ਟਰੈਕਟਰ ਮਾਰਚ ਲਈ ਸੰਯੁਕਤ ਕਿਸਾਨ ਮੋਰਚੇ ਦੀ ਕਿਲ੍ਹਾ ਰਾਏਪੁਰ ਵਿਖੇ ਹੋਈ ਸਾਂਝੀ ਮੀਟਿੰਗ
ਡੇਹਲੋ: ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨਾਂ ਦੀਆਂ ਮੰਨੀਆਂ ਮੰਗਾਂ ਲਾਗੂ ਕਰਵਾਉਣ ਅਤੇ ਦੇਸ਼ ਭਰ ਦੇ ਕਿਸਾਨਾਂ ਮਜ਼ਦੂਰਾਂ ਸਿਰ ਚੜ੍ਹੇ ਕਰਜ਼ੇ ਨੂੰ ਖਤਮ ਕਰਨ ਕਰਵਾਉਣ ਲਈ 26 ਜਨਵਰੀ ਨੂੰ ਦੇਸ਼ ਭਰ ਵਿੱਚ ਕੀਤੇ ਜਾ ਰਹੇ ਟਰੈਕਟਰ ਮਾਰਚ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਇਸੇ ਕੜੀ ਤਹਿਤ ਅੱਜ ਜਮਹੂਰੀ ਕਿਸਾਨ ਸਭਾ ਪੰਜਾਬ, ਪੰਜਾਬ ਕਿਸਾਨ ਯੂਨੀਅਨ ਅਤੇ ਆਲ ਇੰਡੀਆ ਕਿਸਾਨ ਫੈਡਰੇਸ਼ਨ ਇਲਾਕਾ ਕਿਲ੍ਹਾ ਰਾਏਪੁਰ ਦੀ ਸਾਂਝੀ ਮੀਟਿੰਗ ਕਿਲ੍ਹਾ ਰਾਏਪੁਰ ਵਿਖੇ ਪ੍ਰਧਾਨ ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਹਰਜੀਤ ਸਿੰਘ ਆਸੀ ਕਲਾਂ ਅਤੇ ਸੁਖਦੇਵ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠ ਹੋਈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਜਥੇਬੰਦਕ ਸਕੱਤਰ ਰਘਵੀਰ ਸਿੰਘ ਬੈਨੀਪਾਲ ਅਤੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਆਖਿਆ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਨਾਲ ਕੀਤੇ ਵਾਅਦੇ ਅਤੇ ਉਹਨਾਂ ਦੀਆਂ ਮੰਨੀਆਂ ਮੰਗਾਂ ਲਾਗੂ ਕਰਨ ਤੋਂ ਭੱਜ ਰਹੀ ਹੈ। ਜਿਸ ਕਾਰਨ ਕਿਸਾਨਾਂ ਨੂੰ ਮਜਬੂਰੀ ਬੱਸ ਅੰਦੋਲਨ ਦਾ ਰਾਹ ਅਖਤਿਆਰ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਕਿਸਾਨ 26 ਜਨਵਰੀ ਦੇ ਇਤਿਹਾਸਕ ਦਿਨ ਦੇ ਮੌਕੇ ਦੇਸ਼ ਦੇ ਹਰ ਜ਼ਿਲ੍ਹੇ ਵਿੱਚ ਟਰੈਕਟਰ ਤੇ ਗੱਡੀਆਂ ਮੋਟਰ ਸਾਇਕਲ ਮਾਰਚ ਕਰਨਗੇ। ਇਸੇ ਕੜੀ ਤਹਿਤ ਇਕ ਟਰੈਕਟਰਾਂ ਤੇ ਗੱਡੀਆਂ ਦਾ ਕਾਫ਼ਲਾ ਕਿਲ੍ਹਾ ਰਾਏਪੁਰ ਤੋਂ ਸ਼ੁਰੂ ਹੋ ਕੇ ਮੁੱਲਾਪੁਰ ਰਾਹੀਂ ਬਾਕੀ ਕਾਫ਼ਲਿਆਂ ਨਾਲ ਮਿਲ ਕੇ ਲੁਧਿਆਣਾ ਸ਼ਹਿਰ ਵੱਲ ਮਾਰਚ ਕਰੇਗਾ। ਇਸ ਦੀ ਤਿਆਰੀ ਲਈ ਡਿਊਟੀਆਂ ਦੀ ਵੰਡ ਕਰ ਲਈ ਗਈ ਹੈ। ਇਸ ਟਰੈਕਟਰ ਮਾਰਚ ਲਈ ਕਿਸਾਨਾਂ ਵਿੱਚ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ।
ਇੱਕ ਮਤੇ ਰਾਹੀਂ ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਗੁਰਉਪਦੇਸ਼ ਸਿੰਘ ਘੁੰਗਰਾਣਾ, ਮੋਹਣਜੀਤ ਸਿੰਘ ਗਰੇਵਾਲ ਅਤੇ ਦਫਤਰ ਸਕੱਤਰ ਨਛੱਤਰ ਸਿੰਘ ਨੇ ਕਿਲ੍ਹਾ ਰਾਏਪੁਰ ਦੇ ਹੋ ਰਹੇ ਪੇਂਡੂ ਉਲੰਪਿਕ ਖੇਡਾਂ ਦਾ ਸਹਿਯੋਗ ਕਰਨ ਦਾ ਫੈਸਲਾ ਕੀਤਾ। ਉਹਨਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਖੇਡ ਮੇਲੇ ਦਾ ਹਿੱਸਾ ਬਣਨ ਦੀ ਅਪੀਲ ਕੀਤੀ।
ਇਸ ਮੌਕੇ ਹੋਰਨਾ ਤੋਂ ਇਲਾਵਾ ਸੁਰਜੀਤ ਸਿੰਘ ਸੀਲੋ, ਮਲਕੀਤ ਸਿੰਘ ਗਰੇਵਾਲ, ਬਲਵੀਰ ਸਿੰਘ ਭੁੱਟਾ, ਬਲਦੇਵ ਸਿੰਘ ਧੂਰਕੋਟ, ਚਮਕੌਰ ਸਿੰਘ ਛਪਾਰ, ਰਘਵੀਰ ਸਿੰਘ ਆਸੀ ਕਲਾਂ, ਸੁਖਦੇਵ ਸਿੰਘ ਭੋਮਾ, ਸਵਰਨ ਸਿੰਘ ਆਸੀ ਕਲਾਂ, ਮਾਸਟਰ ਬਲਦੇਵ ਸਿੰਘ, ਬਲਜੀਤ ਸਿੰਘ ਸਾਇਆ, ਕੇਵਲ ਸਿੰਘ, ਸਿਕੰਦਰ ਸਿੰਘ ਹਿਮਾਯੂਪੁੱਰ, ਅਮਰਜੀਤ ਸਿੰਘ ਸਹਿਜਾਦ, ਬਲਜਿੰਦਰ ਸਿੰਘ ਗਰੇਵਾਲ, ਜੱਗਾ ਸਿੰਘ, ਭੁਪਿੰਦਰ ਸਿੰਘ ਜੜਤੌਲੀ ਹਾਜ਼ਰ ਸਨ।

Comments
Post a Comment