ਐਮਐਸਪੀ ਲੈਣ ਲਈ ਪੰਜ ਥਾਵਾਂ ‘ਤੇ ਪੁਤਲੇ ਫੂਕਣ ਦਾ ਕੀਤਾ ਐਲਾਨ
ਲੁਧਿਆਣਾ: ਸੰਯੁਕਤ ਕਿਸਾਨ ਮੋਰਚੇ ਦੀ ਪੰਜਾਬ ਇਕਾਈ 6 ਜੁਲਾਈ ਨੂੰ ਪ੍ਰਧਾਨ ਮੰਤਰੀ ਦੇ ਪੁਤਲੇ ਫੂਕੇਗੀ। ਇਸ ਸਬੰਧੀ ਇੱਕ ਮੀਟਿੰਗ ਕੁਲਦੀਪ ਸਿੰਘ ਬਜ਼ੀਦਪੁਰ, ਮਨਜੀਤ ਸਿੰਘ ਧਨੇਰ, ਬਲਵਿੰਦਰ ਸਿੰਘ ਰਾਜੂ ਦੀ ਪ੍ਰਧਾਨਗੀ ਹੇਠ ਬੀ.ਕੇ.ਯੂ. ਲੱਖੋਵਾਲ ਦੇ ਲੁਧਿਆਣਾ ਸਥਿਤ ਦਫ਼ਤਰ ਵਿਖੇ ਹੋਈ। ਬੀਕੇਯੂ ਲੱਖੋਵਾਲ ਦੇ ਸੂਬਾ ਜਨਰਲ ਸਕੱਤਰ ਹਰਜਿੰਦਰ ਸਿੰਘ ਲੱਖੋਵਾਲ ਨੇ ਦੱਸਿਆ ਕਿ 27 ਜੂਨ ਨੂੰ ਮੁਹਾਲੀ 'ਚ ਮੂੰਗੀ ਅਤੇ ਮੱਕੀ ਦੀ ਫ਼ਸਲ ਦੀ ਸਰਕਾਰੀ ਖ਼ਰੀਦ ਮੰਡੀਆਂ 'ਚ ਨਾ ਹੋਣ 'ਤੇ ਮੁੱਖ ਮੰਤਰੀ ਦਫ਼ਤਰ ਵਲੋਂ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਕਿਸਾਨਾਂ ਵਲੋਂ ਰੋਸ ਮਾਰਚ ਕੀਤਾ ਗਿਆ ਸੀ ਅਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਸਾਨਾਂ ਨਾਲ ਮੀਟਿੰਗ ਕਰਕੇ ਵਿਸ਼ਵਾਸ ਦਿਵਾਇਆ ਸੀ ਕਿ ਕਿਸਾਨਾਂ ਦੀ ਫ਼ਸਲ ਐਮਐਸਪੀ 'ਤੇ ਖ਼ਰੀਦੀ ਜਾਵੇਗੀ ਅਤੇ ਬਾਕੀ ਮੰਗਾਂ ਲਈ ਉਨ੍ਹਾਂ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਜਲਦ ਹੀ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਸੀ ਪਰ ਅਜੇ ਤੱਕ ਨਾ ਤਾਂ ਮੱਕੀ ਅਤੇ ਮੂੰਗੀ ਦਾ ਪੂਰਾ ਭਾਅ ਕਿਸਾਨਾਂ ਨੂੰ ਮਿਲਿਆ ਹੈ ਅਤੇ ਨਾ ਹੀ ਮੁੱਖ ਮੰਤਰੀ ਨੇ ਕਿਸਾਨ ਆਗੂਆਂ ਨੂੰ ਮਿਲਣ ਦਾ ਸਮਾਂ ਦਿੱਤਾ ਹੈ, ਜਦੋਂਕਿ ਮੰਡੀਆਂ ਅੰਦਰ ਕਿਸਾਨਾਂ ਦੀ ਮੱਕੀ ਦੀ ਫ਼ਸਲ 1000 ਤੋਂ 1200 ਰੁਪਏ ਦਾ ਭਾਅ ਪ੍ਰਾਈਵੇਟ ਵਪਾਰੀ ਲਗਾ ਕੇ ਕਿਸਾਨਾਂ ਦੀ ਸਿੱਧੀ ਲੁੱਟ ਕਰ ਰਹੇ ਹਨ।
ਮੀਟਿੰਗ 'ਚ ਸੰਯੁਕਤ ਕਿਸਾਨ ਮੋਰਚੇ ਵਲੋਂ ਫ਼ੈਸਲਾ ਕੀਤਾ ਗਿਆ ਹੈ ਕਿ 6 ਜੁਲਾਈ ਨੂੰ ਪੰਜਾਬ ਦੀਆਂ 5 ਥਾਵਾਂ ਅੰਮਿ੍ਤਸਰ, ਕਪੂਰਥਲਾ, ਜਗਰਾਉਂ, ਜਲੰਧਰ, ਨਵਾਂਸ਼ਹਿਰ ਅਤੇ ਹੁਸ਼ਿਆਰਪੁਰ 'ਚ ਮਾਰਕੀਟ ਕਮੇਟੀਆਂ ਦੇ ਦਫ਼ਤਰਾਂ ਦੇ ਸਾਹਮਣੇ ਐਮਐਸਪੀ ਲੈਣ 'ਤੇ ਖ਼ਰੀਦੀ ਜਾ ਚੁੱਕੀ ਫ਼ਸਲ 'ਤੇ ਐਮਐਸਪੀ ਦੀ ਭਰਪਾਈ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੁਤਲੇ ਫੂਕੇ ਜਾਣਗੇ।
ਮੀਟਿੰਗ 'ਚ ਦਰਸ਼ਨਪਾਲ, ਸਤਨਾਮ ਸਿੰਘ ਅਜਨਾਲਾ, ਮਨਜੀਤ ਸਿੰਘ ਰਾਏ, ਗੁਰਮੀਤ ਮਹਿਮਾ, ਬਲਕਰਨ ਬਰਾੜ, ਬਲਦੇਵ ਸਿੰਘ, ਰੂਲਦੂ ਸਿੰਘ ਮਾਨਸਾ, ਬੂਟਾ ਸਿੰਘ ਬੁਰਜ਼ਗਿੱਲ, ਫ਼ਰਮਾਨ ਸਿੰਘ, ਕਿਰਪਾ ਸਿੰਘ, ਹਰਜੀਤ ਸਿੰਘ ਰਵੀ, ਦਿਲਬਾਗ ਸਿੰਘ ਡਾਲੇਕੇ, ਨਛੱਤਰ ਸਿੰਘ ਜੈਤੋਂ ਅਤੇ ਹੋਰ ਸਾਥੀ ਮੌਜੂਦ ਸਨ।

Comments
Post a Comment