ਮੂੰਗੀ, ਮੱਕੀ ਦੀ ਖ਼ਰੀਦ ਸਰਕਾਰੀ ਰੇਟ ‘ਤੇ ਨਾ ਕਰਨ ਦੇ ਰੋਸ ਵਜੋਂ 6 ਜੁਲਾਈ ਨੂੰ ਫੂਕੇ ਜਾਣਗੇ ਸਰਕਾਰਾਂ ਦੇ ਪੁਤਲੇ
ਜਲੰਧਰ: ਜਮਹੂਰੀ ਕਿਸਾਨ ਸਭਾ ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ ਸਭਾ ਦੇ ਸੂਬਾਈ ਦਫਤਰ ਸ਼ਹੀਦ ਸਰਵਣ ਸਿੰਘ ਚੀਮਾ ਭਵਨ ਵਿਖੇ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ ਦੀ ਪ੍ਰਧਾਨਗੀ ਹੇਠ ਹੋਈ। ਸਭ ਤੋਂ ਪਹਿਲਾਂ ਸੂਬਾਈ ਆਗੂ ਮੇਜਰ ਸਿੰਘ ਖੁਰਲਾਪੁੱਰ ਦੇ ਮਾਤਾ ਜੀ ਜੋ ਪਿਛਲੇ ਦਿਨੀ ਸਦੀਵੀ ਵਿਛੋੜਾ ਦੇ ਗਏ ਸਨ, ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਦਿੱਤੀ।
ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਜਨਰਲ ਸਕੱਤਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਸਰਕਾਰਾਂ ਵੱਲੋਂ ਮੂੰਗੀ ਅਤੇ ਮੱਕੀ ਦੀ ਫ਼ਸਲ ਦੀ ਖਰੀਦ ਨਹੀਂ ਕੀਤੀ ਜਾ ਰਹੀ, ਜਿਸ ਕਰਕੇ ਕਿਸਾਨਾਂ ਨੂੰ ਆਪਣੀ ਫ਼ਸਲ ਕੌਡੀਆਂ ਦੇ ਭਾਅ ਪ੍ਰਾਈਵੇਟ ਵਪਾਰੀਆਂ ਕੋਲ ਵੇਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਜਿਸ ਕਰਕੇ ਹੁਣ ਸੰਯੁਕਤ ਕਿਸਾਨ ਮੋਰਚੇ ਵੱਲੋਂ ਮੂੰਗੀ ਤੇ ਮੱਕੀ ਦੀ ਫ਼ਸਲ ਦੀ ਖਰੀਦ ਸਰਕਾਰੀ ਰੇਟ ‘ਤੇ ਕਰਵਾਉਣ ਲਈ ਪੰਜਾਬ ਦੀਆਂ ਛੇ ਮਾਰਕੀਟ ਕਮੇਟੀਆਂ ਦੇ ਸਾਹਮਣੇ ਰੋਸ ਪ੍ਰਦਸ਼ਨ ਕਰਕੇ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕੀਆਂ ਜਾਣਗੀਆਂ। ਜਿਸ ਵਿੱਚ ਜਮਹੂਰੀ ਕਿਸਾਨ ਸਭਾ ਵੱਧ ਚੱੜ ਕੇ ਹਿੱਸਾ ਲਵੇਗੀ। ਮੀਟਿੰਗ ‘ਚ ਮੰਗ ਕੀਤੀ ਕਿ ਬਾਸਮਤੀ ਝੋਨੇ ਦਾ ਰੇਟ 5000 ਰੁਪਏ ਪ੍ਰਤੀ ਕੁਇੰਟਲ ਐਲਾਨਿਆਂ ਜਾਵੇ ਅਤੇ ਉਸ ਦੀ ਖਰੀਦ ਦੀ ਗਾਰੰਟੀ ਸਰਕਾਰ ਕਰੇ। ਮੀਟਿੰਗ ਵਿੱਚ ਗੰਨੇ ਦੇ ਐਲਾਨ ਕੀਤੇ ਭਾਅ ਨੂੰ ਰੱਦ ਕਰਦਿਆਂ ਉਸ ਵਿੱਚ ਵਾਧੇ ਦੀ ਮੰਗ ਕੀਤੀ।
ਪ੍ਰੈਸ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਦੱਸਿਆ ਕਿ ਮੀਟਿੰਗ ਵਿੱਚ ਸਰਕਾਰ ਤੋਂ ਮੰਗ ਕੀਤੀ ਕਿ ਧਾਰਮਿਕ ਸਥਾਨਾਂ, ਵਿਦਿਅਕ ਅਦਾਰਿਆਂ ਵਿੱਚ ਬਿਜਲੀ ਦੇ ਮੀਟਰ ਵਪਾਰਿਕ ਕੈਟਾਗਰੀ ਅਧੀਨ ਨਾ ਲਗਾਏ ਜਾਣ। ਸੂਬੇ ਅੰਦਰ ਗੰਧਲੇ ਤੇ ਡੂੰਘੇ ਹੋ ਰਹੇ ਪਾਣੀਆਂ ਨੂੰ ਬਚਾਉਣ, ਕਿਸਾਨਾਂ ਦੀ ਮੰਡੀਆਂ ਵਿੱਚ ਲੁੱਟ ਰੋਕਣ, ਭਾਰਤ ਮਾਲਾ ਪ੍ਰੋਜੈਕਟ ਅਤੇ ਪ੍ਰਸਾਵਿਤ ਬਲੁਟ ਟ੍ਰੇਨ ਪ੍ਰੋਜੈਕਟ ਅਧੀਨ ਕਿਸਾਨਾਂ ਦੀਆਂ ਜ਼ਮੀਨਾਂ ਉੱਪਰ ਕੌਡੀਆਂ ਦੇ ਭਾਅ ਦੇ ਕੇ ਜਬਰੀ ਕਬਜ਼ਾ ਰੋਕਣ ਦੀ ਮਹਿਮ ਹੋਰ ਤੇਜ਼ੀ ਨਾਲ ਜਾਰੀ ਰਹੇਗੀ।

Comments
Post a Comment