ਗ੍ਰਿਫਤਾਰ ਕਿਸਾਨਾਂ ਨੂੰ ਤੁਰੰਤ ਰਿਹਾ ਕਰਨ ਦੀ ਮੰਗ
ਲੁਧਿਆਣਾ, 14 ਜੂਨ
ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਭਰਵੀਂ ਮੀਟਿੰਗ ਰੁਲਦਾ ਸਿੰਘ ਮਾਨਸਾ, ਬਲਦੇਵ ਸਿੰਘ ਲਤਾਲਾ ਤੇ ਵੀਰ ਸਿੰਘ ਬੜਵਾ ਦੀ ਪ੍ਰਧਾਨਗੀ ਹੇਠ ਬੁੱਧਵਾਰ ਹੋਈ। ਇਸ ਦੀ ਜਾਣਕਾਰੀ ਦਿੰਦੇ ਹੋਏ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਜੋ ਕਿਸਾਨਾਂ ’ਤੇ ਜਬਰ ਢਾਹਿਆ ਗਿਆ, ਉਸ ਦੀ ਘੋਰ ਨਿੰਦਾ ਕੀਤੀ ਗਈ। ਕਿਸਾਨਾਂ ਦੀਆਂ ਗਿ੍ਰਫਤਾਰੀਆਂ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਨੇ ਮੋਰਚੇ ਨੂੰ ਜਿੱਤ ਦਾ ਰੂਪ ਦਿੱਤਾ, ਜਿਸ ਵਿੱਚ ਸਰਕਾਰ ਦੇ ਵਾਅਦੇ ਅਨੁਸਾਰ ਸਾਰੇ ਕਿਸਾਨ ਬਿਨਾਂ ਸ਼ਰਤ ਰਿਹਾਅ ਕੀਤੇ ਜਾਣਗੇ ਅਤੇ ਸੂਰਜਮੁੱਖੀ ਦੀ ਫਸਲ ਐੱਮ ਐੱਸ ਪੀ ’ਤੇ ਖਰੀਦੀ ਜਾਵੇਗੀ। ਪਟਿਆਲਾ ਬਿਜਲੀ ਬੋਰਡ ਦੇ ਦਫਤਰ ਅਤੇ ਕਈ ਜ਼ਿਲ੍ਹਿਆਂ ਵਿੱਚ ਧਰਨਾ ਦੇ ਰਹੇ ਕਿਸਾਨਾਂ ਉੱਪਰ ਪੰਜਾਬ ਸਰਕਾਰ ਦੀ ਕਾਰਵਾਈ ਦੀ ਸਖਤ ਸਬਦਾ ਵਿੱਚ ਨਿੰਦਾ ਕੀਤੀ ਗਈ। ਬਿਜਲੀ ਬੋਰਡ ਅਤੇ ਸਰਕਾਰ ਵੱਲੋਂ ਕਿਸਾਨਾਂ ਨਾਲ ਉਨ੍ਹਾਂ ਦੀਆਂ ਮੰਗਾ ਪ੍ਰਤੀ ਕੋਈ ਮੀਟਿੰਗ ਵੀ ਨਹੀਂ ਕੀਤੀ ਗਈ। ਧਰਨਾ ਦੇ ਰਹੇ ਕਿਸਾਨਾਂ ਦੀਆਂ ਮੁੱਖ ਮੰਗਾਂ ਮੋਟਰਾਂ ਨੂੰ ਨਿਰਵਿਘਨ ਸਪਲਾਈ, ਪੈਂਡਿੰਗ ਪਏ ਟਿਊਬਵੈੱਲਾਂ ਦੇ ਕੁਨੈਕਸ਼ਨ ਅਤੇ ਪ੍ਰੀਪੇਡ ਮੀਟਰ ਨਾ ਲਾਉਣੇ ਅਤੇ ਮੱਕੀ, ਸੂਰਜਮੁਖੀ ਤੇ ਮੂੰਗੀ ਦੀ ਫਸਲ ਐੱਮ ਐੱਸ ਪੀ ’ਤੇ ਖਰੀਦਣ ਦਾ ਪ੍ਰਬੰਧ ਕਰਨਾ ਸ਼ਾਮਲ ਸੀ, ਪਰ ਕਿਸਾਨਾਂ ਦੀਆਂ ਮੰਗਾ ਤਾਂ ਕੀ ਮੰਨਣੀਆਂ ਸਨ, ਸਗੋਂ ਪੁਲਸ ਨੇ ਧਰਨਾ ਹੀ ਚੁਕਾ ਦਿੱਤਾ। ਬੁੱਧਵਾਰ ਦੀ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਸਰਕਾਰ ਫੌਰੀ ਤੌਰ ’ਤੇ ਗਿ੍ਰਫਤਾਰ ਕੀਤੇ ਕਿਸਾਨਾਂ ਨੂੰ ਤੁਰੰਤ ਰਿਹਾਅ ਕਰੇ, ਨਹੀਂ ਤਾਂ ਸੰਯੁਕਤ ਕਿਸਾਨ ਮੋਰਚਾ ਆਉਂਦੇ 8 ਦਿਨਾਂ ਵਿੱਚ ਮੀਟਿੰਗ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕਰੇਗਾ, ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਤਨਾਮ ਸਿੰਘ ਅਜਨਾਲਾ, ਮੁਕੇਸ਼ ਚੰਦਰ, ਨਿਰਭੈ ਸਿੰਘ ਢੁੱਡੀਕੇ, ਮਨਜੀਤ ਸਿੰਘ ਰਾਏ, ਸਤਨਾਮ ਸਿੰਘ ਬਹਿਰੂ, ਅਵਤਾਰ ਸਾਰੋ, ਰਣਜੀਤ ਸਿੰਘ ਆਕੜ, ਹਰਦੇਵ ਸੰਧੂ, ਮਨਜੀਤ ਸਿੰਘ ਧਨੇਰ, ਅਵਤਾਰ ਸਿੰਘ ਮੇਹਲੋਂ, ਸੁੱਖ ਗਿੱਲ ਮੋਗਾ, ਰਣਜੀਤ ਸਿੰਘ, ਬਿੰਦਰ ਸਿੰਘ, ਵੀਰਪਾਲ ਸਿੰਘ ਢਿੱਲੋਂ, ਰਾਜਵਿੰਦਰ ਕੌਰ ਰਾਜੂ, ਕਿਰਨਜੀਤ ਸਿੰਘ ਸੇਖੋਂ, ਹਰਿੰਦਰ ਸਿੰਘ ਚਨਾਰਥਲ, ਬੂਟਾ ਸਿੰਘ, ਬਲਦੇਵ ਸਿੰਘ ਨਿਹਾਲਗੜ੍ਹ, ਬੂਟਾ ਸਿੰਘ ਸਾਦੀਪੁਰ, ਜਿੰਦੂ ਖੋਖਰ ਆਦਿ ਸ਼ਾਮਲ ਹੋਏ।

Comments
Post a Comment