ਕਿਸਾਨਾਂ ਦੇ ਟਰੈਕਟਰ ਮਾਰਚ ਦਾ ਕਸਬਾ ਜੋਧਾਂ ‘ਚ ਹੋਇਆ ਸਵਾਗਤ
ਜੋਧਾਂ: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਲ੍ਹਾ ਰਾਏਪੁਰ ਤੋਂ ਰਵਾਨਾ ਹੋਏ ਟਰੈਕਟਰ ਮਾਰਚ ਦਾ ਇਥੇ ਪੁੱਜਣ ’ਤੇ ਗੁਰਮੀਤ ਸਿੰਘ ਗਰੇਵਾਲ, ਮੋਹਣ ਸਿੰਘ ਗਰੇਵਾਲ, ਅਮਰਜੀਤ ਸਿੰਘ ਸਹਿਜਾਦ, ਬੂਟਾ ਸਿੰਘ ਮਨਸੂਰਾਂ, ਮਹਿੰਦਰ ਸਿੰਘ ਅਤੇ ਇਲਾਕਾ ਨਿਵਾਸੀਆਂ ਨੇ ਸਵਾਗਤ ਕੀਤਾ।
ਟਰੈਕਟਰ ਮਾਰਚ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂ ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਪੰਜਾਬ ਕਿਸਾਨ ਯੂਨੀਅਨ ਦੇ ਆਗੂ ਮਾਸਟਰ ਬਲਦੇਵ ਸਿੰਘ, ਪੀਐਸਈਬੀ ਇੰਪਲਾਈਜ ਫੈਡਰੇਸ਼ਨ (ਏਟਕ) ਦੇ ਆਗੂ ਕਰਨੈਲ ਸਿੰਘ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਆਗੂ ਭਗਵੰਤ ਸਿੰਘ ਬੰੜੂਦੀ ਕਰ ਰਹੇ ਸਨ। ਇਸ ਮੌਕੇ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜਥੇਬੰਦਕ ਸਕੱਤਰ ਰਘਵੀਰ ਸਿੰਘ ਬੈਨੀਪਾਲ, ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਭਾਈ ਸ਼ਮਸੇਰ ਸਿੰਘ ਆਸੀ ਕਲਾਂ ਅਤੇ ਪੀਐਸਈਬੀ ਇੰਪਲਾਈਜ ਫੈਡਰੇਸ਼ਨ (ਏਟਕ) ਦੇ ਸਰਕਲ ਪ੍ਰਧਾਨ ਕਰਤਾਰ ਸਿੰਘ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਜਨਰਲ ਸਕੱਤਰ ਡਾ. ਜਸਵਿੰਦਰ ਸਿੰਘ ਕਾਲਖ ਨੇ ਆਖਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਕਿਸਾਨਾਂ ਨਾਲ ਧ੍ਰੋਹ ਕਮਾ ਰਹੀ ਹੈ। ਇਹ ਸਰਕਾਰ ਕਿਸਾਨਾਂ ਤੋਂ ਜ਼ਮੀਨਾਂ ਖੋਹ ਕੇ ਅਡਾਨੀਆ, ਅੰਬਾਨੀਆ ਦੇ ਦੇਣਾ ਚਾਹੁੰਦੀ ਹੈ, ਤਾਂ ਜੋ ਕਾਰਪੋਰੇਟ ਖਾਣ ਵਾਲੀਆਂ ਵਸਤਾਂ ’ਤੇ ਕਬਜ਼ਾ ਕਰਕੇ ਲੋਕਾਂ ਦੀ ਲੁੱਟ ਕਰ ਸਕਣ। ਆਗੂਆਂ ਨੇ ਆਖਿਆ ਕਿ ਦੇਸ਼ ਦੇ ਕਿਰਤੀ ਲੋਕ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਚਾਲਾਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ। ਨਾਹਰਿਆਂ ਦੀ ਗੂੰਜ ਵਿੱਚ ਇਹ ਕਾਫ਼ਲਾ ਲੁਧਿਆਣਾ ਲਈ ਰਵਾਨਾ ਹੋਇਆ।

Comments
Post a Comment