ਬੰਨ੍ਹ ਪੱਕੇ ਕਰਵਾਉਣ ਲਈ ਧਰਨਾ 20 ਜੁਲਾਈ ਨੂੰ
ਫਿਲੌਰ: ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਸਾਂਝੇ ਮੋਰਚੇ ਨੇ ਹੜ੍ਹ ਤੋਂ ਬਚਾਉਣ ਲਈ ਇੱਕ ਕਮੇਟੀ ਦਾ ਗਠਨ ਕਰਕੇ ਸਰਕਾਰ ਦੇ ਕੰਨਾਂ ਤੱਕ ਆਪਣੀ ਅਵਾਜ਼ ਬੁਲੰਦ ਕਰਨ ਲਈ ਐਸਡੀਐਮ ਫਿਲੌਰ ਦਫਤਰ ਅੱਗੇ 20 ਜੁਲਾਈ ਨੂੰ ਧਰਨਾ ਲਗਾਉਣ ਦਾ ਐਲਾਨ ਕੀਤਾ ਹੈ।
ਸਤਲੁਜ ਕੰਢੇ ਬੰਨ੍ਹ ਉਪਰ ਚਲਦੇ ਧਰਨੇ ਦੌਰਾਨ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਬੀਤੇ ਕੱਲ੍ਹ ਨਰੇਗਾ ਵਰਕਰਾਂ ਨੂੰ ਕੰਮ ਤੋਂ ਜਵਾਬ ਦੇ ਕੇ ਘਰਾਂ ਨੂੰ ਤੋਰ ਦਿੱਤਾ ਗਿਆ ਸੀ ਅਤੇ ਮਸ਼ੀਨਾਂ ਵੀ ਦਰਿਆ ’ਚੋਂ ਕੱਢਣੀਆਂ ਆਰੰਭ ਕਰ ਦਿੱਤੀਆਂ ਸਨ ਜਦੋਂ ਕਿ ਬੰਨ੍ਹ ਦੀ ਮਜ਼ਬੂਤੀ ਦਾ ਕੰਮ ਅਧੂਰਾ ਪਿਆ ਹੈ। ਆਗੂਆਂ ਨੇ ਕਿਹਾ ਕਿ ਉਹ ਪਿਛਲੇ ਕਈ ਦਿਨ੍ਹਾਂ ਤੋਂ ਨਰੇਗਾ ਵਰਕਰਾਂ ਦੇ ਚਾਹ ਪਾਣੀ ਦਾ ਇੰਤਜਾਮ ਆਪ ਕਰ ਰਹੇ ਹਨ ਕਿਉਂਕਿ ਇਨ੍ਹਾਂ ਵਰਕਰਾਂ ਕੋਲ ਯੋਗ ਪ੍ਰਬੰਧ ਨਹੀਂ ਹਨ। ਇਸ ਧਰਨੇ ਨੂੰ ਸੰਤੋਖ ਸਿੰਘ ਸੰਧੂ, ਜਸਵਿੰਦਰ ਸਿੰਘ ਢੇਸੀ, ਸਰਬਜੀਤ ਸੰਗੋਵਾਲ, ਜਸਵੰਤ ਸਿੰਘ ਕਾਹਲੋਂ, ਪੇਂਡੂ ਮਜਦੂਰ ਯੂਨੀਅਨ ਦੇ ਪੰਜਾਬ ਪ੍ਰਧਾਨ ਤਰਸੇਮ ਪੀਟਰ, ਜਿਲ੍ਹਾ ਪ੍ਰਧਾਨ ਹੰਸ ਰਾਜ ਪੱਬਵਾ ਚੰਨਣ ਸਿੰਘ ਆਦਿ ਨੇ ਸੰਬੋਧਨ ਕੀਤਾ। ਇਸ ਮੌਕੇ ਬਿੱਲਾ ਚੀਮਾ, ਪਵਨ ਨੰਬਰਦਾਰ, ਜਥੇਦਾਰ ਜੋਗਾ ਸਿੰਘ, ਲਾਡੀ ਬਾਸੀ, ਬਿੰਦੀ ਸਰਪੰਚ, ਕੁਲਵੰਤ ਖਹਿਰਾ, ਗੁਰਜੰਟ ਸੰਧੂ, ਬਲਜਿੰਦਰ ਸਿੰਘ ਨੰਬਰਦਾਰ, ਹਰਸਦੀਪ ਤਲਵਣ, ਬਹਾਦਰ ਸਿੰਘ ਸਰਪੰਚ, ਤਰਪ੍ਰੀਤ ਸਿੰਘ ਉਪਲ, ਸੁਰਿੰਦਰ ਸਿੰਘ ਕੰਦੋਲਾ, ਤਰਸੇਮ ਸਿੰਘ ਕਾਲਾ ਆਦਿ ਸਮੇਤ ਇਲਾਕੇ ਦੇ ਲੋਕ ਹਾਜ਼ਰ ਸਨ। ਇਨ੍ਹਾਂ ਲੋਕਾਂ ਨੇ ਕਿਹਾ ਕਿ ਬੰਨ੍ਹ ਦੀ ਮਜ਼ਬੂਤੀ ਕਰਵਾਉਣ ਲਈ ਸੰਘਰਸ਼ ਜਾਰੀ ਰਹੇਗਾ।

Comments
Post a Comment