ਅਸ਼ਟਾਮਾਂ ਦੀ ਬਲੈਕ ਵਿਰੁੱਧ ਨਾਇਬ ਤਹਿਸੀਲਦਾਰ ਨੂੰ ਮਿਲਿਆ ਜਮਹੂਰੀ ਕਿਸਾਨ ਸਭਾ ਦਾ ਵਫ਼ਦ
ਡੇਹਲੋ: ਅੱਜ ਜਮਹੂਰੀ ਕਿਸਾਨ ਸਭਾ ਪੰਜਾਬ ਏਰੀਆਂ ਕਮੇਟੀ ਕਿਲ੍ਹਾ ਰਾਏਪੁਰ ਦੇ ਪ੍ਰਧਾਨ ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਸਕੱਤਰ ਗੁਰਉਪਦੇਸ਼ ਸਿੰਘ ਘੁੰਗਰਾਣਾ ਦੀ ਅਗਵਾਈ ਹੇਠ ਇਕ ਵਫ਼ਦ ਸਬ ਤਹਿਸੀਲ ਡੇਹਲੋ ਦੇ ਨਾਇਬ ਤਹਿਸੀਲਦਾਰ ਸ੍ਰੀ ਸੁਰਿੰਦਰ ਕੁਮਾਰ ਪੱਬੀ ਨੂੰ ਡੇਹਲੋ ਵਿੱਚ ਅਸ਼ਟਾਮਾਂ ਦੀ ਹੋ ਰਹੀ ਬਲੈਕ ਦੇ ਵਿਰੁੱਧ ਮਿਲਿਆ। ਇਸ ਮੌਕੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਅਤੇ ਅਮਰੀਕ ਸਿੰਘ ਜੜਤੌਲੀ ਨੇ ਆਖਿਆ ਕਿ ਡੇਹਲੋ ਸਬ ਤਹਿਸੀਲ ਵਿੱਚ ਕੁਝ ਅਸ਼ਟਾਮ ਫ਼ਰੋਸ਼ਾਂ ਵੱਲੋਂ ਅਸ਼ਟਾਮਾਂ ਨੂੰ ਬਲੈਕ ਵਿੱਚ ਵੇਚਿਆ ਜਾ ਰਿਹਾ ਹੈ। ਜਿਸ ਦੀ ਸ਼ਿਕਾਇਤ ਲੋਕਾਂ ਵੱਲੋ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂਆਂ ਨੂੰ ਕੀਤੀ।
ਜਿਸ ਕਾਰਨ ਅਸ਼ਟਾਮਾਂ ਦੀ ਬਲੈਕ ਦਾ ਮਾਮਲਾ ਨਾਇਬ ਤਹਿਸੀਲਦਾਰ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ। ਆਗੂਆਂ ਨੇ ਆਖਿਆ ਕਿ ਭੋਲ਼ੇ ਭਾਲੇ ਲੋਕਾਂ ਨੂੰ ਕੁਝ ਅਸ਼ਟਾਮ ਫਰੋਸ਼ ਬਲੈਕ ਵਿੱਚ ਅਸ਼ਟਾਮ ਵੇਚ ਕਿ ਲੁੱਟ ਲੈਦੇ ਹਨ, ਜੋ ਕਿ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਆਗੂਆਂ ਨੇ ਆਖਿਆ ਕਿ ਜੇ ਇਸ ਲੁੱਟ ਨੂੰ ਨੱਥ ਨਾ ਪਾਈ ਤਾਂ ਜਮਹੂਰੀ ਕਿਸਾਨ ਸਭਾ ਪੰਜਾਬ ਪੀੜਤ ਲੋਕਾਂ ਨੂੰ ਨਾਲ ਲੈਕੇ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ।
ਭਾਰਤੀ ਕਿਸਾਨ ਮਜ਼ਦੂਰ ਰੋਡ ਸੰਘਰਸ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਪਾਲ ਸਿੰਘ ਕਾਲਖ ਨੇ ਭਾਰਤ ਮਾਲਾ ਪ੍ਰੋਜੈਕਟ ਅਧੀਨ ਕਿਸਾਨਾਂ ਦੀਆਂ ਜ਼ਮੀਨਾਂ ਉੱਪਰ ਜਬਰੀ ਕਬਜ਼ੇ ਦੀ ਨਿਖੇਧੀ ਕਰਦਿਆਂ ਆਖਿਆ ਕਿ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਰਕੀਟ ਰੇਟ ਮੁਤਾਬਕ ਭਾਅ ਸਮੇਤ ਸਾਰੇ ਭੱਤਿਆਂ ਦੇ ਦਿੱਤੇ ਜਾਣ। ਨਾਇਬ ਤਹਿਸੀਲਦਾਰ ਵੱਲੋ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਹਨਾਂ ਦੇ ਮਸਲਿਆਂ ਦਾ ਜਲਦੀ ਨਾਲ ਹੱਲ ਕਰ ਦਿੱਤਾ ਜਾਵੇਗਾ। ਇਸ ਮੌਕੇ ਨਾਇਬ ਤਹਿਸੀਲਦਾਰ ਦੇ ਟੀਏ ਮੁਨੀਸ਼ ਕੁਮਾਰ ਸਮੇਤ ਹਰਦਿਆਲ ਸਿੰਘ, ਜੱਗਾ ਸਿੰਘ ਕਿਸਾਨ ਆਗੂ ਵੀ ਹਾਜ਼ਰ ਸਨ।

Comments
Post a Comment