ਫੈਕਟਰੀ ਵਲੋਂ ਧਰਤੀ ਹੇਠ ਸੁੱਟੇ ਜਾ ਰਹੇ ਪਾਣੀ ਖ਼ਿਲਾਫ਼ ਜਥੇਬੰਦੀਆਂ ਨੇ ਮੋਰਚਾ ਖੋਲ੍ਹਿਆਂ
ਜਗਰਾਉਂ: ਤੱਪੜ ਹਰਨੀਆਂ ਫੈਕਟਰੀ ਵਲੋਂ ਧਰਤੀ ‘ਚ ਸੁੱਟੇ ਜਾ ਰਹੇ ਗੰਧਲੇ ਪਾਣੀ ਅਤੇ ਜੀਟੀ ਰੋਡ ‘ਤੇ ਬੋਰ ਕਰਕੇ ਧਰਤੀ ‘ਚ ਸੁੱਟੇ ਜਾ ਰਹੇ ਬਾਰਸ਼ ਦੇ ਗੰਧਲੇ ਪਾਣੀ ਖਿਲਾਫ ਜਨਤਕ ਜਥੇਬੰਦੀਆਂ ਦਾ ਵਫਦ ਐਸਡੀਐਮ ਮਨਜੀਤ ਕੌਰ ਨੂੰ ਮਿਲਿਆ। ਵਫਦ ਨੇ ਪ੍ਰਸਾਸ਼ਨ ਵਲੋਂ ਬਣਾਈ ਪੜਤਾਲੀਆ ਕਮੇਟੀ ‘ਚ ਇਲਾਕੇ ਦੀਆਂ ਸਾਰੀਆਂ ਕਿਸਾਨ ਮਜਦੂਰ ਜਥੇਬੰਦੀਆਂ, ਪਾਣੀ ਦੇ ਮਾਹਰ ਵਿਗਿਆਨੀਆਂ, ਖੋਜਕਾਰਾਂ ਨੂੰ ਸ਼ਾਮਲ ਕਰਨ ਦੀ ਮੰਗ ਕੀਤੀ। ਵਫਦ ਨੇ ਸਿਵਲ
ਪ੍ਰਸ਼ਾਸਨ ਤੋਂ ਇਸ ਮਾਮਲੇ ‘ਚ ਜ਼ੀਰਾ ਫੈਕਟਰੀ ਵਾਂਗ, ਫੈਕਟਰੀ ‘ਚ ਧੁਰ ਤਕ ਨਿਰਪੱਖ ਛਾਣਬੀਣ ਕਰਨ ਦੀ ਮੰਗ ਕੀਤੀ। ਵਫਦ ਨੇ ਜੋਰ ਦੇ ਕੇ ਕਿਹਾ ਕਿ ਜੀਟੀ ਰੋਡ ‘ਤੇ ਬਾਰਸ਼ ਦੇ ਪਾਣੀ ਦੇ ਨਿਕਾਸ ਲਈ ਕੀਤੇ ਡੂੰਘੇ ਬੋਰਾਂ ਰਾਹੀਂ ਧਰਤੀ ‘ਚ ਸੁੱਟੇ ਜਾ ਰਹੇ ਪਾਣੀ ਨੂੰ ਪ੍ਰਮਾਣਿਤ ਯੋਗ ਵਿਧੀ ਰਾਹੀਂ ਸੁੱਟਿਆ ਜਾਵੇ। ਐਸਡੀਐਮ ਨੇ ਇਸ ਮਾਮਲੇ ‘ਚ ਜਲਦੀ ਸਬੰਧਤ ਸੰਸਥਾਵਾਂ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ। ਵਫਦ ਨੇ ਜੋਰ ਦੇ ਕੇ ਕਿਹਾ ਕਿ ਇਹ ਮਸਲੇ ਹੱਲ ਨਾ ਹੋਣ ਦੀ ਸੂਰਤ ਵਿੱਚ ਇਲਾਕੇ ‘ਚ ਬੀਮਾਰੀਆਂ ਫੈਲਣ, ਫਸਲਾਂ ਦੀ ਉਤਪਾਦਕਤਾ ਤੇ ਮਾੜਾ ਅਸਰ ਪੈਣ ਦਾ ਖਤਰਾ ਮੰਡਰਾ ਰਿਹਾ ਹੈ।
ਆਗੂਆਂ ਨੇ ਕਿਹਾ ਕਿ ਜੇ ਇਸ ਦਾ ਹੱਲ੍ਹ ਨਾ ਕੀਤਾ ਤਾਂ ਜਥੇਬੰਦੀਆਂ ਸੰਘਰਸ਼ ਲਈ ਮਜਬੂਰ ਹੋਣਗੀਆਂ। ਇਸ ਸਮੇਂ ਵਫਦ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਜਗਤਾਰ ਸਿੰਘ ਦੇਹੜਕਾਂ, ਇੰਦਰਜੀਤ ਸਿੰਘ ਧਾਲੀਵਾਲ, ਜਮਹੂਰੀ ਕਿਸਾਨ ਸਭਾ ਵਲੋਂ ਬਲਰਾਜ ਸਿੰਘ ਕੋਟਉਮਰਾ, ਗੁਰਮੇਲ ਸਿੰਘ ਰੂਮੀ, ਇਨਕਲਾਬੀ ਕੇਂਦਰ ਪੰਜਾਬ ਵਲੋਂ ਕੰਵਲਜੀਤ ਖੰਨਾ, ਕਿਰਤੀ ਕਿਸਾਨ ਯੂਨੀਅਨ ਵਲੋਂ ਤਰਲੋਚਨ ਸਿੰਘ ਝੋਰੜਾਂ, ਪੰਜਾਬ ਕਿਸਾਨ ਯੂਨੀਅਨ ਵਲੋਂ ਬੂਟਾ ਸਿੰਘ ਚਕਰ, ਆਲ ਇੰਡੀਆ ਕਿਸਾਨ ਮਜਦੂਰ ਸਭਾ ਵਲੋਂ ਭਰਪੂਰ ਸਿੰਘ ਸੱਚਦੀ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਵਲੋਂ ਜਸਦੇਵ ਸਿੰਘ ਲਲਤੋਂ, ਭਾਰਤੀ ਕਿਸਾਨ ਯੂਨੀਅਨ ਉਰਾਂਹਾ ਵਲੋਂ ਰਾਮਸਰਨ ਸਿੰਘ ਮਜਦੂਰ ਆਗੂ ਹੁਕਮ ਰਾਜ ਦੇਹੜਕਾਂ, ਸੁਖਦੇਵ ਮਾਣੂਕੇ, ਮਦਨ ਸਿੰਘ, ਜਗਦੀਸ਼ ਸਿੰਘ ਮਾਣੂਕੇ, ਗੁਰਮੇਲ ਸਿੰਘ ਭਰੋਵਾਲ, ਤਰਸੇਮ ਸਿੰਘ ਬੱਲੂਵਾਲ, ਜਨ ਸ਼ਕਤੀ ਜਗਜੀਤ ਸਿੰਘ ਕਲੇਰ ਆਦਿ ਹਾਜਰ ਸਨ। ਇਸ ਸਬੰਧੀ ਵਫਦ ਨੇ ਏਡੀਸੀ ਜਗਰਾਉਂ ਨੂੰ ਵੀ ਮੰਗ ਪੱਤਰ ਦਿੱਤਾ।

Comments
Post a Comment