ਚੰਡੀਗੜ੍ਹ ਮੋਰਚੇ ਲਈ ਕਿਸਾਨਾਂ ਦੀਆਂ ਤਿਆਰੀਆਂ ਮੁਕੰਮਲ: ਕੁਲਵੰਤ ਸਿੰਘ ਸੰਧੂ
ਜੋਧਾਂ: “ਕਿਸਾਨਾਂ ਵੱਲੋਂ 26 ਤੋਂ 28 ਨਵੰਬਰ ਤੱਕ ਚੰਡੀਗੜ੍ਹ ਧਰਨੇ ਲਈ ਤਿਆਰੀਆਂ ਮੁਕੰਮਲ ਕਰਕੇ ਆਪਣੀਆਂ ਟਰਾਲੀਆਂ ਨੂੰ ਸ਼ਿੰਗਾਰ ਲਿਆ ਹੈ। ਉਹਨਾਂ ਵੱਲੋਂ ਪਿੰਡਾਂ ਵਿੱਚੋਂ ਲੰਗਰ ਦਾ ਸਮਾਨ ਇਕੱਠਾ ਕਰਕੇ ਆਪਣੀਆ ਟਰਾਲੀਆਂ, ਕਾਰਾਂ, ਜੀਪਾਂ ਵਿੱਚ ਰੱਖ ਲਿਆ ਹੈ। ਦੂਰ ਵਾਲੇ ਜ਼ਿਲ੍ਹੇ ਚੰਡੀਗੜ੍ਹ ਲਈ 25 ਤਰੀਕ ਨੂੰ ਹੀ ਕੂਚ ਕਰ ਲੈਣਗੇ।”
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਅੱਜ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹ ਅੱਜ ਇਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਲੱਲਤੋ ਕਲਾਂ ਵਿਖੇ ਆਏ ਸਨ। ਉਹਨਾਂ ਆਖਿਆ ਕਿ ਇਹ ਚੰਡੀਗੜ੍ਹ ਦਾ ਧਰਨਾ ਭਾਜਪਾ ਦੀ ਕਿਸਾਨ ਵਿਰੋਧੀ ਤੇ ਫਾਸ਼ੀਵਾਦੀ ਸਰਕਾਰ ਦੇ ਕਫ਼ਨ ਵਿੱਚ ਆਖ਼ਰੀ ਕਿੱਲ ਸਾਬਤ ਹੋਵੇਗਾ।
ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਰੇ ਦੇਸ਼ ਦੇ ਸੂਬਿਆਂ ਦੀਆਂ ਰਾਜਧਾਨੀਆਂ ਵਿੱਚ ਲੱਗਣ ਵਾਲੇ ਇਸ ਮੋਰਚੇ ਨੇ ਜਿੱਥੇ ਕਿਸਾਨਾਂ ਦੀਆਂ ਮੰਗਾਂ ਮੁਸ਼ਕਲਾਂ ਦਾ ਹੱਲ ਕੱਢਣਾ ਹੈ, ਉੱਥੇ ਲੁਟੇਰੇ ਕਾਰਪੋਰੇਟ ਪੱਖੀ ਸਰਕਾਰ ਦੇ ਰਾਜ ਦਾ ਭੋਗ ਪਾਉਣ ਵਿੱਚ ਵੀ ਸਹਾਈ ਹੋਣਾ ਹੈ। ਸੰਧੂ ਨੇ ਆਖਿਆ ਕਿ ਸੂਬੇ ਦੀ ਮਾਨ ਸਰਕਾਰ ਵੱਲੋ ਗੰਨਾ ਉਤਪਾਦਕਾਂ ਦੀਆਂ ਮੁਸ਼ਕਲਾਂ ਦਾ ਹੱਲ ਨਾ ਕਰਕੇ ਉਹਨਾਂ ਨੂੰ ਸੰਘਰਸ਼ ਕਰਨ ਲਈ ਮਜਬੂਰ ਕਰ ਦਿੱਤਾ ਹੈ। ਜਦੋਂ ਕਿ ਬਾਕੀ ਸੂਬਿਆਂ ਵੱਲੋਂ ਗੰਨਾ ਮਿੱਲਾਂ ਚਾਲੂ ਕਰਕੇ ਗੰਨੇ ਦਾ ਰੇਟ ਵੱਧਾ ਦਿੱਤਾ ਹੈ। ਮਾਨ ਸਰਕਾਰ ਵਾਰ-ਵਾਰ ਮੀਟਿੰਗਾਂ ਦਾ ਸਮਾਂ ਕਿਸਾਨਾਂ ਨੂੰ ਦੇ ਕੇ ਮੁੱਕਰ ਰਹੀ ਹੈ। ਉਹਨਾਂ ਕਿਹਾ ਕਿ ਭਾਰਤ ਮਾਲਾ ਪ੍ਰੋਜੈਕਟ ਅਧੀਨ ਕਿਸਾਨਾਂ ਦੀਆਂ ਜ਼ਮੀਨਾਂ ਉੱਪਰ ਜਬਰੀ ਕਬਜ਼ਾ ਕਰਨਾ ਸਰਕਾਰ ਦੇ ਕਿਸਾਨ ਵਿਰੋਧੀ ਹੋਣ ਦਾ ਸਾਬੂਤ ਦਿੱਤਾ ਹੈ। ਉਹਨਾਂ ਕਿਸਾਨ ਦੀਆਂ ਬੀਜੀਆਂ ਫਸਲਾਂ ਦੇ ਉਜਾੜੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਹਨਾਂ ਨੇ ਸੰਘਰਸ਼ ਕਰ ਰਹੇ ਕਿਸਾਨਾਂ ਦੀ ਹਮਾਇਤ ਕਰਦਿਆਂ ਉਹਨਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।
ਉਹਨਾਂ ਨਾਲ ਹਾਜ਼ਰ ਜਮਹੂਰੀ ਕਿਸਾਨ ਸਭਾ ਪੰਜਾਬ ਜ਼ਿਲ੍ਹਾ ਲੁਧਿਆਣਾ ਦੇ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚੋਂ ਕਿਸਾਨਾਂ ਦੀ ਚੰਡੀਗੜ੍ਹ ਮੋਰਚੇ ਦੀ ਪੂਰੀ ਤਿਆਰੀ ਹੈ। ਕਿਸਾਨਾਂ ਵਿੱਚ ਇਸ ਧਰਨੇ ਲਈ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ।

Comments
Post a Comment