ਮੂੰਗੀ ਅਤੇ ਮੱਕੀ ਦੀ ਖਰੀਦ ਐਲਾਨ ਕੀਤੇ ਭਾਅ ‘ਤੇ ਨਾ ਹੋਣ ਕਾਰਨ ਕਿਸਾਨਾਂ ਦਾ ਗੁੱਸਾ ਹੋਇਆ ਲਾਲ
ਜਗਰਾਉਂ: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਅੱਜ ਮਾਰਕੀਟ ਕਮੇਟੀ ਦੇ ਦਫਤਰ ਦੇ ਸਾਹਮਣੇ ਕਿਸਾਨ ਜਥੇਬੰਦੀਆਂ ਵੱਲੋਂ ਰੋਹ ਭਰਪੂਰ ਮੁਜ਼ਾਹਰਾ ਕਰਕੇ ਮੁੱਖ ਮੰਤਰੀ ਪੰਜਾਬ ਦੀ ਅਰਥੀ ਫੂਕੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਬੀਕੇਯੂ ਲੱਖੋਵਾਲ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਖ਼ਜ਼ਾਨਚੀ ਗੁਰਮੇਲ ਸਿੰਘ ਰੂਮੀ, ਆਲ ਇੰਡੀਆ ਕਿਸਾਨ ਸਭਾ ਦੇ ਚਮਕੌਰ ਸਿੰਘ ਬਰਮੀ, ਬੀਕੇਯੂ ਡਕੌਤਾ ਦੇ ਜਗਤਾਰ ਸਿੰਘ ਦੋਦੜਾ, ਦਸ਼ਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਮਾਸਟਰ ਜਸਦੇਵ ਸਿੰਘ ਲੱਲਤੋ, ਆਲ ਇੰਡੀਆ ਕਿਸਾਨ ਸਭਾ ਦੇ ਬਲਦੇਵ ਸਿੰਘ ਲਤਾਲਾ, ਪੰਜਾਬ ਕਿਸਾਨ ਯੂਨੀਅਨ ਦੇ ਬੂਟਾ ਸਿੰਘ ਚਕਰ, ਕਿਸਾਨ ਬਚਾਉ ਮੋਰਚਾ ਦੇ ਹਰਕ੍ਰਿਸ਼ਨ ਸਿੰਘ, ਇੰਡੀਅਨ ਫਾਰਮਰਜ ਐਸ਼ੋਸ਼ੀਏਸ਼ਨ ਜਸਕਰਨ ਸਿੰਘ, ਕੋਮੀ ਕਿਸਾਨ ਯੂਨੀਅਨ ਦੇ ਸਤਿੰਦਰਜੀਤ ਸਿੰਘ ਈਸੜੂ, ਪੇਂਡੂ ਮਜ਼ਦੂਰ ਯੂਨੀਅਨ ਦੇ ਅਵਤਾਰ ਸਿੰਘ ਤਾਰੀ, ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਹੁਕਮ ਰਾਜ ਦੇਹੜਕਾ ਨੇ ਆਖਿਆ ਕਿ ਕਿਸਾਨਾਂ ਵੱਲੋਂ ਪੈਦਾ ਕੀਤੀ ਮੂੰਗੀ ਤੇ ਮੱਕੀ ਦੀ ਫ਼ਸਲ ਪ੍ਰਾਈਵੇਟ ਵਪਾਰੀਆਂ ਵੱਲੋਂ ਕੌਡੀਆਂ ਦੇ ਭਾਅ ਖਰੀਦ ਕੇ ਕਿਸਾਨਾਂ ਦੀ ਵੱਡੀ ਲੁੱਟ ਕੀਤੀ ਗਈ ਹੈ। ਜਦੋਂ ਕਿ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਕਿਸਾਨ ਨੂੰ ਕਣਕ, ਝੋਨੇ ਦੇ ਚੱਕਰ ਵਿੱਚੋਂ ਨਿਕਲ ਕੇ ਘੱਟ ਪਾਣੀ ਨਾਲ ਹੋਣ ਵਾਲੀਆਂ ਫ਼ਸਲਾਂ ਪੈਦਾ ਕੀਤੀਆਂ ਜਾਣ ਜਿੰਨਾਂ ਨੂੰ ਸਰਕਾਰ ਐਲਾਨ ਕੀਤੇ ਭਾਅ ‘ਤੇ ਖ਼ਰੀਦੇਗੀ ਪਰ ਹੁਣ ਸਰਕਾਰ ਫ਼ਸਲ ਤਾਂ ਕੀ ਖ਼ਰੀਦਣੀ ਸੀ ਉਲਟਾ ਮੱਕੀ ਤੇ ਮੂੰਗੀ ਦੀ ਕੁਵਾਲਿਟੀ ਵਿੱਚ ਨੁਕਸ ਕੱਢੇ ਜਾ ਰਹੇ ਹਨ।
ਆਗੂਆਂ ਨੇ ਮੰਗ ਕੀਤੀ ਕਿ ਮੱਕੀ ਸਕਾਉਣ ਲਈ ਮੰਡੀਆ ਵਿੱਚ ਡਰਾਇਰ ਦਾ ਪ੍ਰਬੰਧ ਕੀਤਾ ਜਾਵੇ। ਜਿੰਨਾ ਕਿਸਾਨਾਂ ਦੀ ਮੂੰਗੀ ਤੇ ਮੱਕੀ ਘੱਟ ਰੇਟ ‘ਤੇ ਖਰੀਦੀ ਗਈ ਹੈ, ਉਹਨਾਂ ਕਿਸਾਨਾਂ ਨੂੰ ਬਾਕੀ ਦੇ ਪੈਸੇ ਸਰਕਾਰ ਦੇਵੇ। ਉਹਨਾਂ ਬਾਸਮਤੀ ਦਾ ਮੁੱਲ ਪੰਜ ਹਜ਼ਾਰ ਰੁਪਏ ਪ੍ਰਤੀ ਕੁਵਿੰਟਲ ਐਲਾਨ ਦੀ ਮੰਗ ਵੀ ਰੱਖੀ। ਉਹਨਾਂ ਕਿਹਾ ਕਿ ਜੇ ਸਰਕਾਰ ਨੇ ਉਪਰੋਕਤ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਕਿਸਾਨ ਵੱਡਾ ਅੰਦੋਲਨ ਕਰਨ ਲਈ ਮਜਬੂਰ ਹੋਣਗੇ।
ਇਸ ਮੌਕੇ ਹੋਰਨਾ ਤੋਂ ਇਲਾਵਾ ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਸੁਰਜੀਤ ਸਿੰਘ ਸੀਲੋ, ਨਛੱਤਰ ਸਿੰਘ ਕਿਲ੍ਹਾ ਰਾਏਪੁਰ, ਹਰਦਿਆਲ ਸਿੰਘ, ਦਿਵਾਨ ਸਿੰਘ ਕੋਟਉਮਰਾ, ਗੁਰਮੇਲ ਸਿੰਘ ਭਰੋਵਾਲ ਆਦਿ ਹਾਜ਼ਰ ਸਨ।

Comments
Post a Comment