ਹਰਿਆਣਾ ਸਰਕਾਰ ਨੇ ਪ੍ਰਮੁਖ ਮੰਗਾਂ ਮੰਨੀਆਂ, ਆਵਾਜਾਈ ਲਈ ਜਾਮ ਖੋਲ੍ਹਿਆ
ਪਿਪਲੀ, 13 ਜੂਨ
ਸੂਰਜਮੁਖੀ 'ਤੇ ਐਮਐੱਸਪੀ ਦੇ ਮੁੱਦੇ ਉਤੇ ਦਿੱਲੀ-ਅੰਮ੍ਰਿਤਸਰ ਮਾਰਗ ਜਾਮ ਕਰ ਕੇ ਬੈਠੇ ਕਿਸਾਨਾਂ ਦੀਆਂ ਮੰਗਾਂ ਹਰਿਆਣਾ ਸਰਕਾਰ ਵੱਲੋਂ ਮੰਨ ਲਈਆਂ ਗਈਆਂ ਹਨ। ਕੁਰੂਕਸ਼ੇਤਰ ਦੇ ਡੀਸੀ ਸ਼ਾਂਤਨੂੰ ਸ਼ਰਮਾ ਤੇ ਪੁਲੀਸ ਅਧਿਕਾਰੀ ਅੱਜ ਰਾਤ ਕਰੀਬ 8.30 ਵਜੇ ਪਿੱਪਲੀ 'ਚ ਨੈਸ਼ਨਲ ਹਾਈਵੇਅ 'ਤੇ ਆਏ ਅਤੇ ਕਿਸਾਨਾਂ ਵਿਚਕਾਰ ਜਾ ਕੇ ਹਰਿਆਣਾ ਸਰਕਾਰ ਦੇ ਹੁਕਮ ਸੁਣਾਏ।
ਇਸ ਅੰਦੋਲਨ ‘ਚ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਅਤੇ ਮੀਤ ਪ੍ਰਧਾਨ ਮੋਹਣ ਸਿੰਘ ਧਮਾਣਾ ਦੀ ਅਗਵਾਈ ਹੇਠ ਅਤੇ ਪਗੜੀ ਸੰਭਾਲ ਜੱਟਾ ਕਿਸਾਨ ਸੰਘਰਸ਼ ਸਮਿਤੀ ਹਰਿਆਣਾ ਦੇ ਪ੍ਰਧਾਨ ਮਨਦੀਪ ਨਥਵਾਨ ਦੀ ਅਗਵਾਈ ਹੇਠ ਵੱਡੇ ਜਥਿਆਂ ਨੇ ਵੀ ਸ਼ਮੂਲੀਅਤ ਕੀਤੀ ਸੀ।
ਡੀਸੀ ਕੁਰਕਸ਼ੇਤਰ ਨੇ ਅੱਗੇ ਦੱਸਿਆ ਕਿ ਹਰਿਆਣਾ ਸਰਕਾਰ ਸੂਰਜਮੁਖੀ 'ਤੇ ਕਿਸਾਨਾਂ ਨੂੰ 6400 ਰੁਪਏ ਪ੍ਰਤੀ ਕੁਇੰਟਲ ਦਾ ਘੱਟੋ-ਘੱਟ ਸਮਰਥਨ ਮੁੱਲ ਦੇਵੇਗੀ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਭਾਵੰਤਰ ਯੋਜਨਾ ਤਹਿਤ ਕਿਸਾਨਾਂ ਨੂੰ ਪਹਿਲਾਂ ਹੀ 1000 ਰੁਪਏ ਦਿੱਤੇ ਜਾ ਰਹੇ ਹਨ ਤੇ ਏਜੰਸੀਆਂ ਵੱਲੋਂ ਸੂਰਜਮੁਖੀ 'ਤੇ ਕਿਸਾਨਾਂ ਨੂੰ 5000 ਰੁਪਏ ਪ੍ਰਤੀ ਕੁਇੰਟਲ ਦਿੱਤੇ ਜਾ ਰਹੇ ਹਨ। ਅਜਿਹੇ 'ਚ ਬਾਕੀ ਬਚੇ 400 ਰੁਪਏ ਦਾ ਫਰਕ ਵੀ ਹਰਿਆਣਾ ਸਰਕਾਰ ਦੇਣ ਲਈ ਸਹਿਮਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਦੂਜੀ ਮੰਗ ਹੈ ਕਿ ਬੰਦੀ ਕਿਸਾਨਾਂ ਨੂੰ ਰਿਹਾਅ ਕੀਤਾ ਜਾਵੇ, ਜਿਸ ਲਈ ਰਸਮੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਹੁਣ ਜਲਦੀ ਹੀ ਕਿਸਾਨਾਂ ਵਿਰੁੱਧ ਦਰਜ ਕੇਸ ਵਾਪਸ ਲੈ ਕੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਜਾਵੇਗਾ।
ਇਸ ਮੌਕੇ ਹਾਜ਼ਰ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਪਿੱਪਲੀ ਵਿੱਚ ਕਿਸਾਨਾਂ ਵੱਲੋਂ ਲੜੇ ਜਾ ਰਹੇ ਸੰਘਰਸ਼ ਦੀ ਪ੍ਰਧਾਨਗੀ ਸਥਾਨਕ ਕਮੇਟੀ ਕਰ ਰਹੀ ਸੀ। ਹੁਣ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਹਨ, ਇਸ ਲਈ ਅੰਦੋਲਨ ਵਾਪਸ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਐਮਐੱਸਪੀ ਦੀ ਲੜਾਈ ਅਜੇ ਵੀ ਦੇਸ਼ ਭਰ ਵਿੱਚ ਚੱਲ ਰਹੀ ਹੈ ਅਤੇ ਪੂਰਾ ਦੇਸ਼ ਇੱਕਜੁੱਟ ਹੋ ਕੇ ਨਵੰਬਰ ਵਿੱਚ ਦਿੱਲੀ ਵਿੱਚ ਇਹ ਲੜਾਈ ਲੜੇਗਾ। ਦੱਸਣਯੋਗ ਹੈ ਕਿ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ਅੱਜ ਰਾਤ 9 ਵਜੇ ਦੇ ਕਰੀਬ ਆਵਾਜਾਈ ਲਈ ਪੂਰੀ ਤਰ੍ਹਾਂ ਖੁੱਲ੍ਹ ਗਿਆ ਹੈ। ਭਾਰਤੀ ਕਿਸਾਨ ਯੂਨੀਅਨ-ਚੜੂਨੀ ਦੇ ਸੂਬਾ ਪ੍ਰਧਾਨ ਕਰਮ ਸਿੰਘ ਨੇ ਦੱਸਿਆ ਕਿ ਪਹਿਲਾਂ ਸੋਮਵਾਰ ਰਾਤ ਅਤੇ ਫਿਰ ਮੰਗਲਵਾਰ ਨੂੰ ਤਿੰਨ ਵਾਰ ਡੀਸੀ ਕੁਰੂਕਸ਼ੇਤਰ ਅਤੇ ਐੱਸਪੀ ਨੂੰ ਮੀਟਿੰਗ ਵਿੱਚ ਗੱਲਬਾਤ ਲਈ ਬੁਲਾ ਕੇ ਐਮਐੱਸਪੀ ਦਾ ਐਲਾਨ ਕਰਨ ਬਾਰੇ ਕਿਹਾ ਗਿਆ ਸੀ। ਕਮੇਟੀ ਦੇ ਮੈਂਬਰ ਕਹਿ ਰਹੇ ਸਨ ਕਿ ਜਾਂ ਲਿਖਤੀ ਭਰੋਸਾ ਦਿੱਤਾ ਜਾਵੇ ਜਾਂ ਫਿਰ ਪ੍ਰਸ਼ਾਸਨ ਵੱਲੋਂ ਧਰਨੇ ਵਾਲੀ ਥਾਂ 'ਤੇ ਕਿਸਾਨਾਂ ਵਿੱਚ ਇਸ ਦਾ ਐਲਾਨ ਕੀਤਾ ਜਾਵੇ।
ਕੌਮੀ ਮਾਰਗ 'ਤੇ ਕਿਸਾਨਾਂ ਦਾ ਇਹ ਧਰਨਾ ਕੁੱਲ 31 ਘੰਟੇ ਤੱਕ ਚੱਲਿਆ। ਸਰਕਾਰ ਵੱਲੋਂ ਮੰਗਾਂ ਮੰਨਣ 'ਤੇ ਦਿੱਲੀ-ਅੰਮ੍ਰਿਤਸਰ ਮਾਰਗ 'ਤੇ ਆਵਾਜਾਈ ਬਹਾਲ ਹੋ ਗਈ ਹੈ। ਇਸ ਤੋਂ ਪਹਿਲਾਂ ਸ਼ਾਮ ਤੱਕ ਜਦੋਂ ਪ੍ਰਸ਼ਾਸਨ ਸਥਾਨਕ ਕਮੇਟੀ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਮੈਂਬਰਾਂ ਨੂੰ ਮਨਾਉਣ ਵਿੱਚ ਕਾਮਯਾਬ ਹੋਇਆ, ਤਾਂ ਟਿਕੈਤ ਨੇ ਐਲਾਨ ਕਰ ਦਿੱਤਾ ਕਿ ਹੁਣ ਧਰਨੇ ਦੀ ਕਮਾਨ ਸੰਯੁਕਤ ਕਿਸਾਨ ਮੋਰਚਾ ਸੰਭਾਲੇਗਾ। ਜਿਸ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਦੇ ਮੈਂਬਰਾਂ ਨੇ ਦੇਵੀ ਲਾਲ ਪਾਰਕ ਵਿਖੇ ਮੀਟਿੰਗ ਕੀਤੀ ਅਤੇ ਕਿਸਾਨਾਂ ਨੂੰ ਠੋਸ ਮੋਰਚਾ ਖੜ੍ਹਾ ਕਰਨ ਦਾ ਸੁਨੇਹਾ ਦਿੱਤਾ ਗਿਆ।

Comments
Post a Comment