ਇਨਸਾਫ਼ ਲੈਣ ਲਈ ਥਾਣੇ ਅੱਗੇ ਲਗਾਇਆ ਧਰਨਾ
ਜੰਡਿਆਲਾ ਗੁਰੂ: ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ (ਜੇਪੀਐਮਓ) ਵਿਚ ਸ਼ਾਮਲ ਜਥੇਬੰਦੀਆਂ ਜਮੂਹਰੀ ਕਿਸਾਨ ਸਭਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਦਿਹਾਤੀ ਮਜ਼ਦੂਰ ਸਭਾ ਅਤੇ ਸੀਟੀਯੂ ਪੰਜਾਬ ਦੇ ਸੈਂਕੜੇ ਵਰਕਰਾਂ ਵੱਲੋਂ ਪੁਲੀਸ ਥਾਣਾ ਜੰਡਿਆਲਾ ਗੁਰੂ ਦੀਆਂ ਵਧੀਕੀਆਂ ਅਤੇ ਲੋਕਾਂ ਨੂੰ ਇਨਸਾਫ਼ ਨਾ ਦੇਣ ਖਿਲਾਫ ਥਾਣੇ ਸਾਹਮਣੇ ਰੋਸ ਧਰਨਾ ਦਿੱਤਾ। ਇਸ ਤੋਂ ਪਹਿਲਾਂ ਜੀਟੀ ਰੋਡ ਉਪਰ ਰੋਹ ਭਰਪੂਰ ਮਾਰਚ ਕੀਤਾ ਅਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਜਥੇਬੰਦੀਆਂ ਦੇ ਆਗੂਆਂ ਗੁਰਮੇਜ ਸਿੰਘ ਤਿੰਮੋਵਾਲ, ਬਲਦੇਵ ਸਿੰਘ ਸੈਦਪੁਰ, ਅਮਰੀਕ ਸਿੰਘ ਦਾਊਦ, ਜਗਤਾਰ ਸਿੰਘ ਕਰਮਪੁਰਾ, ਨੌਜਵਾਨ ਆਗੂ ਪਲਵਿੰਦਰ ਸਿੰਘ ਮਹਿਸਮਪੁਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਰਸੂਲਪੁਰ ਵਾਸੀ ਬਖਤਾਵਰ ਸਿੰਘ ਦੇ ਘਰ ਉਪਰ ਹਮਲਾ ਕਰਕੇ ਉਸ ਦੀ ਪਤਨੀ ਨੂੰ ਜ਼ਖਮੀ ਕੀਤਾ ਪਰ ਉਸੇ ਪਿੰਡ ਦੀ ਰਹਿਣ ਵਾਲੀ ਡੀਐਸਪੀ ਖੁਸ਼ਬੀਰ ਕੌਰ ਦੇ ਦਬਾਅ ਤਹਿਤ ਥਾਣਾ ਜੰਡਿਆਲਾ ਦੇ ਪੁਲੀਸ ਵੱਲੋਂ ਹਮਲਾਵਰਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਗਹਿਰੀ ਮੰਡੀ ਵਾਸੀ ਰਾਜਵਿੰਦਰ ਕੌਰ ਪਤਨੀ ਮਨਜੀਤ ਸਿੰਘ ਦੇ ਹਮਲਾਵਰਾਂ ਵੱਲੋਂ ਸੱਟਾਂ ਮਾਰੀਆਂ ਗਈਆਂ ਕੁਲਜੀਤ ਕੌਰ ਵਿਧਵਾ ਬਲਰਾਜ ਸਿੰਘ ਵਾਸੀ ਜੰਡਿਆਲਾ ਗੁਰੂ ਦੀ ਜ਼ਮੀਨ ਉਪਰ ਕਬਜ਼ਾ ਕੀਤਾ ਅਤੇ ਮਾਰ ਕੁਟਾਈ ਕੀਤੀ ਪਿੰਡ ਧਾਰੜ ਦੇ ਵਿਅਕਤੀਆਂ ਖਿਲਾਫ ਮੁਕੱਦਮਾ ਨੰਬਰ 175/22 ਦਰਜ ਹੋਇਆ ਪਰ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਥਾਂ 90 ਸਾਲਾ ਬਜ਼ੁਰਗ ਅਤੇ ਮਾਤਾ ਉਪਰ ਕਰਾਸ ਪਰਚਾ ਦਰਜ ਕਰ ਦਿੱਤਾ। ਆਗੂਆਂ ਨੇ ਕਿਹਾ ਕਿ ਇਹਨਾਂ ਮਸਲਿਆਂ ਵਿੱਚ ਇਨਸਾਫ਼ ਦੇਣ ਲਈ ਥਾਣਾ ਮੁਖੀ ਨੂੰ ਵਾਰ ਵਾਰ ਬੇਨਤੀਆਂ ਕਰਨ ਦੇ ਬਾਵਜੂਦ ਇਨਸਾਫ਼ ਨਹੀਂ ਦਿੱਤਾ, ਜਿਸ ਤੋਂ ਮਜ਼ਬੂਰ ਹੋ ਕੇ ਇਨਸਾਫ਼ ਲੈਣ ਲਈ ਇਹ ਰੋਸ ਧਰਨਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨਸਾਫ਼ ਦੀ ਪ੍ਰਾਪਤੀ ਤੱਕ ਧਰਨਾ ਜਾਰੀ ਰਹੇਗਾ। ਅੱਜ ਦੇ ਇਸ ਇਕੱਠ ਨੂੰ ਹਰਪ੍ਰੀਤ ਸਿੰਘ ਬੁਟਾਰੀ, ਨਿਰਮਲ ਸਿੰਘ ਭਿੰਡਰ, ਸਵਿੰਦਰ ਸਿੰਘ ਖਹਿਰਾ, ਰਸ਼ਪਾਲ ਸਿੰਘ ਬੁਟਾਰੀ, ਸੱਜਣ ਸਿੰਘ ਤਿਮੋਵਾਲ, ਪਰਵਿੰਦਰ ਸਿੰਘ ਰਈਆ, ਪ੍ਰਗਟ ਸਿੰਘ, ਟੌਗ ਸਿੰਘ, ਜਰਮਨਜੀਤ ਸਿੰਘ ਧਾਰੜ, ਸੁਰਜੀਤ ਸਿੰਘ ਤਲਵੰਡੀ, ਵਿਜੈ ਦਾਊਦ, ਸਤਵੰਤ ਸਿੰਘ ਭੱਟੀਕੇ, ਜਸਵੰਤ ਸਿੰਘ ਛੱਜਲਵੱਡੀ, ਬਲਵਿੰਦਰ ਸਿੰਘ ਵਡਾਲਾ ਕਲਾਂ ਨੰਬਰਦਾਰ, ਸੁਖਵੰਤ ਸਿੰਘ ਵਡਾਲਾ ਕਲਾਂ ਆਦਿ ਨੇ ਸੰਬੋਧਨ ਕੀਤਾ।

Comments
Post a Comment