11-12-13 ਸਤੰਬਰ ਦੇ ਧਰਨੇ ਦੀਆਂ ਕਿਸਾਨਾਂ ਵੱਲੋਂ ਤਿਆਰੀਆਂ ਆਰੰਭੀਆਂ
ਜੋਧਾਂ: ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋ ਹੜ੍ਹਾ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਲੈਣ ਅਤੇ ਕਿਸਾਨਾਂ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਦੇ ਨਿਪਟਾਰੇ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਐਲਾਨ ਕੀਤੇ 11 ਤੋ 13 ਸਤੰਬਰ ਤੱਕ ਆਮ ਆਦਮੀ ਪਾਰਟੀ ਤੇ ਭਾਜਪਾ ਦੇ ਵਿਧਾਇਕਾਂ ਤੇ ਪਾਰਲੀਮੈਂਟ ਦੇ ਮੈਂਬਰਾਂ ਦੇ ਘਰਾਂ ਤੇ ਦਫ਼ਤਰਾਂ ਅੱਗੇ ਲਗਾਏ ਜਾ ਰਹੇ ਧਰਨਿਆਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਧਰਨੇ ਦੀ ਤਿਆਰੀ ਸੰਬਧੀ ਜਮਹੂਰੀ ਕਿਸਾਨ ਸਭਾ ਪੰਜਾਬ ਏਰੀਆਂ ਕਮੇਟੀ ਕਿਲ੍ਹਾ ਰਾਏਪੁਰ ਦੀ ਮੀਟਿੰਗ ਪ੍ਰਧਾਨ ਰਾਜਵੀਰ ਸਿੰਘ ਕਿਲ੍ਹਾ ਰਾਏਪੁਰ ਦੀ ਪ੍ਰਧਾਨਗੀ ਹੇਠ ਪਿੰਡ ਨਾਰੰਗਵਾਲ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾਈ ਆਗੂ ਜਗਤਾਰ ਸਿੰਘ ਚਕੌਹੀ ਅਤੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਨੇ ਹੜ੍ਹਾ ਦੇ ਨਾਲ ਹੋਏ ਖਰਾਬੇ ਦਾ ਮੁਆਵਜ਼ਾ ਲੈਣ ਦੀ ਮੰਗ ਨੂੰ ਲੈਕੇ ਕੇ ਆਮ ਆਦਮੀ ਪਾਰਟੀ ਤੇ ਭਾਜਪਾ ਦੇ ਵਿਧਾਇਕਾ ਤੇ ਪਾਰਲੀਮੈਂਟ ਦੇ ਮੈਂਬਰਾਂ ਨੂੰ ਚਿਤਾਵਨੀ ਪੱਤਰ ਦਿੱਤੇ ਸਨ। ਪਰ ਅੱਜ ਇਸ ਦੇ ਤਕਰੀਬਨ ਪੰਦਰਾਂ ਦਿਨ ਬੀਤ ਜਾਣ ਤੇ ਵੀ ਸੂਬਾ ਤੇ ਕੇਂਦਰ ਸਰਕਾਰ ਨੇ ਸਾਜ਼ਸ਼ੀ ਚੁੱਪ ਧਾਰਨ ਕੀਤੀ ਹੋਈ ਹੈ। ਹੁਣ ਕਿਸਾਨਾਂ ਨੂੰ ਮੁਆਵਜ਼ਾ ਲੈਣ ਲਈ ਮਜਬੂਰ ਹੋ ਕੇ ਸੰਘਰਸ਼ ਦੇ ਰਾਹ ਪੈਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਲੁਧਿਆਣਾ ਜ਼ਿਲ੍ਹੇ ਦਾ ਧਰਨਾ ਜਗਰਾਓ ਤੋ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂਕੇ ਦੀ ਰਹਾਇਸ਼ ਦੇ ਸਾਹਮਣੇ ਜਗਰਾਓ ਵਿਖੇ 11 ਤੋ 13 ਸਤੰਬਰ ਤੱਕ ਲੱਗੇਗਾ। ਜਿਸ ਸਬੰਧੀ ਮੀਟਿੰਗਾਂ ਕਰਕੇ ਤਿਆਰੀਆਂ ਆਰੰਭ ਦਿੱਤੀਆਂ ਹਨ। ਇਸ ਮੌਕੇ ਤੇ ਸੰਬੋਧਨ ਕਰਦਿਆਂ ਅਮਰੀਕ ਸਿੰਘ ਜੜਤੌਲੀ ਅਤੇ ਗੁਰਉਪਦੇਸ਼ ਸਿੰਘ ਘੁੰਗਰਾਣਾ ਨੇ ਕਿਹਾ ਕਿ ਕਿਸਾਨਾਂ ਦੀਆਂ ਪਿਛਲੀਆਂ ਲਟਕਦੀਆਂ ਮੰਗਾਂ ਜਿਵੇਂ ਫਸਲਾਂ ਦੇ ਭਾਅ ਡਾ. ਸਵਾਮੀਨਾਥਨ ਦੀ ਰਿਪੋਟ ਮੁਤਾਬਕ ਤਹਿ ਨਹੀਂ ਕੀਤਾ ਜਾ ਰਿਹਾ, ਫਸਲਾਂ ਦੀ ਖਰੀਦ ਦੀ ਗਾਰੰਟੀ ਦਾ ਕਾਨੂੰਨ ਨਹੀਂ ਬਣਾਇਆ ਜਾ ਰਿਹਾ, ਮੰਡੀਆਂ ਵਿੱਚ ਕਿਸਾਨਾਂ ਦੀ ਲੁੱਟ ਨਹੀਂ ਰੁੱਕ ਰਹੀ, ਫਸਲਾ ਦੀ ਤੁਲਾਈ ਕੰਪਿਊਟਰ ਕੰਢੇ ਨਾਲ ਨਹੀ ਹੋ ਰਹੀ, ਭਾਰਤ ਮਾਲਾ ਪ੍ਰੋਜੈਕਟ ਅਧੀਨ ਕਿਸਾਨਾਂ ਦੀਆਂ ਜ਼ਮੀਨਾਂ ਤੇ ਜਬਰੀ ਕਬਜ਼ੇ ਕੀਤੇ ਜਾ ਰਹੇ ਹਨ, ਲਖੀਮਪੁਰ ਖੀਰੀ ਹੱਤਿਆ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਕਰਵਾਉਣ ਆਦਿ ਮੰਗਾਂ ਨੂੰ ਹੱਲ ਕਰਵਾਉਣ ਦਾ ਮੁੱਦਾ ਵੀ ਇਸ ਧਰਨੇ ਵਿੱਚ ਗੂੰਜੇਗਾ। ਉਹਨਾਂ ਸਮੂਹ ਕਿਰਤੀ ਕਿਸਾਨਾਂ ਨੂੰ ਇਸ ਧਰਨੇ ਵਿੱਚ ਸ਼ਾਮਲ ਹੋਣ ਦੀ ਬੇਨਤੀ ਵੀ ਕੀਤੀ। ਇਸ ਮੌਕੇ ਤੇ ਹੋਰਨਾ ਤੋ ਇਲਾਵਾ ਨੱਛਤਰ ਸਿੰਘ, ਤਰਲੋਚਨ ਸਿੰਘ ਘੁੰਗਰਾਣਾ, ਕੁਲਦੀਪ ਸਿੰਘ, ਹਰਨੇਕ ਸਿੰਘ ਆਦਿ ਹਾਜ਼ਰ ਸਨ।

Comments
Post a Comment