ਸਰਹੱਦੀ ਕਿਸਾਨਾਂ ਦੀਆਂ ਮੁਸ਼ਕਲਾਂ ਸਬੰਧੀ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਛੇਹਰਟਾ, 9 ਜੂਨ
ਬਾਰਡਰ ਏਰੀਆ ਸੰਘਰਸ਼ ਕਮੇਟੀ ਪੰਜਾਬ ਦੇ ਝੰਡੇ ਹੇਠ ਸਰਹੱਦੀ ਕਿਸਾਨਾਂ ਨੇ ਬੀਐੱਸਐਫ ਦੇ ਕਿਸਾਨ ਵਿਰੋਧੀ ਵਤੀਰੇ ਖਿਲਾਫ ਤੇ ਹੋਰ ਭਖਦੀਆਂ ਮੰਗਾਂ ਦੀ ਪ੍ਰਾਪਤੀ ਲਈ ਡੀਆਈਜੀ ਬੀਐੱਸਐਫ ਖਾਸਾ ਰੇਜ ਦੇ ਦਫ਼ਤਰ ਸਾਹਮਣੇ ਵੱਡੀ ਗਿਣਤੀ ‘ਚ ਸਰਹੱਦੀ ਕਿਸਾਨਾਂ ਨੇ ਡਾ: ਸਤਨਾਮ ਸਿੰਘ ਅਜਨਾਲਾ ਸੂਬਾ ਪ੍ਰਧਾਨ ਜਮਹੂਰੀ ਕਿਸਾਨ ਸਭਾ ਪੰਜਾਬ ਤੇ ਬਾਰਡਰ ਏਰੀਆ ਸੰਘਰਸ਼ ਕਮੇਟੀ ਦੇ ਸੂਬਾ ਜਰਨਲ ਸਕੱਤਰ ਰਤਨ ਸਿੰਘ ਰੰਧਾਵਾ ਦੀ ਅਗਵਾਈ ਹੇਠ ਧਰਨਾ ਦਿੱਤਾ, ਜਿੱਥੇ ਸਮੂਹ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਤਾਰੋਂ ਪਾਰ ਖੇਤੀ ਲਈ ਸਰਹੱਦੀ ਗੇਟ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਖੁੱਲੇ ਰੱਖੇ ਜਾਣ, ਕਿਸਾਨਾਂ ਦੇ ਕਾਰਡ ਬਣਾਉਣ ‘ਚ ਬੀਐੱਸਐਫ ਦੇ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਖਜਲ ਖਵਾਰੀ ਬੰਦ ਕੀਤੀ ਜਾਵੇ।
ਇਸ ਸਮੇਂ ਸੰਘਰਸ਼ ਕਮੇਟੀ ਅੰਮ੍ਰਿਤਸਰ ਦੇ ਪ੍ਰਧਾਨ ਬਲਬੀਰ ਸਿੰਘ ਕੱਕੜ, ਜ਼ਿਲ੍ਹਾ ਸਕੱਤਰ ਮਾਨ ਸਿੰਘ ਮੁਹਾਵਾ ਤੇ ਸਰਹੱਦੀ ਕਿਸਾਨਾਂ ਦੇ ਆਗੂ ਮੁਖਤਾਰ ਸਿੰਘ ਮੁਹਾਵਾ ਨੇ ਬੋਲਦਿਆਂ ਕਿਹਾ ਕਿ ਤਾਰੋਂ ਪਾਰ ਦੇ ਕਿਸਾਨਾਂ ਨੂੰ ਸਾਢੇ ਚਾਰ ਫੁੱਟ ਦੀ ਉਚਾਈ ਤੱਕ ਵਾਲੀਆਂ ਸਾਰੀਆਂ ਫਸਲਾਂ ਬੀਜਣ ਦੀ ਆਗਿਆ ਹੋਵੇ।
ਧਰਨੇ ਦੌਰਾਨ ਡੀਆਈਜੀ ਬੀਐੱਸਐਫ ਸੀ੍ ਗੌੜ ਨੇ ਆਪਣੇ ਮੀਟਿੰਗ ਹਾਲ ਵਿੱਚ ਸਮੂਹ ਕਿਸਾਨਾਂ ਨੂੰ ਬੁਲਾ ਕੇ ਲੰਮਾ ਸਮਾਂ ਗੱਲ ਬਾਤ ਕੀਤੀ ਅਤੇ ਸਰਹੱਦੀ ਕਿਸਾਨਾਂ ਨੂੰ ਯਕੀਨ ਦਵਾਇਆ ਕਿ ਉਨ੍ਹਾਂ ਦੇ ਅਧਿਕਾਰੀ ਹਰੇਕ ਨਾਲ ਚੰਗੀ ਤਰ੍ਹਾਂ ਪੇਸ਼ ਆਉਣਗੇ, ਕਿਸੇ ਨਾਲ ਕੋਈ ਵਿਤਕਰਾ ਨਹੀਂ ਹੋਵੇਗਾ। ਕਿਸਾਨਾਂ ਦੀ ਬੜੀ ਵਾਜਬ ਮੰਗ ਮਨਦਿਆਂ ਦੱਸਿਆ ਕਿ ਮਿਤੀ 10 ਜੂਨ ਤੋਂ ਸਾਰੇ ਸਰਹੱਦੀ ਗੇਟ ਐਤਵਾਰ ਸਮੇਤ ਸਵੇਰੇ 8 ਵੱਜੇ ਤੋਂ ਸਾ਼ਮ ਦੇ 6 ਵੱਜੇ ਤੱਕ ਖੁੱਲੇ ਰਹਿਣਗੇ। ਫਸਲਾਂ ਬੀਜਣ ਦੀ ਕੋਈ ਪਾਬੰਦੀ ਨਹੀਂ ਹੋਵੇਗੀ। ਉਹਨਾਂ ਨੇ ਇਹ ਵੀ ਭਰੋਸਾ ਦਿਵਾਇਆ ਕਿ ਜਿਹੜਾ ਸਰਹੱਦ ‘ਤੇ 3 ਕਿਲੋਮੀਟਰ ਏਰੀਆ ਵਿੱਚ ਰਾਤ ਸਮੇਂ ਕਰਫਿਉ ਲੱਗਦਾ ਹੈ ਉਸ ਵਿੱਚ ਟਿਊਬਵੈਲ ਚਲਾਉਣ ਵਾਲੇ ਕਿਸਾਨਾਂ ਨੂੰ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ। ਡੀਆਈਜੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਪਾਕਿਸਤਾਨ ਵੱਲੋਂ ਆ ਰਹੇ ਡਰੋਨਾ ਤੇ ਨਸ਼ਾ ਤਸਕਰੀ ਦੀ ਆੜ ਹੇਠ ਅਮਨ ਪਸੰਦ ਕਿਸਾਨਾਂ ਨੂੰ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ।
ਮੀਟਿੰਗ ‘ਚ ਆਗੂਆਂ ਤੋਂ ਇਲਾਵਾ 40 ਪਿੰਡਾਂ ਦੇ ਕਿਸਾਨਾਂ ਦੇ ਕੁੱਝ ਪ੍ਰਤੀਨਿਧਾਂ ਨੇ ਆਪਣੇ ਮਸਲੇ ਪੇਸ਼ ਕੀਤੇ। ਡੀਆਈਜੀ ਬਾਰਡਰ ਵੱਲੋਂ ਹੱਲ ਦੱਸੇ ਗਏ ਅਤੇ ਉਹਨਾਂ ਦਾ ਸਾਵਧਾਨ ਕੀਤਾ ਅਤੇ ਹੋਰ ਸਰਹੱਦੀ ਕਿਸਾਨਾਂ ਦੀਆਂ ਮੁਸ਼ਕਲਾਂ ਤੇ ਸਮੱਸਿਆਵਾਂ ਦੇ ਹੱਲ ਲਈ ਆਪਣੇ ਸਮੂਹ ਸਬੰਧਤ ਸਟਾਫ ਨਾਲ ਡੀਆਈਜੀ 16 ਜੂਨ ਨੂੰ ਵਾਹਗਾ ਵਿਖੇ ਵੱਡੀ ਮੀਟਿੰਗ ਕਰਨਗੇ।


Comments
Post a Comment