16 ਫਰਵਰੀ ਨੂੰ ਭਾਰਤ ਬੰਦ ਅਤੇ 15 ਫਰਵਰੀ ਨੂੰ ਤਿੰਨ ਘੰਟਿਆਂ ਲਈ ਟੌਲ ਪਲਾਜ਼ੇ ਟੋਲ ਮੁਕਤ ਕਰਨ ਦਾ ਸੱਦਾ



ਜਲੰਧਰ: ਸੰਯੁਕਤ ਕਿਸਾਨ ਮੋਰਚਾ ਵਲੋਂ ਪੰਜਾਬ ਹਰਿਆਣਾ ਸਰਹੱਦ ਭਾਜਪਾ ਦੀਆਂ ਕੇਂਦਰ ਅਤੇ ਹਰਿਆਣਾ ਸਰਕਾਰਾਂ ਵੱਲੋਂ ਕਿਸਾਨਾਂ ਉੱਤੇ ਹੰਝੂ ਗੈਸ,ਰਬੜ ਦੀਆਂ ਗੋਲੀਆਂ ਅਤੇ ਪਾਣੀ ਦੀਆਂ ਬੁਛਾੜਾਂ ਵਰਗੇ ਢੰਗ ਤਰੀਕਿਆਂ ਰਾਹੀ ਜਬਰ ਕਰਨ ਦੀ ਸਖਤ ਨਿਖੇਧੀ ਕਰਦਿਆਂ ਇਸ ਵਿਰੁੱਧ 16 ਫਰਵਰੀ ਨੂੰ ਭਾਰਤ ਬੰਦ ਅਤੇ 15 ਫਰਵਰੀ ਨੂੰ 11 ਵਜੇ ਤੋਂ 2 ਵਜੇ ਦੁਪਹਿਰ ਤੱਕ ਤਿੰਨ ਘੰਟਿਆਂ ਲਈ ਸੂਬੇ ਦੇ ਸਾਰੇ ਟੋਲ ਪਲਾਜ਼ਿਆਂ ਨੂੰ ਟੋਲ ਮੁਕਤ ਕਰਨ ਦਾ ਸੱਦਾ ਦਿੱਤਾ ਹੈ।

ਮੀਟਿੰਗ ਵਿੱਚ ਕਿਸਾਨਾਂ ਉੱਤੇ ਜਬਰ ਨੂੰ ਬੰਦ ਕਰਕੇ ਕਿਸਾਨਾਂ ਨੂੰ ਦਿੱਲੀ ਵਿਖੇ ਪ੍ਰਦਰਸ਼ਨ ਕਰਨ ਲਈ ਖੜੀਆਂ ਕੀਤੀਆਂ ਰੋਕਾਂ ਨੂੰ ਹਟਾਉਣ ਦੀ ਮੰਗ ਕੀਤੀ ਗਈ ਹੈ। ਮੀਟਿੰਗ ਨੇ ਪੰਜਾਬ ਦੀਆਂ ਹਰਿਆਣਾ ਨਾਲ ਲੱਗਦੀਆਂ ਸਰਹੱਦਾਂ ਤੇ ਹਾਈਵੇਅ/ਸੜਕਾਂ ਵਿੱਚ ਲੋਹੇ ਦੀਆਂ ਕਿੱਲਾਂ, ਕੰਡਿਆਲੀਆਂ ਤਾਰਾਂ , ਸੜਕਾਂ ਪੱਟਣ ਅਤੇ ਕੰਕਰੀਟ ਦੀਆਂ ਦੀਵਾਰਾਂ ਬਣਾਉਣ ਅਤੇ ਇੰਟਰਨੈੱਟ  ਪਾਬੰਦੀਆਂ ਮੜਣ ਵਿਰੁੱਧ ਸਖਤ ਗੁੱਸਾ ਜ਼ਾਹਰ ਕਰਦਿਆਂ ਕਿਹਾ ਹੈ ਕਿ ਭਾਜਪਾ ਸਰਕਾਰਾਂ ਵਲੋਂ ਪੰਜਾਬ ਦੇ ਲੋਕਾਂ ਨਾਲ ਦੁਸ਼ਮਣ ਦੇਸ਼ ਦੇ ਨਾਗਰਿਕਾਂ ਵਾਲਾ ਵਿਹਾਰ ਕੀਤਾ ਜਾ ਰਿਹਾ। ਸੰਯੁਕਤ ਕਿਸਾਨ ਮੋਰਚਾ ਨੇ ਜੋਰ ਦੇ ਕੇ ਆਖਿਆ ਹੈ ਕਿ ਭਾਜਪਾ ਸਰਕਾਰਾਂ ਦਾ ਅਜਿਹਾ ਵਤੀਰਾ ਪੰਜਾਬ ਦੇ ਲੋਕਾਂ ਵਿੱਚ ਬੇਗਾਨਗੀ ਦੀ ਭਾਵਨਾ ਦਾ ਅਹਿਸਾਸ ਮਜ਼ਬੂਤ ਕਰਨ ਦਾ ਸਬੱਬ ਬਣੇਗਾ। ਮੀਟਿੰਗ ਨੇ ਸੱਤਾਰੂੜ ਭਾਜਪਾ ਨੂੰ ਸਖਤ ਚੇਤਾਵਨੀ ਦਿੱਤੀ ਹੈ ਕਿ ਜੇਕਰ ਭਾਜਪਾ ਸਰਕਾਰਾਂ ਨੇ ਜਬਰ ਨੂੰ ਫੌਰੀ ਬੰਦ ਨਾ ਕੀਤਾ ਤਾਂ ਸੰਯੁਕਤ ਕਿਸਾਨ ਮੋਰਚਾ ਪੰਜਾਬ ਆਉਣ ਵਾਲੀ 18 ਫਰਵਰੀ ਨੂੰ ਲੁਧਿਆਣਾ ਮੀਟਿੰਗ ਵਿੱਚ ਭਾਜਪਾ ਵਿਰੁੱਧ ਸਖਤ ਐਕਸ਼ਨ ਲੈਣ ਤੋਂ ਪਿੱਛੇ ਨਹੀ ਹਟੇਗਾ।ਮੀਟਿੰਗ ਦੀ ਪ੍ਰਧਾਨਗੀ ਹਰਮੀਤ ਸਿੰਘ ਕਾਦੀਆਂ, ਬਲਜੀਤ ਸਿੰਘ ਗਰੇਵਾਲ ਅਤੇ ਕੁਲਵੰਤ ਸਿੰਘ ਸੰਧੂ ਨੇ ਕੀਤੀ।

 ਵਰਨਣਯੋਗ ਹੈ ਕਿ ਸੰਯੁਕਤ ਕਿਸਾਨ ਮੋਰਚਾ ਅਤੇ ਟਰੇਡ ਯੂਨੀਅਨਾਂ ਵਲੋਂ ਹੋਰ ਵਰਗਾ ਦੀਆਂ ਜੱਥੇਬੰਦੀਆਂ ਨਾਲ ਮਿਲਕੇ ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਅਤੇ ਕਿਸਾਨਾਂ, ਮਜ਼ਦੂਰਾਂ, ਡਰਾਈਵਰਾਂ, ਮੁਲਾਜ਼ਮਾਂ ਅਤੇ ਵਿਦਿਆਰਥੀ-ਨੌਜਵਾਨਾਂ ਦੀਆਂ ਮੰਗਾਂ ਲਈ 16 ਫਰਵਰੀ ਨੂੰ ਪਹਿਲਾਂ ਹੀ ਭਾਰਤ ਬੰਦ ਦਾ ਸੱਦਾ ਦਿੱਤਾ ਹੋਇਆ ਹੈ ਜਿਸ ਵਿੱਚ ਹੁਣ ਕਿਸਾਨਾਂ ਉੱਤੇ ਕੀਤੇ ਜਾ ਰਹੇ ਜਬਰ ਦਾ ਵਿਰੋਧ ਵੀ ਦੇਸ਼ ਭਰ ਵਿੱਚ ਕੀਤਾ ਜਾਵੇਗਾ।

ਸੰਯੁਕਤ ਕਿਸਾਨ ਮੋਰਚਾ  ਵਲੋਂ ਪ੍ਰੈਸ ਦੇ ਨਾਂ ਜਾਰੀ ਬਿਆਨ ਵਿੱਚ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਕਰਨ ਦੇ ਜਮਹੂਰੀ ਢੰਗ ਨੂੰ ਤਾਨਾਸ਼ਾਹੀ ਢੰਗ ਨਾਲ ਨਜਿੱਠੇ ਜਾਣ ਵਿਰੁੱਧ ਆਪਣੀ ਸਖ਼ਤ ਅਸੰਤੁਸ਼ਟੀ ਅਤੇ ਗੁੱਸੇ ਦਾ ਪ੍ਰਗਟਾਵਾ ਕੀਤਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ ਦਿੱਲੀ ਅਤੇ ਹਰਿਆਣਾ ਦੇ ਆਸ-ਪਾਸ ਧਾਰਾ 144 ਲਾਗੂ ਕਰ ਰਿਹਾ ਹੈ ਅਤੇ ਲੋਕਾਂ ਨੂੰ ਬਿਨਾਂ ਕਿਸੇ ਅਗਾਊਂ ਸੂਚਨਾ ਦੇ ਆਵਾਜਾਈ ਨੂੰ ਇੱਕ ਤਰ੍ਹਾਂ ਨਾਲ ਬੰਦ ਕਰ ਦਿੱਤਾ ਗਿਆ ਹੈ। ਭਾਜਪਾ ਸਰਕਾਰਾਂ ਲੋਕਾਂ ਨੂੰ ਡਰਾਉਣ ਲਈ ਦਹਿਸ਼ਤ ਦਾ ਮਾਹੌਲ ਪੈਦਾ ਕਰ ਰਹੀਆਂ ਹਨ। ਮੋਦੀ ਸਰਕਾਰ ਪ੍ਰਦਰਸ਼ਨਕਾਰੀਆਂ ਨਾਲ ਦੇਸ਼ ਦੇ ਦੁਸ਼ਮਣਾਂ ਵਾਂਗ ਪੇਸ਼ ਆ ਰਹੀ ਹੈ। ਮੀਟਿੰਗ ਨੇ ਹਰਿਆਣਾ ਪੁਲਿਸ ਵਲੋਂ ਪੰਜਾਬ ਦੀ ਹੱਦ ਅੰਦਰ ਹੰਝੂ ਗੈਸ ਸਮੇਤ ਪਾਣੀ ਦੀਆਂ ਬੁਛਾੜਾਂ ਮਾਰਨ ਅਤੇ ਸਰਹੱਦਾਂ ਸੀਲ ਕਰਨ ਵਿਰੁੱਧ ਸੰਵਿਧਾਨਕ ਫੈਡਰਲਇਜਮ ਦੀ ਰਾਖੀ ਕਰਨ ਵਿੱਚ ਅਸਫਲ ਰਹਿਣ ਤੇ ਪੰਜਾਬ ਸਰਕਾਰ ਨੂੰ ਵੀ ਕਟਹਿਰੇ ਵਿੱਚ ਖੜਾ ਕੀਤਾ।

ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ ਲੋਕਾਂ ਦੀਆਂ ਰੋਜ਼ੀ-ਰੋਟੀ ਦੀਆਂ ਮੰਗਾਂ ਨੂੰ ਲੈ ਕੇ ਦੇਸ਼ ਭਰ ਵਿੱਚ ਉਭਰ ਰਹੇ ਸੰਘਰਸ਼ਾਂ ਦੇ ਚੱਲਦਿਆਂ ਲੋਕਾਂ ਦੇ ਵਿਰੋਧ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਅਸਫਲ ਹੋ ਜਾਣਗੀਆਂ। ਮੋਰਚੇ ਨੇ ਭਾਜਪਾ ਸਰਕਾਰਾਂ ਨੂੰ ਯਾਦ ਦਿਵਾਇਆ  ਹੈ ਕਿ ਹੈ ਕਿ ਭਾਰਤ ਦਾ ਸੰਵਿਧਾਨ ਸਾਰੇ ਨਾਗਰਿਕਾਂ ਨੂੰ ਵਿਰੋਧ ਕਰਨ ਦਾ ਜਮਹੂਰੀ ਅਧਿਕਾਰ ਦਿੰਦਾ ਹੈ। ਜਿਸਨੂੰ  ਭਾਜਪਾ ਆਪਣੇ ਫਾਸ਼ੀਵਾਦੀ ਤਾਨਾਸ਼ਾਹ ਤਰੀਕਿਆਂ ਨਾਲ ਕੁਚਲ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰਾਂ ਵੱਲੋਂ ਕੀਤੇ ਜਾ ਰਹੇ ਜਬਰ ਦਾ ਲੋਕ ਮੂੰਹ ਤੋੜ ਜਵਾਬ ਦੇਣਗੇ।

ਮੀਟਿੰਗ ਵਿੱਚ ਬਲਬੀਰ ਸਿੰਘ ਰਾਜੇਵਾਲ, ਨਿਰਭੈ ਸਿੰਘ ਢੁੱਡੀਕੇ, ਪਰਮਿੰਦਰ ਸਿੰਘ ਪਾਲ ਮਾਜਰਾ,  ਬੂਟਾ ਸਿੰਘ ਬੁਰਜਗਿੱਲ, ਜੰਗਵੀਰ ਸਿੰਘ ਚੌਹਾਨ,ਮਨਜੀਤ ਸਿੰਘ ਧਨੇਰ, ਬਿੰਦਰ ਸਿੰਘ ਗੋਲੇਵਾਲਾ, ਬੂਟਾ ਸਿੰਘ ਸ਼ਾਦੀਪੁਰ, ਰੁਲਦੂ ਸਿੰਘ ਮਾਨਸਾ, ਵੀਰ ਸਿੰਘ ਬੜਵਾ, ਅਵਤਾਰ ਸਿੰਘ ਮਹਿਮਾ, ਬਲਵਿੰਦਰ ਸਿੰਘ ਰਾਜੂਔਲਖ, ਸੁਖਦੇਵ ਸਿੰਘ ਅਰਾਈਆਂਵਾਲਾ, ਨਿਰਵੈਰ ਸਿੰਘ ਡਾਲੇਕੇ, ਹਰਬੰਸ ਸਿੰਘ ਸੰਘਾ, ਪ੍ਰੇਮ ਸਿੰਘ ਭੰਗੂ, ਕੁਲਦੀਪ ਸਿੰਘ ਵਜੀਦਪੁਰ, ਰਛਪਾਲ ਸਿੰਘ, ਕੰਵਲਪ੍ਰੀਤ ਸਿੰਘ ਪੰਨੂ, ਕਿਰਨਜੀਤ ਸੇਖੋਂ, ਦਵਿੰਦਰ ਸਿੰਘ, ਸਤਿੰਦਰ ਸਰਤਾਜ, ਸੰਦੀਪ ਅਰੋੜਾ, ਰਾਜਵਿੰਦਰ ਕੌਰ ਰਾਜੂ ਕੁਲਜਿੰਦਰ ਸਿੰਘ, ਮੁਕੇਸ਼ ਚੰਦਰ,ਹਰਵਿੰਦਰ ਸਿੰਘ ਆਦਿ ਕਿਸਾਨ ਆਗੂ ਹਾਜ਼ਰ ਸਨ।

Comments

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!

ਪਾਪੂਲਰ ਪੋਸਟਾਂ

ਜਮਹੂਰੀ ਕਿਸਾਨ ਸਭਾ ਪੰਜਾਬ ਸਾਰੇ ਪੰਜਾਬ ‘ਚ 09 ਸਤੰਬਰ ਨੂੰ ਸੋਪੇਗੀ ਜਿਲ੍ਹਾ/ ਤਹਿਸੀਲਾਂ ਤੇ ਮੰਗ ਪੱਤਰ

ਸੈਂਕੜੇ ਕਿਰਤੀ ਕਿਸਾਨ ਇਲਾਕਾ ਕੂੰਮਕਲਾਂ ਵਿੱਚੋਂ ਸ਼ਾਮਿਲ ਹੋਏ ਸਮਰਾਲਾ ਦੀ ਜੇਤੂ ਰੈਲੀ ‘ਚ

ਨੋਸ਼ਹਿਰਾ ਪਨੂੰਆਂ ਵਿਖੇ ਕਿਸਾਨ ਜਥੇਬੰਦੀਆਂ ਨੇ ਸਾੜੇ ਟਰੰਪ ਅਤੇ ਮੋਦੀ ਸਰਕਾਰ ਦੇ ਪੁਤਲੇ