ਸ਼ੁੱਭ ਸ਼ਗਨ: ਕਿਸਾਨ ਲਹਿਰ ਵਿੱਚ ਏਕਤਾ ਲਈ ਸ਼ੁਰੂ ਹੋਇਆ ਅਮਲ
ਲੁਧਿਆਣਾ: ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਲ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਇੱਕ ਅਹਿਮ ਮੀਟਿੰਗ ਨਿਰਭੈ ਸਿੰਘ ਢੁੱਡੀਕੇ, ਡਾ ਦਰਸ਼ਨਪਾਲ ਅਤੇ ਹਰਬੰਸ ਸਿੰਘ ਸੰਘਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਕਿਸਾਨ ਲਹਿਰ ਨੂੰ ਮਜ਼ਬੂਤ ਕਰਨ ਲਈ ਕਿਸਾਨ ਜਥੇਬੰਦੀਆਂ ਵਿਚਕਾਰ ਏਕਤਾ ਉਸਾਰਨ ਲਈ ਸ਼ੁਰੂ ਹੋਏ ਹਾਂ ਪੱਖੀ ਅਮਲ ਉੱਪਰ ਅਤੇ ਹੜਾਂ ਅਤੇ ਗੜੇਮਾਰੀ ਕਾਰਨ ਫਸਲਾਂ ਦੇ ਹੋਏ ਖਰਾਬੇ ਸਬੰਧੀ ਮੁਆਵਜ਼ੇ ਉੱਪਰ ਭਰਪੂਰ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਦੀ ਸ਼ੁਰੂਆਤ ਵਿੱਚ ਕਿਰਤੀ ਕਿਸਾਨ ਮੋਰਚਾ ਦੇ ਪ੍ਰਧਾਨ ਵੀਰ ਸਿੰਘ ਬੜਵਾ ਦੇ ਨੌਜਵਾਨ ਪੁੱਤਰ ਦੀ ਹੋਈ ਬੇਵਕਤੀ ਮੌਤ ਉੱਪਰ ਸ਼ੋਕ ਮਤਾ ਪਾਸ ਕੀਤਾ ਗਿਆ।
32 ਕਿਸਾਨ ਜਥੇਬੰਦੀਆਂ ਨੇ ਕਿਸਾਨ ਲਹਿਰ ਦੀ ਏਕਤਾ ਲਈ ਸ਼ੁਰੂ ਹੋਏ ਯਤਨਾਂ ਨੂੰ ਇੱਕ ਸ਼ੁੱਭ ਸ਼ਗਨ ਮੰਨਦਿਆਂ ਠੋਸ, ਵਿਸ਼ਾਲ ਅਤੇ ਅਸੂਲੀ ਏਕਤਾ ਨੂੰ ਹਾਸਲ ਕਰਨ ਲਈ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕਰਦੇ ਹੋਏ ਵੱਖ ਵੱਖ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਨ ਲਈ ਪੰਜ ਮੈਂਬਰਾਂ ਤੇ ਅਧਾਰਿਤ ਵੱਖ ਵੱਖ ਤਿੰਨ ਕਮੇਟੀਆਂ ਬਣਾਉਣ ਦਾ ਐਲਾਨ ਕਰਦੇ ਹੋਏ ਇਸ ਕਾਰਜ ਲਈ ਲੋੜੀਂਦੇ ਸਮੇਂ ਨੂੰ ਮੱਦੇਨਜ਼ਰ ਰੱਖਦਿਆਂ ਆਪਣੇ ਵਲੋਂ 18 ਅਕਤੂਬਰ ਨੂੰ ਚੰਡੀਗੜ੍ਹ ਵਿਖੇ ਹੋਣ ਵਾਲੀ ਮੀਟਿੰਗ ਨੂੰ ਮੁਲਤਵੀ ਕਰ ਦਿੱਤਾ ਹੈ।
ਮੀਟਿੰਗ ਨੇ ਪੰਜਾਬ ਸਰਕਾਰ ਵਲੋਂ ਹੜਾਂ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਵਿੱਚ ਵਰਤੀ ਜਾ ਰਹੀ ਢਿੱਲ-ਮੱਠ ਦਾ ਗੰਭੀਰ ਨੋਟਿਸ ਲਿਆ। ਪੰਜਾਬ ਸਰਕਾਰ ਵਲੋਂ ਮਿੱਥਿਆ ਮੁਆਵਜ਼ਾ ਪਹਿਲਾ ਹੀ ਨਾਕਾਫੀ ਸੀ ਉਹ ਵੀ ਸਾਰੇ ਪੀੜਤ ਕਿਸਾਨਾਂ ਨੂੰ ਦੇਣ ਵਿਚ ਸਰਕਾਰ ਫੇਲ੍ਹ ਸਾਬਤ ਹੋਈ ਹੈ। ਹੁਣ ਪੰਜਾਬ ਦੇ ਕੁਝ ਖੇਤਰਾਂ ਵਿਚ ਹੋਈ ਗੜੇਮਾਰੀ ਕਾਰਨ ਕਿਸਾਨਾਂ ਨੂੰ ਹੜਾਂ ਮਗਰੋਂ ਦੋਹਰੀ ਮਾਰ ਪੈ ਗਈ ਹੈ। ਮੀਟਿੰਗ ਨੇ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਦੇਣ ਦੀ ਮੰਗ ਕੀਤੀ।
ਕਿਸਾਨ ਜਥੇਬੰਦੀਆਂ ਨੇ ਮੱਧ ਪੂਰਬ ਚ ਇਜ਼ਰਾਇਲ ਅਤੇ ਫਲਸਤੀਨ ਵਿਚਕਾਰ ਛਿੜੀ ਜੰਗ ਨੂੰ ਤੁਰੰਤ ਜੰਗਬੰਦੀ ਕਰਕੇ ਜੰਗ ਰੋਕਣ ਅਤੇ ਫ਼ਲਸਤੀਨੀ ਕੌਮ ਦੀਆਂ ਕੌਮੀ ਭਾਵਨਾਵਾਂ ਤਹਿਤ ਇਸ ਮਸਲੇ ਦਾ ਹੱਲ ਕੱਢਣ ਦੀ ਅਪੀਲ ਕਰਦੇ ਹੋਏ ਭਾਰਤ ਸਰਕਾਰ ਵਲੋਂ ਫਲਸਤੀਨ ਮਾਮਲੇ ਵਿਚ ਵਿਦੇਸ਼ ਨੀਤੀ ਨੂੰ ਪੁੱਠਾ ਗੇੜਾ ਦਿੰਦਿਆਂ ਇਜ਼ਰਾਇਲ ਸਰਕਾਰ ਦੀ ਹਮਾਇਤ ਕਰਨ ਦੀ ਨਿਖੇਧੀ ਕੀਤੀ।
ਮੀਟਿੰਗ ਵਿੱਚ ਹਰਿੰਦਰ ਸਿੰਘ ਲੱਖੋਵਾਲ, ਸਤਨਾਮ ਸਿੰਘ ਸਾਹਨੀ, ਰੁਲਦੂ ਸਿੰਘ ਮਾਨਸਾ, ਸਤਨਾਮ ਸਿੰਘ ਬਹਿਰੂ,ਕੁਲਵੰਤ ਸਿੰਘ ਸੰਧੂ, ਬਲਵਿੰਦਰ ਸਿੰਘ ਮੱਲੀਨੰਗਲ, ਬਲਕਰਨ ਸਿੰਘ ਬਰਾੜ, ਬੂਟਾ ਸਿੰਘ ਬੁਰਜ ਗਿੱਲ, ਬੂਟਾ ਸਿੰਘ ਸ਼ਾਦੀਪੁਰ, ਰਣਜੀਤ ਸਿੰਘ ਬਾਜਵਾ, ਹਰਦੇਵ ਸਿੰਘ ਸੰਧੂ, ਮਨਜੀਤ ਸਿੰਘ ਧਨੇਰ, ਕਿਰਪਾ ਸਿੰਘ ਨੱਥੂਵਾਲਾ, ਬਲਦੇਵ ਸਿੰਘ ਲਤਾਲਾ, ਹਰਜੀਤ ਸਿੰਘ ਰਵੀ ਅਤੇ ਜਗਮਨਦੀਪ ਸਿੰਘ ਪੜੀ ਹਾਜ਼ਰ ਸਨ।

Comments
Post a Comment