਰਜਨਾਂ ਟਰੈਕਟਰਾਂ ਦੀ ਭੰਨ ਤੋੜ ਕੀਤੀ ਅਤੇ ਹੋਰ ਸਾਜੋ ਸਮਾਨ ਨੂੰ ਡਾਢਾ ਨੁਕਸਾਨ ਪਹੁੰਚਾਇਆ।
ਇਸ ਮੌਕੇ ਉਕਤ ਆਗੂਆਂ ਨੇ ਸੰਯੁਕਤ ਕਿਸਾਨ ਮੋਰਚੇ ਦੀ ਮੁਢਲੀਆਂ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਮਨਾਉਣ ਲਈ ਸਰਕਾਰਾਂ ਉੱਤੇ ਬਣਦਾ ਦਬਾਅ ਪਾਉਣ ਲਈ 26 ਫਰਵਰੀ ਨੂੰ ਸਾਰੇ ਭਾਰਤ ਵਿੱਚ ਨੈਸ਼ਨਲ ਤੇ ਸਟੇਟ ਹਾਈਵੇ ਤੇ ਟਰੈਕਟਰਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ।
ਇਸ ਸਮੇਂ ਮੋਰਚੇ ਦੇ ਆਗੂਆਂ ਸੁਰਜੀਤ ਸਿੰਘ ਭੂਰੇ ਗਿੱਲ, ਸਤਵਿੰਦਰ ਸਿੰਘ ਉਠੀਆਂ, ਸੰਤੋਖ ਸਿੰਘ ਮੱਲੂਨੰਗਲ, ਬਲਕਾਰ ਸਿੰਘ ਗੁੱਲਗੜ, ਟਹਿਲ ਸਿੰਘ ਚੇਤਨਪੁਰਾ, ਦੇਸਾ ਸਿੰਘ ਭਿੰਡੀ ਔਲਖ, ਔਰਤ ਮੁਕਤੀ ਮੋਰਚਾ ਦੀ ਆਗੂ ਕੁਲਵੰਤ ਕੌਰ ਕੋਟਰਜਾਦਾ, ਬਲਕਾਰ ਸਿੰਘ ਜੋਸ਼, ਜੰਗ ਬਹਾਦਰ ਮਟੀਆ, ਪਲਵਿੰਦਰ ਸਿੰਘ ਰਿਆੜ, ਬਲਦੇਵ ਸਿੰਘ ਰਾਏਪੁਰ, ਗਾਇਕ ਗੁਰਪਾਲ ਗਿੱਲ ਸੈਦਪੁਰ ਖੁਰਦ ਆਦਿ ਹਾਜ਼ਰ ਸਨ।

Comments
Post a Comment