ਹੜ੍ਹਾਂ ਦੇ ਪਾਣੀ ਨਾਲ ਜ਼ਮੀਨਾਂ ਵਿੱਚ ਚਾਰ ਤੋਂ ਪੰਜ ਫੁੱਟ ਤੱਕ ਭਰਿਆ ਰੇਤਾ, ਕਿਸਾਨਾਂ ਦੀ ਸਾਰ ਲੈਣ ਦੀ ਮੰਗ
ਭੂੰਦੜ੍ਹੀ: ਸਤਲੁਜ ਦਰਿਆ ਵਿੱਚੋ ਬੇਸ਼ੱਕ ਪਾਣੀ ਦਾ ਪੱਧਰ ਨੀਵਾਂ ਹੋ ਗਿਆ ਹੈ ਪਰ ਪਾਣੀ ਦੇ ਵਹਾ ਨੇ ਕਿਸਾਨਾਂ ਦੀਆਂ ਨਿੱਜੀ ਮਾਲਕੀ ਵਾਲੀਆਂ ਜ਼ਮੀਨਾਂ ਨੂੰ ਸਮੇਤ ਫਸਲਾਂ ਨੂੰ ਤਬਾਹ ਕਰ ਦਿੱਤਾ ਹੈ। ਪਾਣੀ ਉਤਰਨ ਤੋਂ ਬਾਅਦ ਕਿਸਾਨਾਂ ਦੀਆਂ ਜ਼ਮੀਨਾਂ ਵਿੱਚ ਚਾਰ ਤੋਂ ਪੰਜ ਫੁੱਟ ਤੱਕ ਰੇਤਾ ਭਰ ਗਿਆ ਹੈ। ਜਿਸ ਨਾਲ ਜਿੱਥੇ ਕਿਸਾਨਾਂ ਦੀ ਫ਼ਸਲ ਮਿੱਟੀ ਵਿੱਚ ਦੱਬ ਗਈ ਹੈ, ਉੱਥੇ ਇਸ ਜ਼ਮੀਨ ਵਿੱਚ ਛੇਤੀ ਕੀਤੇ ਹੋਰ ਫ਼ਸਲ ਵੀ ਨਹੀਂ ਹੋ ਸਕੇਗੀ।
ਅੱਜ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਜਥੇਬੰਦਕ ਸਕੱਤਰ ਰਘਵੀਰ ਸਿੰਘ ਬੈਨੀਪਾਲ ਤੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਵੱਲੋਂ ਸਤਲੁਜ ਦਰਿਆ ਦੇ ਬੰਨ ਉੱਪਰ ਪੈਂਦੇ ਪਿੰਡ ਕੋਟਉਮਰਾ ਦਾ ਸਥਾਨਕ ਕਿਸਾਨਾਂ ਰਣਜੀਤ ਸਿੰਘ ਗੋਰਸੀਆ, ਰਾਜੂ ਸਿੰਘ ਕੋਟਉਮਰਾ, ਸਾਬਕਾ ਸਰਪੰਚ ਸੁਰਜੀਤ ਸਿੰਘ, ਮਨਜੀਤ ਸਿੰਘ ਗੋਰਸੀਆ ਨਾਲ ਜਾਕੇ ਜਾਇਜ਼ਾ ਲਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਸਰਕਾਰ ਦੀ ਬਾਰਸ਼ਾਂ ਤੋਂ ਪਹਿਲਾਂ ਦਰਿਆਵਾਂ, ਨਦੀਆਂ, ਨਹਿਰਾਂ, ਨਾਲ਼ਿਆਂ ਦੇ ਬੰਨਾਂ ਦੀ ਮੁਰੰਮਤ ਤੇ ਸਫਾਈ ਨਾ ਕਰਨ ਕਰਕੇ ਪੰਜਾਬ ਵਿੱਚ ਹੜ੍ਹਾਂ ਵਰਗੇ ਹਾਲਤ ਬਣੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਬੁੱਢੇ ਨਾਲੇ ਦੀ ਸਫ਼ਾਈ ਲਈ ਐਲਾਨ ਕੀਤੇ ਛੇ ਸੌ ਪੰਜਾਹ ਕਰੋੜ ਰੁਪਏ ਵਿਚੋ ਕੋਈ ਪੈਸਾ ਰਲੀਜ਼ ਨਹੀਂ ਕੀਤਾ। ਸਤਲੁਜ ਦਰਿਆ ਦੇ ਵਿਚਕਾਰ ਜੰਗਲਾਤ ਮਹਿਕਮੇ ਵੱਲੋਂ ਦਰਖ਼ਤ ਲਗਾ ਦਿੱਤੇ ਗਏ। ਜਿਸ ਨਾਲ ਪਾਣੀ ਦਾ ਵਹਾ ਰੁੱਕ ਗਿਆ। ਪਾਣੀ ਨੇ ਇਹ ਸਾਰੇ ਦਰਖਤ ਪੁੱਟ ਕੇ ਕਿਸਾਨਾਂ ਦੇ ਖੇਤਾਂ ਵਿੱਚ ਸੁੱਟ ਦਿੱਤੇ ਅਤੇ ਨਾਲ ਹੀ ਕਈ ਫੁੱਟ ਰੇਤਾ ਵੀ ਕਿਸਾਨਾਂ ਦੀਆਂ ਜ਼ਮੀਨਾਂ ਵਿੱਚ ਚੜ੍ਹ ਗਿਆ। ਕਿਸਾਨਾਂ ਵੱਲੋਂ ਮੰਗ ਕੀਤੀ ਗਈ ਕਿ ਉਹਨਾਂ ਦੀਆਂ ਖ਼ਰਾਬ ਹੋਈਆਂ ਫਸਲਾਂ ਦਾ ਪੂਰਾ ਮੁਆਵਜ਼ਾ ਉਹਨਾਂ ਨੂੰ ਦਿੱਤਾ ਜਾਵੇ। ਉਹਨਾਂ ਦੇ ਖੇਤਾਂ ਵਿੱਚ ਜਮ੍ਹਾ ਹੋਏ ਰੇਤੇ ਨੂੰ ਜਲਦੀ ਨਾਲ ਚੁੱਕਿਆ ਜਾਵੇ। ਰੇਤੇ ਦੀ ਰਿਐਲਟੀ ਕਿਸਾਨਾਂ ਨੂੰ ਦਿੱਤੀ ਜਾਵੇ, ਜਾਂ ਕਿਸਾਨਾਂ ਨੂੰ ਖੁਦ ਰੇਤਾ ਚੁੱਕਣ ਦੀ ਆਗਿਆ ਦਿੱਤੀ ਜਾਵੇ। ਦਰਿਆ ਦੇ ਵਿਚਕਾਰ ਲੱਗੇ ਦਰਖਤਾਂ ਨੂੰ ਹਟਾਇਆ ਜਾਵੇ, ਤਾਂ ਜੋ ਅਗਲੀ ਵਾਰ ਪਾਣੀ ਦਾ ਵਹਾ ਨਾ ਰੁਕੇ।
ਆਗੂਆਂ ਨੇ ਕਿਹਾ ਕਿ ਉਪਰੋਕਤ ਮੰਗਾਂ ਦੇ ਹੱਲ ਲਈ 19 ਜੁਲਾਈ ਨੂੰ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਮੰਗ ਪੱਤਰ ਦਿੱਤਾ ਜਾਵੇਗਾ। ਇਸ ਮੌਕੇ ਹੋਰਨਾ ਤੋ ਇਲਾਵਾ ਮਨਪ੍ਰੀਤ ਸਿੰਘ ਕੋਟਉਮਰਾ, ਤਾਰਾ ਸਿੰਘ ਸਾਬਕਾ ਸਰਪੰਚ ਸੰਕਰ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।

Comments
Post a Comment