ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਡੀਸੀ ਦਫ਼ਤਰ ਅੱਗੇ ਦਿੱਤਾ ਰੋਹ ਭਰਪੂਰ ਧਰਨਾ
ਤਰਨਤਾਰਨ: ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਲਈ ਫੌਰੀ ਰਾਹਤ ਅਤੇ ਮੁਆਵਜ਼ਾ ਦੇਣ, ਸ਼ੂਗਰ ਮਿੱਲ ਸ਼ੇਰੋਂ ਨੂੰ ਚਾਲੂ ਕਰਨ, ਮੱਕੀ ਅਤੇ ਮੂੰਗੀ ਦੀ ਫ਼ਸਲ ਦੇ ਐਮਐਸਪੀ ਤੋਂ ਘੱਟ ਰੇਟ ‘ਤੇ ਹੋਈ ਖਰੀਦ ਦੀ ਹੋਈ ਲੁੱਟ ਦੀ ਭਰਪਾਈ ਕਰਨ, ਲੌਹਕਾ ਸ਼ਰਾਬ ਫੈਕਟਰੀ ਦਾ ਜ਼ਹਿਰੀਲਾ ਪਾਣੀ ਧਰਤੀ ਹੇਠ ਪਾਉਣ ਵਿਰੁੱਧ ਡੀਸੀ ਦਫਤਰ ਅੱਗੇ ਰੋਹ ਭਰਪੂਰ ਧਰਨਾ ਦਿੱਤਾ ਗਿਆ। ਇਸ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਬੱਗੂ, ਹਰਭਜਨ ਸਿੰਘ ਚੂਸਲੇਵੜ, ਰੇਸ਼ਮ ਸਿੰਘ ਫੇਲੋਕੇ, ਜਗੀਰ ਸਿੰਘ ਗੰਡੀਵਿੰਡ, ਝਿਲਮਿਲ ਸਿੰਘ ਬਾਣੀਆਂ, ਕੇਵਲ ਸਿੰਘ ਮਾੜੀ ਕੰਬੋਕੀ ਨੇ ਕੀਤੀ।
ਧਰਨੇ ਦੌਰਾਨ ਜੁੜੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਮੁਖਤਾਰ ਸਿੰਘ ਮੱਲਾ ਅਤੇ ਦਲਜੀਤ ਸਿੰਘ ਦਿਆਲਪੁਰਾ ਨੇ ਕਿਹਾ ਕਿ ਹੜ੍ਹਾਂ ਤੋਂ ਪ੍ਰਭਾਵਿਤ ਲੋਕ ਸਰਕਾਰੀ ਰਾਹਤ ਅਤੇ ਮੁਆਵਜ਼ੇ ਨੂੰ ਉਡੀਕ ਰਹੇ ਹਨ ਪਰੰਤੂ ਸਰਕਾਰ ਸਿਰਫ ਬਿਆਨ ਦੇ ਰਹੀ ਹੈ ਅਤੇ ਐਲਾਨ ਕਰ ਰਹੀ ਹੈ। ਲੋਕਾਂ ਨੂੰ ਜਾਨ ਮਾਲ ਅਤੇ ਫਸਲਾਂ ਦੇ ਤਰੰਤ ਮੁਆਵਜ਼ੇ ਦੀ ਜ਼ਰੂਰਤ ਹੈ।ਆਗੂਆਂ ਨੇ ਕਿਹਾ ਕਿ ਐਮਐਸਪੀ ਦੇਣ ਦੇ ਵਾਅਦੇ ਨਾਲ ਆਈ ਭਗਵੰਤ ਮਾਨ ਸਰਕਾਰ ਦੇ ਰਾਜ ਵਿੱਚ ਮੱਕੀ ਅਤੇ ਮੂੰਗੀ ਦੀ ਫਸਲ ਬੁਰੀ ਤਰ੍ਹਾਂ ਰੁਲੀ ਹੈ ਅਤੇ ਅੱਧੀ ਤੋਂ ਵੀ ਘੱਟ ਕੀਮਤ ‘ਤੇ ਵਿਕੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਮੰਡ ਖੇਤਰ ਦੀ ਫ਼ਸਲ ਦੀ ਗਰੰਟੀ ਕਰਦੀ ਅਤੇ ਇਲਾਕੇ ਦੀ ਇੱਕੋ ਇੱਕ ਮਿੱਲ ਖੰਡ ਮਿਲ ਸ਼ੇਰੋਂ ਸਰਕਾਰਾਂ ਦੀ ਨਲਾਇਕੀ ਅਤੇ ਬੇਈਮਾਨੀ ਕਰਕੇ ਲੰਮੇ ਸਮੇਂ ਤੋਂ ਬੰਦ ਪਈ ਹੈਂ। ਇਸ ਦਾ ਨਵੀਨੀਕਰਨ ਕਰਕੇ ਤੁਰੰਤ ਚਾਲੂ ਕਰਨ ਦੀ ਲੋੜ ਹੈ। ਆਗੂਆਂ ਨੇ ਦੋਸ਼ ਲਾਇਆ ਕਿ ਲੌਹਕਾ ਸ਼ਰਾਬ ਫੈਕਟਰੀ ਧਰਤੀ ਹੇਠਲੇ ਪਵਿੱਤਰ ਪਾਣੀ ਨੂੰ ਪ੍ਰਦੂਸ਼ਿਤ ਕਰ ਰਹੀ ਹੈ । ਸਰਕਾਰ ਅਤੇ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ।
ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਡੀਸੀ ਤਰਨਤਾਰਨ ਨੂੰ ਮੁੱਖ ਮੰਤਰੀ ਦੇ ਨਾਂਅ ਦਿੱਤੇ ਮੰਗ ਪੱਤਰ ਵਿੱਚ ਮੰਗ ਕੀਤੀ ਕਿ ਹੜ੍ਹ ਪੀੜਤ ਕਿਸਾਨਾਂ ਨੂੰ ਪ੍ਰਤੀ ਏਕੜ 50000 ਰੁਪਏ ਮੁਆਵਜ਼ਾ ਦਿੱਤਾ ਜਾਵੇ। ਪਸ਼ੂਆਂ ਲਈ ਚਾਰੇ ਦਾ ਪ੍ਰਬੰਧ ਕੀਤਾ ਜਾਵੇ, ਜਾਨਮਾਲ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ। ਸ਼ੇਰੋਂ ਖੰਡ ਮਿੱਲ ਚਾਲੂ ਕੀਤੀ ਜਾਵੇ। ਮੱਕੀ ਅਤੇ ਮੂੰਗੀ ਦੀ ਫਸਲ ਜੋ ਐਮਐਸਪੀ ਤੋਂ ਘੱਟ ਰੇਟ ‘ਤੇ ਵਿਕੀ ਹੈ ਦੀ ਮੁੱਲ ਭਰਪਾਈ ਕੀਤੀ ਜਾਵੇ ਅਤੇ ਸਾਰੀਆਂ ਫਸਲਾਂ ਡਾ ਸਵਾਮੀ ਨਾਥਨ ਦੇ ਫਾਰਮੂਲੇ ਮੁਤਾਬਕ ਐਮਐਸਪੀ ਤਹਿ ਕਰਕੇ ਖ਼ਰੀਦ ਦੀ ਗਰੰਟੀ ਕੀਤੀ ਜਾਵੇ। ਲੌਹਕਾ ਸ਼ਰਾਬ ਫੈਕਟਰੀ ਦਾ ਜ਼ਹਿਰੀਲਾ ਪਾਣੀ ਧਰਤੀ ਹੇਠ ਪਾਉਣਾ ਬੰਦ ਕਰਕੇ ਟਰੀਟਮੈਂਟ ਪਲਾਂਟ ਸਥਾਪਤ ਕੀਤਾ ਜਾਵੇ।
ਇਸ ਮੌਕੇ ਬਲਵਿੰਦਰ ਸਿੰਘ ਫੈਲੋਕੇ, ਗੁਰਪ੍ਰਤਾਪ ਸਿੰਘ ਬਾਠ, ਸੁਖਦੇਵ ਸਿੰਘ ਜਵੰਦਾ, ਸੁਰਜੀਤ ਸਿੰਘ ਦੇਉ, ਜੰਗ ਬਹਾਦਰ ਸਿੰਘ ਤੁੜ, ਬਲਦੇਵ ਸਿੰਘ ਅਹਿਮਦਪੁਰ, ਦਾਰਾ ਸਿੰਘ ਮੁੰਡਾਪਿੰਡ, ਲਖਵਿੰਦਰ ਸਿੰਘ, ਮੁਖਵਿੰਦਰ ਸਿੰਘ ਫੇਲੋਕੇ, ਅਨੋਖ ਸਿੰਘ ਕਾਹਲਵਾਂ, ਕਸ਼ਮੀਰ ਸਿੰਘ ਫੌਜੀ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।

Comments
Post a Comment