ਮੋਦੀ ਸਰਕਾਰ ਤੋਂ ਕਿਸਾਨਾਂ ਦੇ ਭਲੇ ਦੀ ਕੋਈ ਆਸ ਨਹੀਂ- ਕੁਲਵੰਤ ਸਿੰਘ ਸੰਧੂ
ਜੋਧਾਂ: ‘ਜਿੰਨਾ ਚਿਰ ਦੇਸ਼ ਦੀ ਰਾਜ ਸੱਤਾ ‘ਤੇ ਕਾਰਪੋਰੇਟ ਪੱਖੀ ਭਾਜਪਾ ਦੀ ਨਰਿੰਦਰ ਮੋਦੀ ਦੀ ਸਰਕਾਰ ਹੈ, ਉੱਨਾਂ ਚਿਰ ਕਿਸਾਨਾਂ ਦੇ ਭਲੇ ਦੀ ਕੋਈ ਆਸ ਨਹੀਂ।” ਇਹ ਸ਼ਬਦ ਪਿੰਡ ਸਹਿਜਾਦ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਕਹੇ। ਉਹ ਅੱਜ ਪਿੰਡ ਸਹਿਜਾਦ ਵਿਖੇ ਏਰੀਆ ਕਮੇਟੀ ਦੇ ਪ੍ਰਧਾਨ ਇੰਦਰਜੀਤ ਸਿੰਘ ਸਹਿਜਾਦ ਦੀ ਅੰਤਿਮ ਅਰਦਾਸ ਵਿਚ ਸ਼ਾਮਲ ਹੋਣ ਆਏ ਸਨ। ਉਹਨਾਂ ਕਿਹਾ ਕਿ ਮੋਦੀ ਸਰਕਾਰ ਵੱਲੋ ਜੀ-20 ਸੰਮੇਲਨ ਵਿੱਚ ਕਿਸਾਨਾਂ ਦੇ ਪੱਖ ਦੀ ਕੋਈ ਗੱਲ ਨਹੀਂ ਕੀਤੀ। ਉਲਟਾਂ ਬਾਸਮਤੀ ਚੌਲਾਂ ਬਾਹਰ ਭੇਜਣ ‘ਤੇ ਪਾਬੰਦੀ ਲਗਾ ਦਿੱਤੀ। ਜਿਸ ਕਾਰਨ ਦੇਸ਼ ਦੇ ਕਿਸਾਨਾਂ ਦੇ ਚੌਲਾਂ ਦਾ ਰੇਟ ਹੋਣ ਘਟਣ ਦੇ ਅਸਾਰ ਬਣ ਗਏ ਹਨ। ਲਖੀਮਪੁਰ ਖੀਰੀ ਵਿੱਚ ਕਿਸਾਨਾਂ ਨੂੰ ਸ਼ਹੀਦ ਕਰਨ ਵਾਲੇ ਭਾਜਪਾ ਦੇ ਬੰਦੇ ਤੇ ਮੰਤਰੀ ਖੁਲੇਆਮ ਘੁੰਮ ਰਹੇ ਹਨ। ਸਰਕਾਰ ਉਹਨਾਂ ਉੱਪਰ ਕੋਈ ਕਾਰਵਾਈ ਨਹੀਂ ਕਰ ਰਹੀ। ਉਲਟਾਂ ਦੋਸ਼ੀਆਂ ਨੂੰ ਬਚਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਰਕਾਰ ਸਿੱਧੇ ਰੂਪ ਵਿੱਚ ਕਾਰਪੋਰੇਟ ਘਰਾਣਿਆਂ, ਖਾਸ ਤੌਰ ਤੇ ਅੰਡਾਨੀਆ-ਅੰਬਾਨੀਆ ਨੂੰ ਲਾਭ ਪਹੁੰਚਾਉਣਾ ਚਾਹੁੰਦੀ ਹੈ। ਮੋਦੀ ਵੱਲੋਂ ਤਾਂ ਹੁਣ ਦੂਜੇ ਦੇਸ਼ਾਂ ਨਾਲ ਵੀ ਕਲੇਸ਼ ਸ਼ੁਰੂ ਕਰ ਲਿਆ ਹੈ। ਜਿਸ ਕਾਰਨ ਦੇਸ਼ ਦਾ ਆਰਥਿਕ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਉਹਨਾਂ ਕਿਹਾ ਕਿ ਸੂਬੇ ਦੀ ਮਾਨ ਸਰਕਾਰ ਲੋਕਾਂ ਨਾਲ ਝੂਠ ਬੋਲ ਕੇ ਸਮਾਂ ਪਾਸ ਕਰ ਰਹੀ ਹੈ। ਮਾਨ ਸਰਕਾਰ ਵੱਲੋਂ ਕਿਸਾਨਾਂ ਨੂੰ ਦਾਲਾਂ, ਮੱਕੀ, ਬਾਸਮਤੀ ਉੱਪਰ ਐਲਾਨ ਕੀਤਾ ਭਾਅ ਵੀ ਨਹੀ ਦਿੱਤਾ। ਹੁਣ ਹੜ੍ਹਾ ਦਾ ਸ਼ਿਕਾਰ ਹੋਏ ਕਿਰਤੀ ਕਿਸਾਨ ਮੁਆਵਜ਼ੇ ਦੀ ਮੰਗ ਨੂੰ ਲੈਕੇ ਸੰਘਰਸ਼ ਕਰਨ ਲਈ ਮਜਬੂਰ ਹੋਏ ਪਏ ਹਨ। ਉਹਨਾਂ ਕਿਹਾ ਕਿ ਅਗਲੇ ਦਿਨਾਂ ਵਿੱਚ ਸੰਯੁਕਤ ਕਿਸਾਨ ਮੋਰਚਾ ਮੀਟਿੰਗ ਕਰਕੇ ਕਿਸਾਨਾਂ ਦੀ ਲਾਮਬੰਦੀ ਤੇਜ਼ ਕਰੇਗਾ। ਇਸ ਮੌਕੇ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਅਮਰਜੀਤ ਸਿੰਘ ਸਹਿਜਾਦ ਤੇ ਗੁਰਪ੍ਰੀਤ ਸਿੰਘ ਵੀ ਹਾਜ਼ਰ ਸਨ।

Comments
Post a Comment