ਜਮਹੂਰੀ ਕਿਸਾਨ ਸਭਾ ਨੇ ਅਗਲੇਰੇ ਪ੍ਰੋਗਰਾਮ ਦੀ ਰੂਪ ਰੇਖਾ ਐਲਾਨੀ
ਜੰਡਿਆਲਾ ਮੰਜਕੀ: ਅੱਜ ਇੱਥੇ ਜਮਹੂਰੀ ਕਿਸਾਨ ਸਭਾ ਪੰਜਾਬ ਜ਼ਿਲ੍ਹਾ ਜਲੰਧਰ ਦੀ ਮੀਟਿੰਗ ਪ੍ਰਧਾਨ ਮਨੋਹਰ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਕਿਸਾਨੀ ਮੁਸ਼ਕਲਾਂ 'ਤੇ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਬਰਸਾਤ ਦੇ ਮੌਸਮ ਤੋਂ ਪਹਿਲਾਂ ਪਹਿਲਾਂ ਦਰਿਆ ਦੇ ਬੰਨ੍ਹ ਪੱਕੇ ਕਰਨ ਵੱਲ ਪੰਜਾਬ ਸਰਕਾਰ ਵੱਲੋਂ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ। ਅੱਜ ਮੀਂਹ ਪੈਣ ਨਾਲ ਥੋੜ੍ਹਾ ਜਿਹਾ ਜ਼ਿਆਦਾ ਪਾਣੀ ਆਉਣ ਨਾਲ ਹਰ ਪਾਸੇ ਹੜ੍ਹਾਂ ਵਾਲੇ ਹਾਲਾਤ ਬਣੇ ਹੋਏ ਹਨ। ਕਿਸਾਨਾਂ ਦੀਆਂ ਜ਼ਮੀਨਾਂ ਅਤੇ ਫ਼ਸਲਾਂ ਖ਼ਰਾਬ ਹੋ ਗਈਆਂ ਹਨ। ਦਰਿਆ ਨੂੰ ਬਚਾਉਣ ਲਈ ਪ੍ਰਸ਼ਾਸਨ ਕੋਲ ਕੋਈ ਵੀ ਪੁਖਤਾ ਪ੍ਰਬੰਧ ਨਹੀਂ ਹਨ। ਸਾਥੀ ਸੰਧੂ ਨੇ ਕਿਹਾ ਕਿ ਖ਼ਰਾਬ ਹੋਈ ਫ਼ਸਲ ਦੀ ਜਲਦੀ ਤੋਂ ਜਲਦੀ ਗਿਰਦਾਵਰੀ ਕਰਕੇ ਕਿਸਾਨਾਂ ਨੂੰ ਯੋਗ ਮੁਆਵਜ਼ਾ ਜਲਦੀ ਤੋਂ ਜਲਦੀ ਦੇਣ ਦਾ ਪ੍ਰਬੰਧ ਕੀਤਾ ਜਾਵੇ। ਸਾਥੀ ਸੰਧੂ ਨੇ ਮੱਕੀ ਅਤੇ ਮੂੰਗੀ ਪੂਰੇ ਪੂਰੇ ਰੇਟਾਂ ਤੇ ਖ਼ਰੀਦ ਕਰਨ ਦੀ ਮੰਗ ਕੀਤੀ।ਬਾਸਮਤੀ ਦਾ ਭਾਅ 5000 ਰੁਪਏ ਕੁਇੰਟਲ ਐਲਾਨ ਕਰਨ ਦੀ ਮੰਗ ਕੀਤੀ। ਨਕੋਦਰ ਤਹਿਸੀਲ ਦੀ ਮੀਟਿੰਗ 12 ਜੁਲਾਈ ਨੂੰ ਕਰਕੇ ਬੇਈਂ ਦੁਆਲਿਓਂ ਮਿੱਟੀ ਪੁੱਟਣ ਤੋਂ ਰੋਕਣ ਲਈ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। 18 ਜੁਲਾਈ ਨੂੰ ਸੰਗੋਵਾਲ ਟੋਲ ਪਲਾਜ਼ਾ 'ਤੇ ਇਕੱਠ ਕਰਕੇ ਦਰਿਆ ਦੇ ਕੰਢਿਆਂ ਨੂੰ ਪੂਰੀ ਤਰ੍ਹਾਂ ਪੱਕਾ ਕਰਨ ਦੀ ਮੰਗ ਕੀਤੀ ਜਾਵੇਗੀ। 13 ਜੁਲਾਈ ਨੂੰ ਜਮਹੂਰੀ ਕਿਸਾਨ ਸਭਾ ਤਹਿਸੀਲ ਫਿਲੌਰ ਦੀ ਮੀਟਿੰਗ ਕਰਕੇ ਕਿਸਾਨੀ ਮੁਸ਼ਕਲਾਂ ਬਾਰੇ ਐੱਸ.ਡੀ.ਐੱਮ.ਫਿਲੌਰ ਨੂੰ ਮੰਗ ਪੱਤਰ ਦਿੱਤਾ ਜਾਵੇਗਾ।
ਇਸ ਜ਼ਿਲ੍ਹਾ ਪੱਧਰੀ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਸਕੱਤਰ ਸੰਤੋਖ ਸਿੰਘ ਬਿਲਗਾ, ਸੂਬਾ ਕਮੇਟੀ ਮੈਂਬਰ ਜਸਵਿੰਦਰ ਸਿੰਘ ਢੇਸੀ, ਕੁਲਜਿੰਦਰ ਤਲਵਣ, ਹਰਦੇਵ ਸਿੰਘ ਘੁੜਕਾ, ਮੇਜਰ ਖੁਰਲਾ ਪੁਰ, ਰਮਨਦੀਪ ਤਲਵਣ, ਮਾਸਟਰ ਬਲਦੇਵ ਸਿੰਘ, ਹਰਮੇਲ ਸਿੰਘ ਆਦਿ ਹਾਜ਼ਰ ਸਨ।

Comments
Post a Comment