ਕਿਸਾਨ ਮਜ਼ਦੂਰ ਅੰਦੋਲਨ ਦੀ ਸ਼ਹੀਦ ਬੀਬੀ ਮਹਿੰਦਰ ਕੌਰ ਡੇਹਲੋ ਨੂੰ ਕੀਤਾ ਯਾਦ
ਡੇਹਲੋ: ਪਿਛਲੇ ਸਮੇਂ ਵਿੱਚ ਤਿੰਨ ਕਾਲੇ ਕਾਨੂੰਨਾਂ ਵਿਰੁੱਧ ਚੱਲੇ ਅੰਦੋਲਨ ਵਿੱਚ ਅਡਾਨੀਆਂ ਦੀ ਖੁਸ਼ਕ ਬੰਦਰਗਾਹ ਕਿਲ੍ਹਾ ਰਾਏਪੁਰ ਦੇ ਮੋਰਚੇ ਸਰਗਰਮ ਬੀਬੀ ਮਹਿੰਦਰ ਕੌਰ ਡੇਹਲੋ ਜੋ 27 ਅਕਤੂਬਰ 2021 ਨੂੰ ਸ਼ਹੀਦ ਹੋ ਗਏ ਸਨ, ਨੂੰ ਜਨਤਕ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਕਿਲ੍ਹਾ ਰਾਏਪੁਰ ਸਥਿਤ ਦਫਤਰ ‘ਚ
ਵਿਸ਼ੇਸ਼ ਮੀਟਿੰਗ ਕਰਕੇ ਯਾਦ ਕੀਤਾ ਗਿਆ। ਬੀਬੀ ਮਹਿੰਦਰ ਕੌਰ ਡੇਹਲੋ ਨੇ ਇਸ ਮਹਾਨ ਅੰਦੋਲਨ ਵਿੱਚ ਆਪਣਾ ਬਿਨਾਂ ਨਾਗਾਂ ਆਪਣੀ ਹਾਜ਼ਰੀ ਲਗਾ ਕੇ ਇਸ ਅੰਦੋਲਨ ਨੂੰ ਸਫਲ ਕਰਨ ਵਿੱਚ ਆਪਣਾ ਯੋਗਦਾਨ ਪਾਇਆ।
ਬੀਬੀ ਜੀ ਨੂੰ ਯਾਦ ਕਰਨ ਲਈ ਕੀਤੀ ਗਈ ਮੀਟਿੰਗ ਦੀ ਪ੍ਰਧਾਨਗੀ ਅਮਨਦੀਪ ਕੌਰ ਕਿਲ੍ਹਾ ਰਾਏਪੁਰ, ਗੁਰਚਰਨ ਕੌਰ ਘੁੰਗਰਾਣਾ, ਪਰਮਜੀਤ ਕੌਰ ਜੜਤੌਲੀ ਨੇ ਕੀਤੀ। ਇਸ ਮੌਕੇ ਤੇ ਬੀਬੀ ਜੀ ਦੀ ਫੋਟੋ ਉੱਪਰ ਹਾਰ ਪਾਉਣ ਉਪਰੰਤ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜਥੇਬੰਦਕ ਸਕੱਤਰ ਰਘਵੀਰ ਸਿੰਘ ਬੈਨੀਪਾਲ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਜਨਰਲ ਸਕੱਤਰ ਡਾ. ਜਸਵਿੰਦਰ ਸਿੰਘ ਕਾਲਖ, ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਭਾਈ ਸ਼ਮਸ਼ੇਰ ਸਿੰਘ ਆਸੀ ਕਲਾਂ ਨੇ ਆਖਿਆ ਕਿ ਬੀਬੀ ਮਹਿੰਦਰ ਕੌਰ ਡੇਹਲੋ ਵਰਗੀਆਂ ਝੂਜਾਰੂ ਔਰਤਾਂ ਦੀ ਕੁਰਬਾਨੀ ਕਾਰਨ ਹੀ ਤਿੰਨ ਕਾਲੇ ਕਾਨੂੰਨਾਂ ਵਿਰੁੱਧ ਲੜੇ ਗਏ ਅੰਦੋਲਨ ਨੂੰ ਸਫਲਤਾ ਸੰਭਵ ਹੋਈ ਹੈ। ਬੀਬੀ ਜੀ ਦਿੱਲੀ ਦੇ ਮੋਰਚੇ ਤੋਂ ਲੈਕੇ ਅਡਾਨੀਆ ਦੀ ਖੁਸ਼ਕ ਬੰਦਰਗਾਹ ਕਿਲ੍ਹਾ ਰਾਏਪੁਰ ਦੇ ਮੋਰਚੇ ਵਿੱਚ ਹਾਜ਼ਰੀ ਭਰ ਕੇ ਆਪਣਾ ਯੋਗਦਾਨ ਪਾਉਂਦੇ ਰਹੇ ਹਨ। ਉਹਨਾਂ ਦੀ ਕੁਰਬਾਨੀ ਸਾਨੂੰ ਜਬਰ ਜ਼ੁਲਮ ਵਿਰੁੱਧ ਲੜਾਈ ਜਾਰੀ ਰੱਖਣ ਦੀ ਸ਼ਕਤੀ ਦਿਤੀ ਰਹੇਗੀ। ਉਹਨਾਂ ਕਿਹਾ ਕਿ ਬੀਬੀ ਜੀ ਨੂੰ ਸੱਚੀ ਸ਼ਰਧਾਂਜਲੀ ਇਹ ਹੋਵੇਗੀ ਕਿ ਤਿੰਨ ਕਾਲੇ ਕਾਨੂੰਨ ਲੈਕੇ ਆਉਣ ਵਾਲੀ ਕੇਂਦਰ ਦੀ ਮੋਦੀ ਸਰਕਾਰ ਨੂੰ ਆਉਣ ਵਾਲੀਆਂ ਆਮ ਚੋਣਾ ਵਿੱਚ ਸੱਤਾ ਤੋਂ ਬਾਹਰ ਕਰ ਦਿੱਤਾ ਜਾਵੇ।
ਆਗੂਆਂ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਅੰਦੋਲਨ ਵਿੱਚ ਸ਼ਹੀਦੀ ਪਾਉਣ ਵਾਲੇ ਆਗੂਆਂ ਦੇ ਪਰਿਵਾਰਾਂ ਲਈ ਮਾਨ-ਸਨਮਾਨ ਦੇਣ ਦੀ ਗੱਲ ਕਹੀ ਸੀ, ਪਰ ਅੱਜ ਉਹਨਾਂ ਦੀ ਦੂਜੀ ਬਰਸੀ ਮੌਕੇ ਵੀ ਪਰਿਵਾਰ ਨੂੰ ਕੋਈ ਵੀ ਸਹੂਲਤ ਸਰਕਾਰ ਵੱਲੋਂ ਨਹੀ ਦਿੱਤੀ। ਜੋ ਬਹੁਤ ਹੀ ਮੰਦਭਾਗਾ ਹੈ। ਆਗੂਆਂ ਨੇ ਆਖਿਆ ਕਿ ਜੇ ਸਰਕਾਰ ਨੇ ਇਸ ਸਬੰਧੀ ਕੋਈ ਫੈਸਲਾ ਜਲਦੀ ਨਾ ਲਿਆ ਤਾਂ ਜਥੇਬੰਦੀਆਂ ਸਰਕਾਰ ਵਿਰੁੱਧ ਅੰਦੋਲਨ ਕਰਨ ਲਈ ਮਜਬੂਰ ਹੋਣਗੀਆਂ।
ਇਸ ਸਮੇਂ ਬੀਬੀ ਜੀ ਦੇ ਪਰਿਵਾਰ ਵਿੱਚੋਂ ਹਾਜ਼ਰ ਹੋਏ ਮੈਂਬਰਾਂ ਪਤੀ ਹੁਕਮ ਸਿੰਘ, ਪੁੱਤਰਾਂ ਲਖਵੀਰ ਸਿੰਘ, ਅਵਤਾਰ ਸਿੰਘ ਦਾ ਲੋਈ ਦੇ ਕੇ ਸਨਮਾਨ ਵੀ ਕੀਤਾ ਗਿਆ।
ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਆਗੂ ਜਗਤਾਰ ਸਿੰਘ ਚਕੋਹੀ, ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਅਮਰੀਕ ਸਿੰਘ ਜੜਤੌਲੀ, ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਮਹਿੰਦਰ ਸਿੰਘ ਨਾਰੰਗਵਾਲ ਨੇ ਬੀਬੀ ਜੀ ਨੂੰ ਸ਼ਰਧਾਂਜਲੀ ਦਿੰਦਿਆਂ ਆਖਿਆ ਕਿ ਕੇਂਦਰ ਤੇ ਪੰਜਾਬ ਸਰਕਾਰ ਨੂੰ ਕਿਸਾਨਾਂ ਦੀਆਂ ਮੰਨੀਆਂ ਮੰਗਾਂ ਨੂੰ ਜਲਦੀ ਨਾਲ ਲਾਗੂ ਕਰਨਾ ਚਾਹੀਦਾ ਹੈ। ਭਾਰਤ ਮਾਲਾ ਪ੍ਰੋਜੈਕਟ ਅਧੀਨ ਕਿਸਾਨਾਂ ਦੀਆਂ ਜ਼ਮੀਨਾਂ ਉੱਪਰ ਜਬਰੀ ਕਬਜ਼ੇ ਦੀ ਕੋਸ਼ਿਸ਼ ਬੰਦ ਹੋਵੇ। ਇਸ ਮੌਕੇ ਤੇ ਹੋਰਨਾ ਤੋ ਇਲਾਵਾ ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਗੁਰਉਪਦੇਸ਼ ਸਿੰਘ ਘੁੰਗਰਾਣਾ, ਸੁਰਜੀਤ ਸਿੰਘ ਸੀਲੋ, ਬਲਵੀਰ ਸਿੰਘ ਭੁੱਟਾ, ਕਰਮ ਸਿੰਘ ਗਰੇਵਾਲ, ਮਲਕੀਤ ਸਿੰਘ ਗਰੇਵਾਲ, ਡਾ. ਅਜੀਤ ਰਾਮ ਸ਼ਰਮਾ ਝਾਡੇ, ਡਾ. ਜਸਮੇਲ ਸਿੰਘ ਲੱਲਤੋ, ਚਰਨਜੀਤ ਸਿੰਘ ਗਰੇਵਾਲ, ਕਾਕਾ ਜੜਤੌਲੀ, ਰਘਵੀਰ ਸਿੰਘ ਆਸੀ ਕਲਾਂ, ਅਮਰਜੀਤ ਸਿੰਘ ਸਹਿਜਾਦ, ਸਿਕੰਦਰ ਸਿੰਘ ਹਿਮਾਯੂਪੁਰ, ਬਲਜੀਤ ਸਿੰਘ ਘੁੰਗਰਾਣਾ, ਬਲਜੀਤ ਸਿੰਘ ਸਾਇਆ, ਰਣਜੀਤ ਸਿੰਘ ਸਾਇਆ, ਡਾ. ਭਗਵੰਤ ਸਿੰਘ ਬੰੜੂਦੀ, ਡਾ. ਬਲਜੀਤ ਕੁਮਾਰ, ਡਾ. ਕੇਸਰ ਸਿੰਘ ਧਾਦਰਾ, ਪੰਚ ਜਗਦੀਪ ਸਿੰਘ ਕਿਲ੍ਹਾ ਰਾਏਪੁਰ ਵੀ ਹਾਜ਼ਰ ਸਨ।

Comments
Post a Comment