ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਪਿੰਡ ਸ਼ੇਰਗੜ੍ਹ ‘ਚ ਕੀਤੀ ਮੀਟਿੰਗ
ਮੂਣਕ: ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋ ਬਲਾਕ ਮੂਣਕ ਦੇ ਇਤਿਹਾਸਕ ਪਿੰਡ ਸ਼ੇਰਗੜ੍ਹ ਵਿੱਚ ਕਿਸਾਨਾਂ ਦੀ ਭਰਵੀਂ ਮੀਟਿੰਗ ਜਗਤਾਰ ਸਿੰਘ ਸ਼ੇਰਗੜ੍ਹ ਦੀ ਪ੍ਰਧਾਨਗੀ ਹੇਠ ਕੀਤੀ। ਮੀਟਿੰਗ ਨੂੰ ਸੰਬੋਧਨ ਕਰਨ ਲਈ ਵਿਸ਼ੇਸ਼ ਤੌਰ ‘ਤੇ ਪੁੱਜੇ। ਜਮਹੂਰੀ ਕਿਸਾਨ ਸਭਾ ਪੰਜਾਬ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਊਧਮ ਸਿੰਘ ਸੰਤੋਖਪੁਰਾ ਅਤੇ ਸੂਬਾਈ ਆਗੂ ਭੀਮ ਸਿੰਘ ਆਲਮਪੁਰ ਨੇ ਜਥੇਬੰਦੀ ਦੇ ਨਿਸ਼ਾਨਿਆਂ ਤੇ ਉਦੇਸ਼ਾਂ ਦੀ ਜਾਣਕਾਰੀ ਕਿਸਾਨਾਂ ਦਿੰਦਿਆਂ ਆਖਿਆ ਕਿ ਘਾਟੇ ਵਿੱਚ ਚੱਲ ਰਹੇ ਖੇਤੀ ਦੇ ਧੰਦੇ ਨੂੰ ਬਚਾਉਣ ਲਈ ਲੁਟੇਰੇ ਕਾਰਪੋਰੇਟ ਘਰਾਣਿਆਂ ਨੂੰ ਖੇਤੀ ਵਿੱਚੋਂ ਬਾਹਰ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਸੂਬਾ ਤੇ ਕੇਂਦਰ ਸਰਕਾਰ ਲੁਟੇਰੇ ਕਾਰਪੋਰੇਟ ਘਰਾਣਿਆਂ ਦੇ ਦਬਾਅ ਅਧੀਨ ਕਿਸਾਨ ਮਾਰੂ ਨੀਤੀਆਂ ਲਾਗੂ ਕਰ ਰਹੀ ਹੈ। ਕਿਸਾਨ ਮਾਰੂ ਨੀਤੀਆਂ ਨੂੰ ਰੋਕਣ ਲਈ ਕਿਸਾਨਾਂ ਮਜ਼ਦੂਰਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਅਤੇ ਪਿੰਡਾਂ ਵਿੱਚ ਜਮਹੂਰੀ ਕਿਸਾਨ ਸਭਾ ਪੰਜਾਬ ਦੀਆਂ ਇਕਾਈਆਂ ਬਣਾਉਣੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਆਏ ਹੜ੍ਹਾ ਕਾਰਨ ਹੋਏ ਨੁਕਸਾਨ ਦਾ ਕਿਸਾਨਾਂ ਮਜ਼ਦੂਰਾਂ ਨੂੰ ਕੋਈ ਮੁਆਵਜ਼ਾ ਨਹੀ ਦਿੱਤਾ। ਜਿਸ ਕਾਰਨ ਮਜਬੂਰ ਹੋ ਕੇ ਕਿਸਾਨਾਂ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ। ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਰੋਂ, ਮੂੰਗੀ, ਮੱਕੀ ਤੇ ਬਾਸਮਤੀ ਦੀ ਖਰੀਦ ਦਾ ਪੱਕਾ ਪ੍ਰਬੰਧ ਲਾਹੇਬੰਦ ਭਾਅ ਤੇ ਕਰਨ ਦੀ ਗਾਰੰਟੀ ਕਰੇ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਬੀਰਬਲ ਲੇਹਲ ਕਲਾਂ ਨੇ ਕਿਹਾ ਕਿ ਸਾਨੂੰ ਜਥੇਬੰਦੀ ਦੀ ਮੈਂਬਰਸ਼ਿਪ ਕਰਕੇ ਪਿੰਡਾਂ ਵਿੱਚ ਇਕਾਈਆਂ ਬਣਾ ਕੇ ਕਿਸਾਨ ਲਹਿਰ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਅੰਤ ਵਿੱਚ ਜਗਤਾਰ ਸਿੰਘ ਸ਼ੇਰਗੜ੍ਹ ਨੇ ਬਲਾਕ ਮੂਣਕ ਦੇ ਸਾਰੇ ਪਿੰਡਾਂ ਵਿੱਚ ਜਥੇਬੰਦੀ ਦਾ ਪਸਾਰਾ ਕਰਨ ਦਾ ਭਰੋਸਾ ਦਿੱਤਾ।

Comments
Post a Comment