ਬਲਬੀਰ ਸਿੰਘ ਰਾਜੇਵਾਲ ਨਾਲ ਸਬੰਧਤ ਪੰਜ ਕਿਸਾਨ ਜਥੇਬੰਦੀਆਂ ਦੀ 32 ਕਿਸਾਨ ਜਥੇਬੰਦੀਆਂ ਦੇ ਚੈਪਟਰ 'ਚ ਵਾਪਸੀ
ਮੀਟਿੰਗ ਵਿੱਚ ਪੰਜ ਕਿਸਾਨ ਜਥੇਬੰਦੀਆਂ ਨੇ ਐਸਕੇਐਮ ਦੇ ਚੋਣਾਂ ਸਬੰਧੀ ਬਣਾਏ ਅਸੂਲ ਕਿ "ਅੱਗੇ ਤੋਂ ਕੋਈ ਵੀ ਕਿਸਾਨ ਯੂਨੀਅਨ, ਯੂਨੀਅਨ ਦੇ ਤੌਰ ਤੇ ਚੋਣਾਂ ਨਹੀਂ ਲੜੇਗੀ ਅਜਿਹਾ ਕਰਨ ਉੱਪਰ ਯੂਨੀਅਨ ਨੂੰ ਐਸਕੇਐਮ ਵਿੱਚੋਂ ਬਾਹਰ ਕਰ ਦਿੱਤਾ ਜਾਵੇਗਾ। ਕਿਸੇ ਆਗੂ ਵੱਲੋਂ ਚੋਣਾਂ ਲੜਨ ਤੇ ਉਸ ਨੂੰ ਐਸਕੇਐਮ ਦੀਆਂ ਆਗੂ ਪੁਜੀਸ਼ਨਾਂ ਤੋਂ ਹਟਾ ਦਿੱਤਾ ਜਾਵੇਗਾ" ਨਾਲ ਸਹਿਮਤੀ ਪ੍ਰਗਟ ਕਰ ਦਿੱਤੀ। ਵਰਨਣਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਮਗਰੋਂ ਐਸਕੇਐਮ ਵਿੱਚ ਆਈ ਦਰਾਰ ਮਗਰੋਂ ਸੰਯੁਕਤ ਕਿਸਾਨ ਮੋਰਚਾ ਨੇ ਮੋਰਚੇ'ਚ ਸ਼ਾਮਲ ਜਥੇਬੰਦੀਆਂ ਨੂੰ ਸੰਚਾਲਿਤ ਕਰਨ ਲਈ ਨੌ-ਨੁਕਾਤੀ ਦਿਸ਼ਾ ਨਿਰਦੇਸ਼ ਬਣਾਏ ਸਨ ਅੱਜ ਦੀ ਮੀਟਿੰਗ ਵਿੱਚ ਪੰਜ ਕਿਸਾਨ ਜਥੇਬੰਦੀਆਂ ਨੇ ਅੱਗੇ ਤੋਂ ਇਨਾਂ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ ਦਾ ਵਚਨ ਦਿੱਤਾ।
ਮੀਟਿੰਗ ਵਿੱਚ ਹੀ ਪੰਜ ਕਿਸਾਨ ਜਥੇਬੰਦੀਆਂ ਵੱਲੋਂ 18 ਜਨਵਰੀ ਨੂੰ ਚੰਡੀਗੜ੍ਹ ਵਿਖੇ ਪਾਣੀ ਦੇ ਮੁੱਦੇ ਤੇ ਲੱਗਣ ਵਾਲੇ ਮੋਰਚੇ ਨੂੰ ਕਿਸਾਨ ਜਥੇਬੰਦੀਆਂ ਦੀ ਅਪੀਲ ਤੇ ਮੁਲਤਵੀ ਕਰ ਦਿੱਤਾ ਗਿਆ। ਮੀਟਿੰਗ ਨੇ ਫੈਸਲਾ ਕੀਤਾ ਕਿ ਕਿਸਾਨਾਂ ਦੀਆਂ ਮੰਗਾਂ ਸਮੇਤ ਪਾਣੀ ਦੇ ਸਵਾਲ ਨਾਲ ਸਬੰਧਤ ਮੰਗਾਂ ਨੂੰ ਲੈ ਕੇ ਸੰਘਰਸ਼ ਦੀ ਅਗਲੀ ਰਣਨੀਤੀ ਬਣਾਉਣ ਲਈ 28 ਜਨਵਰੀ ਨੂੰ ਚੰਡੀਗੜ੍ਹ ਵਿਖੇ ਮੁੜ ਮੀਟਿੰਗ ਸੱਦੀ ਹੈ।
ਮੀਟਿੰਗ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੱਲ 16 ਜਨਵਰੀ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋ ਰਹੀ ਕੌਮੀ ਕਨਵੈਨਸ਼ਨ ਨੂੰ ਸਫਲ ਬਣਾਉਣ ਦਾ ਸੱਦਾ ਦਿੰਦਿਆਂ ਕਿਸਾਨਾਂ ਨੂੰ 26 ਜਨਵਰੀ ਦੀ ਟਰੈਕਟਰ ਪਰੇਡ ਲਈ ਜੋਰਦਾਰ ਤਿਆਰੀਆਂ ਵਿੱਡਣ ਦੀ ਅਪੀਲ ਕੀਤੀ। ਵਰਨਣਯੋਗ ਹੈ ਕਿ ਕੌਮੀ ਕਨਵੈਨਸ਼ਨ ਵਿੱਚ ਸੰਯੁਕਤ ਕਿਸਾਨ ਮੋਰਚਾ ਦੇ ਕੌਮੀ ਪੱਧਰ ਦੇ ਆਗੂ ਸ਼ਿਰਕਤ ਕਰਨਗੇ।
ਅੱਜ ਦੀ ਮੀਟਿੰਗ ਵਿੱਚ ਬਲਬੀਰ ਸਿੰਘ ਰਾਜੇਵਾਲ, ਹਰਮੀਤ ਸਿੰਘ ਕਾਦੀਆਂ, ਰੁਲਦੂ ਸਿੰਘ ਮਾਨਸਾ,ਸਤਨਾਮ ਸਿੰਘ ਸਾਹਨੀ,ਪਰਮਿੰਦਰ ਸਿੰਘ ਪਾਲ ਮਾਜਰਾ, ਅਵਤਾਰ ਸਿੰਘ ਮੇਹਲੋ, ਰਾਮਿੰਦਰ ਸਿੰਘ ਪਟਿਆਲਾ, ਮਨਜੀਤ ਸਿੰਘ ਧਨੇਰ, ਬਲਵਿੰਦਰ ਸਿੰਘ ਮੱਲੀ ਨੰਗਲ, ਬਲਦੇਵ ਸਿੰਘ ਨਿਹਾਲਗੜ੍ਹ, ਸਤਨਾਮ ਸਿੰਘ ਬਹਿਰੂ,ਕਿਰਨਜੀਤ ਸਿੰਘ ਸੇਖੋ, ਹਰਬੰਸ ਸਿੰਘ ਸੰਘਾ, ਪ੍ਰਿਤਪਾਲ ਸਿੰਘ,ਅਵਤਾਰ ਸਿੰਘ ਮਹਿਮਾ, ਪ੍ਰੇਮ ਸਿੰਘ ਭੰਗੂ, ਕੰਵਲਪ੍ਰੀਤ ਸਿੰਘ ਪੰਨੂ,ਸੁਖਪ੍ਰੀਤ ਜੋਹਲ, ਰਸਪਾਲ ਸਿੰਘ ਸੰਧੂ, ਕੁਲਦੀਪ ਸਿੰਘ ਵਜੀਦਪੁਰ, ਕੁਲਵੰਤ ਸਿੰਘ ਸੰਧੂ, ਸੋਨੂੰ ਚੱਢਾ,ਬਲਕਰਨ ਸਿੰਘ ਬਰਾੜ, ਮੁਕੇਸ਼ ਚੰਦਰ ਅਤੇ ਗੁਰਨਾਮ ਸਿੰਘ ਭੀਖੀ ਆਦਿ ਹਾਜ਼ਰ ਸਨ।

Comments
Post a Comment