ਐਸਕੇਐਮ ਪੰਜਾਬ ਚੈਪਟਰ ਦੀ ਮੀਟਿੰਗ ਆਯੋਜਿਤ
ਲੁਧਿਆਣਾ: ਸੰਯੁਕਤ ਕਿਸਾਨ ਮੋਰਚਾ ਪੰਜਾਬ ਚੈਪਟਰ ਦੀ ਮੀਟਿੰਗ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ‘ਚ ਡਾ ਸਤਨਾਮ ਸਿੰਘ ਅਜਨਾਲਾ, ਕਿਰਨਜੀਤ ਸਿੰਘ ਸੇਖੋਂ, ਮਲੂਕ ਸਿੰਘ ਹੀਰਕੇ, ਬਲਦੇਵਸਿੰਘ ਨਿਹਾਲਗੜ੍ਹ ਅਤੇ ਹਰਜੀਤ ਸਿੰਘ ਰਵੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੇ ਫੈਸਲੇ ਪ੍ਰੈਸ ਨਾਲ ਸਾਂਝੇ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਪ੍ਰੈਸ ਦੀ ਆਜ਼ਾਦੀ ਨੂੰ ਦਬਾਉਣ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤੇ ਮਹਾਨ ਇਤਿਹਾਸਕ ਅੰਦੋਲਨ ਉਪਰ ਚਿੱਕੜ ਉਛਾਲੀ ਕਰਕੇ ਕਿਸਾਨ ਆਗੂਆਂ ਨਾਲ ਕਿੜਾਂ ਕੱਢਣ ਲਈ ਬੀਜੇਪੀ ਦੀ ਮੋਦੀ ਸਰਕਾਰ ਨੇ ਨਿਊਜ਼ ਕਲਿੱਕ ਚੈਨਲ ਦੇ ਮਾਲਕ ਅਤੇ ਦਫਤਰ ਕਰਮਚਾਰੀਆਂ ਉਪਰ ਯੂਏਪੀਏ ਤਹਿਤ ਪਰਚਾ ਦਰਜ ਕਰਕੇ ਜੇਲ੍ਹ ਵਿੱਚ ਡੱਕਣ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ। ਮੋਰਚੇ ਨੇ ਫੈਸਲਾ ਕੀਤਾ ਕਿ ਕੇਂਦਰ ਸਰਕਾਰ ਖ਼ਿਲਾਫ਼ ਪੂਰੇ ਪੰਜਾਬ ਵਿੱਚ 1 ਤੋਂ 5 ਨਵੰਬਰ ਤੱਕ ਪਿੰਡਾਂ ਤੇ ਸ਼ਹਿਰਾਂ ਵਿੱਚ ਚੇਤਨਾ ਮੁਹਿੰਮ ਚਲਾਈ ਜਾਵੇਗੀ ਅਤੇ 6 ਨਵੰਬਰ ਨੂੰ ਡੀਸੀ ਦਫ਼ਤਰਾਂ ਸਾਹਮਣੇ ਵਿਸ਼ਾਲ ਇਕੱਠ ਕਰਕੇ ਰੋਸ ਪ੍ਰਦਰਸ਼ਨ ਕਰ ਕੀਤੇ ਜਾਣਗੇ ਤੇ ਐਫਆਰਆਈ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। ਮੋਰਚਾ ਮੰਗ ਕਰਦਾ ਕਿ ਨਿਊਜ਼ ਕਲਿੱਕ ਚੈਨਲ ਤੇ ਕੀਤਾ ਪਰਚਾ ਰੱਦ ਕੀਤਾ ਜਾਵੇ , ਯੂਏਪੀਏ ਦਾ ਕਨੂੰਨ ਵਾਪਸ ਲਿਆ ਜਾਵੇ ਅਤੇ ਸਰਕਾਰ ਸੰਯੁਕਤ ਕਿਸਾਨ ਮੋਰਚੇ ਵਿਰੁੱਧ ਸ਼ਾਜਿਸ਼ਾਂ ਕਰਨੀਆਂ ਬੰਦ ਕਰੇ। ਮੀਟਿੰਗ ਵਿੱਚ ਮੋਰਚੇ ਨੇ ਫੈਸਲਾ ਕੀਤਾ ਕਿ ਪੰਜਾਬ ਸਰਕਾਰ ਗੰਨੇ ਦਾ ਭਾਅ 450 ਰੁਪਏ ਪ੍ਰਤੀ ਕੁਇੰਟਲ ਐਲਾਨ ਕਰੇ ਅਤੇ ਗੰਨਾ ਕਾਸ਼ਤਕਾਰਾਂ ਦਾ ਪਿਛਲਾ ਬਕਾਇਆ ਤਰੰਤ ਦੇ ਕੇ 10 ਨਵੰਬਰ ਤੋਂ ਮਿੱਲਾਂ ਨੂੰ ਚਲਾਉਣ ਦਾ ਨੋਟੀਫਿਕੇਸ਼ਨ ਜਾਰੀ ਕਰੇ ਅਤੇ ਕਿਸਾਨਾ ਦੀਆਂ ਫ਼ਸਲਾਂ ਦੇ ਹੜਾਂ ਕਾਰਨ ਹੋਏ ਜਾਨੀ ਮਾਲੀ ਅਤੇ ਫਸਲਾਂ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇ। ਸੰਯੁਕਤ ਕਿਸਾਨ ਮੋਰਚੇ ਨੇ ਪੰਜਾਬ ਸਰਕਾਰ ਨੂੰ 4 ਨਵੰਬਰ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ 4 ਨਵੰਬਰ ਤੱਕ ਇਸ ਦਾ ਕੋਈ ਹੱਲ ਨਾ ਕੱਢਿਆ ਤਾਂ ਮੋਰਚਾ ਅਗਲੀ ਮੀਟਿੰਗ ਲਗਾਕੇ 9 ਨਵੰਬਰ ਤੋਂ ਲਗਾਤਾਰ ਸੰਘਰਸ਼ ਕਰਨ ਲਈ ਮੋਰਚਾ ਮਜਬੂਰ ਹੋਵੇਗਾ। ਮੋਰਚੇ ਨੇ ਸਰਕਾਰ ਦੀਆਂ ਲਗਾਤਾਰ ਗਲਤ ਖੇਤੀ ਨੀਤੀਆਂ ਕਾਰਨ ਕਰਜੇ ਵਿਚ ਫਸੇ ਕਿਸਾਨਾਂ ਉੱਪਰ ਪੰਜਾਬ ਸਰਕਾਰ ਵੱਲੋਂ ਪਰਚੇ ਦਰਜ ਕਰਕੇ ਪ੍ਰੇਸ਼ਾਨ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਪੰਜਾਬ ਸਰਕਾਰ ਨੂੰ ਕਿਸਾਨ ਵਿਰੋਧੀ ਦਮਨਕਾਰੀ ਨੀਤੀਆਂ ਬੰਦ ਕਰਨ ਦੀ ਤਾੜਨਾ ਵੀ ਕੀਤੀ। ਕਿਸਾਨ ਆਗੂਆਂ ਨੇ ਦੱਸਿਆ ਪੰਜਾਬ ਵਿੱਚ ਕਿਸਾਨਾਂ ਦੁਆਰਾ ਝੋਨੇ ਦੀ ਪਰਾਲੀ ਸਾੜਨ ਦਾ ਰੁਝਾਨ ਪਿਛਲੇ ਸਾਲਾਂ ਦੇ ਮੁਕਾਬਲੇ ਬਹੁਤ ਘੱਟ ਗਿਆ ਹੈ ਪਰੰਤੂ ਖੇਤਾਂ ਵਿੱਚ ਪਰਾਲੀ ਦਬਾਉਣ ਲਈ ਸਰਕਾਰੀ ਸਹਾਇਤਾ ਨਾ ਮਿਲਣ ਕਰਕੇ ਅਤੇ ਮੌਸਮ ਬਰਸਾਤੀ ਹੋਣ ਕਾਰਨ ਕਣਕ ਦੀ ਬਿਜਾਈ ਲਈ ਖੇਤ ਖਾਲੀ ਕਰਨ ਲਈ ਪਰਾਲੀ ਸਾੜਨ ਵਾਲੇ ਕਿਸਾਨਾਂ ਤੇ ਪਰਚੇ ਕਰਨੇ ਬੰਦ ਕਰਨ ਦੀ ਹਦਾਇਤ ਕੀਤੀ ਅਤੇ ਮੰਗ ਕੀਤੀ ਕਿ ਪੰਜਾਬ ਸਰਕਾਰ ਕਿਸਾਨਾਂ ਉਪਰ ਪਰਚੇ ਦਰਜ ਕਰਨ ਦੀ ਥਾਂ ਪਰਾਲੀ ਸਮੇਟਣ ਲਈ ਵੱਖ-ਵੱਖ ਤਰਾਂ ਦੇ ਪ੍ਰੋਜੈਕਟ ਲਗਾਵੇ। ਕਿਸਾਨ ਮੋਰਚੇ ਵੱਲੋਂ ਵੱਖ ਵੱਖ ਜਥੇਬੰਦੀਆਂ ਨਾਲ ਏਕਤਾ ਕਰਨ ਦੇ ਪਹਿਲੇ ਪੜਾਅ ਵਿੱਚ ਰਾਜੇਵਾਲ ਨਾਲ ਸਬੰਧਤ ਪੰਜ ਕਿਸਾਨ ਜਥੇਬੰਦੀਆਂ ਨਾਲ ਏਕਤਾ ਕਰਨ ਤੇ ਮੋਰਚੇ ਨੇ ਸਰਬਸੰਮਤੀ ਨਾਲ ਸਹਿਮਤੀ ਪ੍ਰਗਟ ਕੀਤੀ ਹੈ ਅਤੇ ਦੂਸਰੀਆਂ ਸਾਰੀਆਂ ਜਥੇਬੰਦੀਆਂ ਨਾਲ ਏਕਤਾ ਵਾਰਤਾ ਚਲ ਰਹੀ ਹੈ, ਮੋਰਚੇ ਵੱਲੋ ਜਲਦੀ ਹੀ ਅਗਲੀ ਮੀਟਿੰਗ ਲਗਾਕੇ ਅਸੂਲੀ ਏਕਤਾ ਦੀ ਪ੍ਰਕਿਰਿਆ ਨੂੰ ਮੁਕੰਮਲ ਕੀਤਾ ਜਾਵੇਗਾ ਅਤੇ ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਸੱਦੇ ਉਪਰ ਵਿਚਾਰ ਚਰਚਾ ਕੀਤੀ ਜਾਵੇਗੀ।
ਅੱਜ ਦੀ ਇਸ ਮੀਟਿੰਗ ਵਿੱਚ ਕਾ੍ਂਤੀਕਾਰੀ ਕਿਸਾਨ ਯੂਨੀਅਨ ਦੇ ਡਾ ਦਰਸ਼ਨ ਪਾਲ, ਬੀਕੇਯੂ ਡਕੌਂਦਾ ਦੇ ਬੂਟਾ ਸਿੰਘ ਬੁਰਜ ਗਿੱਲ, ਬੀਕੇਯੂ ਲੱਖੋਵਾਲ ਦੇ ਹਰਿੰਦਰ ਸਿੰਘ ਲੱਖੋਵਾਲ, ਬੀ ਕੇ ਯੂ ਡਕੌਂਦਾ ਦੇ ਮਨਜੀਤ ਸਿੰਘ ਧਨੇਰ, ਜਮਹੂਰੀ ਕਿਸਾਨ ਸਭਾ ਦੇ ਕੁਲਵੰਤ ਸਿੰਘ ਸੰਧੂ, ਪੰਜਾਬ ਕਿਸਾਨ ਯੂਨੀਅਨ ਦੇ ਰੁਲਦੂ ਸਿੰਘ ਮਾਨਸਾ, ਬੀਕੇਯੂ ਕਾਦੀਆਂ ਦੇ ਵੀਰਪਾਲ ਸਿੰਘ, ਬੀਕੇਯੂ ਦੁਆਬਾ ਦੇ ਮਨਜੀਤ ਸਿੰਘ ਰਾਏ, ਕਿਰਤੀ ਕਿਸਾਨ ਯੂਨੀਅਨ ਦੇ ਰਮਿੰਦਰ ਸਿੰਘ ਪਟਿਆਲਾ, ਕੁੱਲ ਹਿੰਦ ਕਿਸਾਨ ਸਭਾ ਦੇ ਬਲਕਰਨ ਸਿੰਘ ਬਰਾੜ, ਇੰਡੀਅਨ ਫਾਰਮਰ ਐਸੋਸੀਏਸ਼ਨ ਦੇ ਸਤਨਾਮ ਸਿੰਘ ਬਹਿਰੂ, ਕੁੱਲ ਹਿੰਦ ਕਿਸਾਨ ਸਭਾ ਦੇ ਬਲਦੇਵ ਸਿੰਘ ਲਤਾਲਾ, ਦੁਆਬਾ ਕਿਸਾਨ ਕਮੇਟੀ ਪੰਜਾਬ ਦੇ ਜੰਗਬੀਰ ਸਿੰਘ ਚੌਹਾਨ, ਜੈ ਕਿਸਾਨ ਅੰਦੋਲਨ ਦੇ ਬੀਬੀ ਰਵਿੰਦਰਪਾਲ ਕੌਰ, ਬੀਕੇਯੂ ਪੰਜਾਬ ਦੇ ਸੁੱਖ ਗਿੱਲ ਮੋਗਾ, ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਬਲਵਿੰਦਰ ਸਿੰਘ ਰਾਜੂ, ਕਿਸਾਨ ਕਮੇਟੀ ਦੁਆਬਾ ਦੇ ਜਸਵਿੰਦਰ ਸਿੰਘ, ਅਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਨਿਰਵੈਰ ਸਿੰਘ ਡਾਲੇਕੇ, ਮਹਿਲਾ ਕਿਸਾਨ ਯੂਨੀਅਨ ਦੇ ਬੀਬੀ ਮਨਜੀਤ ਕੌਰ, ਗੁਰਨਾਮ ਸਿੰਘ ਭੀਖੀ, ਹਰਵਿੰਦਰ ਸਿੰਘ, ਸੁਖਦੇਵ ਸਿੰਘ ਅਰਾਈਆਂਵਾਲਾ, ਜਸਪਾਲ ਕੌਰ ਆਦਿ ਆਗੂ ਵੀ ਮੀਟਿੰਗ ਵਿੱਚ ਹਾਜ਼ਰ ਸਨ।

Comments
Post a Comment