ਹਰਿਆਣਾ ‘ਚ ਸਰਕਾਰ ਵੱਲੋਂ ‘ਪਗੜੀ ਸੰਭਾਲ ਜੱਟਾ ਸੰਘਰਸ਼ ਸੰਮਤੀ’ ਦਾ ਕਾਫ਼ਲਾ ਰੋਕਣ ਦੀ ਨਿੰਦਾ
ਜਲੰਧਰ: ਪਗੜੀ ਸੰਭਾਲ ਜੱਟਾਂ ਸੰਘਰਸ਼ ਸੰਮਤੀ ਹਰਿਆਣਾ ਵੱਲੋ ਪਿਛਲੇ ਕਈ ਮਹੀਨਿਆਂ ਤੋਂ ਫ਼ਸਲਾਂ ਦੇ ਹੋਏ ਖ਼ਰਾਬੇ ਦੇ ਮੁਆਵਜ਼ੇ ਅਤੇ ਫ਼ਸਲਾਂ ਦੇ ਕੀਤੇ ਬੀਮੇ ਦੀ ਰਕਮ ਦੀ ਵਸੂਲੀ ਲਈ ਫਤਿਆਬਾਦ ਵਿੱਚ ਪੱਕਾ ਮੋਰਚਾ ਲਗਾ ਕੇ ਅੰਦੋਲਨ ਕੀਤਾ ਜਾ ਰਿਹਾ ਹੈ। ਹਰਿਆਣਾ ਦੀ ਖੱਟਰ ਸਰਕਾਰ ਵੱਲੋਂ ਸੁਣਵਾਈ ਨਾ ਕਰਨ ‘ਤੇ ਮੋਰਚੇ ਦੇ ਆਗੂਆਂ ਵੱਲੋਂ ਪਿਛਲੇ ਸੱਤ ਦਿਨਾਂ ਤੋਂ ਸ਼ਾਂਤੀ ਪੂਰਵਕ ਚੰਡੀਗੜ੍ਹ ਵੱਲ ਪੈਦਲ ਮਾਰਚ ਕੀਤਾ ਜਾ ਰਿਹਾ ਸੀ। ਜਿਸ ਨੂੰ ਅੱਜ ਅੰਬਾਲਾ ਤੋਂ ਚੰਡੀਗੜ੍ਹ ਮਾਰਗ ‘ਤੇ ਅੰਬਾਲੇ ਤੋਂ 20 ਕਿਲੋਮੀਟਰ ਅੱਗੇ ਆ ਕੇ ਭਾਰੀ ਫੋਰਸ ਦੇ ਬਲ ਨਾਲ ਰੋਕ ਦਿੱਤਾ ਗਿਆ। ਇਸ ਅੰਦੋਲਨ ਦੇ ਆਗੂ ਮਨਦੀਪ ਸਿੰਘ ਰੱਤੀਆਂ ਅਤੇ ਉਹਨਾ ਦੇ ਸਾਥੀਆਂ ਨੂੰ ਸੜਕ ਉੱਪਰ ਬੈਠਣ ਲਈ ਮਜ਼ਬੂਰ ਕਰ ਦਿੱਤਾ ਹੈ। ਇਸ ਸਾਰੀ ਘਟਨਾ ਦੀ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਅਤੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਆਖਿਆ ਕਿ ਹਰਿਆਣਾ ਦੀ ਖੱਟਰ ਸਰਕਾਰ ਨੇ ਅੰਦੋਲਨਕਾਰੀਆ ਦੀ ਗੱਲ ਤਾਂ ਕੀ ਸੁਣਨੀ ਸੀ, ਉਲਟਾਂ ਉਹਨਾਂ ਦੇ ਸ਼ਾਂਤੀ ਪੂਰਵਕ ਪੈਦਲ ਮਾਰਚ ਉੱਪਰ ਪਾਬੰਦੀ ਲਗਾਕੇ ਤਾਨਾਸ਼ਾਹ ਸਰਕਾਰ ਹੋਣ ਦਾ ਸਾਬੂਤ ਦਿੱਤਾ ਹੈ। ਪਿਛਲੇ 7 ਦਿਨ ਤੋਂ ਪੈਦਲ ਮਾਰਚ ਵਿੱਚ ਇਹਨਾਂ ਆਗੂਆਂ ਵੱਲੋਂ ਕੋਈ ਵੀ ਆਵਾਜਾਈ ਨਹੀਂ ਰੋਕੀ ਗਈ ਪਰ ਹੁਣ ਹਰਿਆਣਾ ਸਰਕਾਰ ਵੱਲੋਂ ਇਸ ਕਾਫਲੇ ਨੂੰ ਸੜਕ ‘ਤੇ ਰੋਕ ਕੇ ਆਵਾਜਾਈ ਵਿੱਚ ਵਿਘਨ ਪਾਇਆ ਜਾ ਰਿਹਾ ਹੈ। ਉਪਰੋਕਤ ਆਗੂਆਂ ਦਾ ਬਿਆਨ ਪ੍ਰੈਸ ਨੂੰ ਜਾਰੀ ਕਰਦਿਆਂ ਸੂਬਾਈ ਪ੍ਰੈਸ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਕਿਹਾ ਕਿ ਜੇ ਹਰਿਆਣਾ ਸਰਕਾਰ ਨੇ ਕਾਫਲੇ ਨੂੰ ਚੰਡੀਗੜ੍ਹ ਜਾਣ ਤੋਂ ਰੋਕਿਆ ਤਾਂ ਜਮਹੂਰੀ ਕਿਸਾਨ ਸਭਾ ਪੰਜਾਬ ਬਾਕੀ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਪਗੜੀ ਸੰਭਾਲ ਜੱਟਾ ਸੰਘਰਸ਼ ਸੰਮਤੀ ਹਰਿਆਣਾ ਦੀ ਹਮਾਇਤ ਵਿੱਚ ਆਪਣੇ ਕਾਫਲੇ ਭੇਜੇਗੀ। ਉਹਨਾਂ ਕਿਹਾ ਕਿ ਹਰਿਆਣਾ ਸਰਕਾਰ ਨੂੰ ਅੰਦੋਲਨਕਾਰੀਆ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕੱਢਣਾ ਚਾਹੀਦਾ ਹੈ।

Comments
Post a Comment