ਪਿਪਲੀ ‘ਚ ਕਿਸਾਨਾਂ ਨੇ ਮਹਾਪੰਚਾਇਤ ਉਪਰੰਤ ਸੜਕ ਕੀਤੀ ਜਾਮ


ਪਿਪਲੀ, 12 ਜੂਨ

ਸੂਰਜਮੁਖੀ ਦੀ ਫ਼ਸਲ ਘੱਟੋ ਘੱਟ ਸਮਰਥਨ ਮੁੱਲ 'ਤੇ ਖ਼ਰੀਦਣ ਅਤੇ ਕਿਸਾਨ ਆਗੂਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪਹਿਲਾਂ ਤੋਂ ਐਲਾਨੀ ਗਈ ਕਿਸਾਨ ਮਹਾਪੰਚਾਇਤ 'ਚ ਦਿੱਤੇ ਗਏ ਅਲਟੀਮੇਟਮ ਮਗਰੋਂ ਜਦੋਂ ਦੁਪਹਿਰ ਦੋ ਵਜੇ ਤੱਕ ਵੀ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਕਿਸਾਨਾਂ ਨੇ ਜੀਟੀ ਰੋਡ 'ਤੇ ਧਰਨਾ ਸ਼ੁਰੂ ਕਰ ਦਿੱਤਾ। ਕਿਸਾਨ ਦੇਰ ਰਾਤ ਤੱਕ ਧਰਨੇ 'ਤੇ ਡਟੇ ਹੋਏ ਸਨ ਪਰ ਉਨ੍ਹਾਂ ਦੀਆਂ ਮੰਗਾਂ ਦਾ ਕੋਈ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ ਹੈ। ਇਸੇ ਦੌਰਾਨ ਕਿਸਾਨ ਆਗੂਆਂ ਤੇ ਸਥਾਨਕ ਪ੍ਰਸ਼ਾਸਨ ਵਿਚਾਲੇ ਮੀਟਿੰਗ ਵੀ ਹੋਈ ਹੈ। ਕਿਸਾਨਾਂ ਨੇ ਜੀਟੀ ਰੋਡ 'ਤੇ ਧਰਨੇ ਵਾਲੀ ਥਾਂ ਤੋਂ ਹੁਣ ਚਿਤਾਵਨੀ ਦਿੰਦਿਆਂ ਐਲਾਨ ਕੀਤਾ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ 'ਐੱਮਐੱਸਪੀ ਦਿਲਾਓ, ਕਿਸਾਨ ਬਚਾਓ' ਅੰਦੋਲਨ ਪੂਰੇ ਦੇਸ਼ 'ਚ ਸ਼ੁਰੂ ਕਰ ਦਿੱਤਾ ਜਾਵੇਗਾ।


ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ‘ਚ ਕੀਤੀ ਇਸ ਮਹਾ ਪੰਚਾਇਤ ‘ਚ ਜਮਹੂਰੀ ਕਿਸਾਨ ਸਭਾ ਪੰਜਾਬ ਨੇ ਵੀ ਇਸ ‘ਚ ਸ਼ਮੂਲੀਅਤ ਕੀਤੀ। 


ਹਾਈਵੇਅ-44 'ਤੇ ਧਰਨੇ 'ਤੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਧੜੇ ਦੇ ਪ੍ਰਦੇਸ਼ ਪ੍ਰਧਾਨ ਕਰਮ ਸਿੰਘ ਮਥਾਨਾ, ਕਿਸਾਨ ਆਗੂ ਰਾਕੇਸ਼ ਟਿਕੈਤ, ਸੁਰੇਸ਼ ਕੋਚ, ਅਰਮਜੀਤ ਸਿੰਘ ਮੋਹੜੀ, ਜਗਦੀਪ ਸਿੰਘ, ਅਰਸ਼ਪਾਲ ਸਿੰਘ ਚੜੂਨੀ, ਪਰਮਜੀਤ ਸਿੰਘ ਵਿਰਕ, ਕਲੀਰਾਮ ਮੋਹਨਾ, ਸੁਮਨ ਹੁੱਡਾ ਅਤੇ ਕ੍ਰਿਸ਼ਨ ਕਲਾਲ ਮਾਜਰਾ ਸਮੇਤ ਵੱਡੀ ਗਿਣਤੀ 'ਚ ਪੰਜਾਬ, ਉੱਤਰਾਖੰਡ, ਉੱਤਰ ਪ੍ਰਦੇਸ਼, ਹਿਮਾਚਲ ਆਦਿ ਦੇ ਕਿਸਾਨ ਬੈਠੇ ਹੋਏ ਹਨ। ਇਸ ਤੋਂ ਪਹਿਲਾਂ ਮਹਾਪੰਚਾਇਤ 'ਚ ਕਿਸਾਨ ਆਗੂ ਕਰਮ ਸਿੰਘ ਮਥਾਨਾ ਨੇ ਕਿਹਾ ਕਿ ਸਥਾਨਕ ਪ੍ਰਸ਼ਾਸਨ ਨੇ ਉਨ੍ਹਾਂ ਦੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਮੀਟਿੰਗ ਕਰਾਉਣ ਦਾ ਭਰੋਸਾ ਦਿੱਤਾ ਸੀ ਪਰ ਹੁਣ ਉਹ ਆਖ ਰਹੇ ਹਨ ਕਿ ਮੁੱਖ ਮੰਤਰੀ ਕਰਨਾਲ ਚਲੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਨਾਰਾਜ਼ ਹੋ ਕੇ ਮਹਾਪੰਚਾਇਤ ਨੇ ਕੌਮੀ ਰਾਜਮਾਰਗ-44 ਮੰਗਾਂ ਮੰਨੇ ਜਾਣ ਤੱਕ ਠੱਪ ਕਰਨ ਦਾ ਫ਼ੈਸਲਾ ਲਿਆ ਹੈ।

ਮਹਾਪੰਚਾਇਤ ਨੂੰ ਪਹਿਲਵਾਨ ਬਜਰੰਗ ਪੂਨੀਆ ਨੇ ਵੀ ਸੰਬੋਧਨ ਕੀਤਾ। ਕੁਰੂਕਸ਼ੇਤਰ ਦੇ ਡਿਪਟੀ ਕਮਿਸ਼ਨਰ ਸ਼ਾਂਤਨੂ ਸ਼ਰਮਾ ਨੇ ਦੱਸਿਆ ਕਿ ਸੂਰਜਮੁਖੀ ਦੀ ਫ਼ਸਲ ਐੱਮਐੱਸਪੀ 'ਤੇ ਖ਼ਰੀਦਣ ਦਾ ਮੁੱਦਾ ਹੱਲ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨਾਲ ਐਤਵਾਰ ਤੋਂ ਗੱਲਬਾਤ ਚੱਲ ਰਹੀ ਹੈ। ਕਿਸਾਨਾਂ ਨੂੰ ਜਾਮ ਹਟਾਉਣ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਵੀ ਕਿਸਾਨਾਂ ਤੋਂ ਕੁਝ ਸਮਾਂ ਮੰਗਿਆ ਸੀ ਤਾਂ ਜੋ ਉਨ੍ਹਾਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਈ ਜਾ ਸਕੇ। 

ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਚਿਤਾਵਨੀ ਦਿੱਤੀ ਕਿ ਜੇਕਰ ਸ਼ਾਹਬਾਦ 'ਚ ਗ੍ਰਿਫ਼ਤਾਰ ਕੀਤੇ ਗਏ ਕਿਸਾਨਾਂ ਨੂੰ ਰਿਹਾਅ ਨਾ ਕੀਤਾ ਗਿਆ ਅਤੇ ਫ਼ਸਲਾਂ ਐੱਮਐੱਸਪੀ 'ਤੇ ਨਾ ਖ਼ਰੀਦੀਆਂ ਗਈਆਂ ਤਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਦੇਸ਼ ਪੱਧਰ 'ਤੇ ਅੰਦੋਲਨ ਵਿੱਢਿਆ ਜਾਵੇਗਾ। ਮਹਾਪੰਚਾਇਤ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਐੱਮਐੱਸਪੀ ਦੇਣ ਦਾ ਐਲਾਨ ਕੀਤਾ ਸੀ ਪਰ ਉਹ ਐਲਾਨੇ ਗਏ ਭਾਅ 'ਤੇ ਫ਼ਸਲ ਖ਼ਰੀਦਣ 'ਚ ਨਾਕਾਮ ਰਹੀ ਹੈ। ਉਨ੍ਹਾਂ 6 ਜੂਨ ਨੂੰ ਕੌਮੀ ਹਾਈਵੇਅ-44 ਜਾਮ ਕਰਨ ਵਾਲੇ ਚੜੂਨੀ ਅਤੇ ਕਿਸਾਨਾਂ ਖ਼ਿਲਾਫ਼ ਪੁਲੀਸ ਕਾਰਵਾਈ ਦੀ ਨਿਖੇਧੀ ਵੀ ਕੀਤੀ। 'ਚੜੂਨੀ ਨੇ ਸੂਰਜਮੁਖੀ 'ਤੇ ਐੱਮਐੱਸਪੀ ਮੰਗ ਕੀ ਗੁਨਾਹ ਕੀਤਾ ਹੈ। ਮਹਾਪੰਚਾਇਤ 'ਚ ਭਾਵੇਂ ਵੱਖ ਵੱਖ ਕਿਸਾਨ ਜਥੇਬੰਦੀਆਂ ਆਪਣੇ ਆਪਣੇ ਬੈਨਰਾਂ ਹੇਠ ਪਹੁੰਚੀਆਂ ਹਨ ਪਰ ਉਹ ਕਿਸਾਨਾਂ ਦੇ ਮੁੱਦਿਆਂ 'ਤੇ ਇਕਜੁੱਟ ਹਨ।' ਮਹਾਪੰਚਾਇਤ ਨੂੰ ਸੰਬੋਧਨ ਕਰਦਿਆਂ ਕੁਝ ਆਗੂਆਂ ਨੇ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਅਤੇ ਪੁਲੀਸ ਕਾਰਵਾਈ ਦੀ ਆਲੋਚਨਾ ਕੀਤੀ।

Comments

ਜ਼ਰੂਰੀ ਸੁਨੇਹੇ

ਜ਼ਰੂਰੀ ਸੁਨੇਹੇ
ਭਾਜਪਾ ਹਰਾਓ, ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ!

ਪਾਪੂਲਰ ਪੋਸਟਾਂ

ਜਮਹੂਰੀ ਕਿਸਾਨ ਸਭਾ ਪੰਜਾਬ ਸਾਰੇ ਪੰਜਾਬ ‘ਚ 09 ਸਤੰਬਰ ਨੂੰ ਸੋਪੇਗੀ ਜਿਲ੍ਹਾ/ ਤਹਿਸੀਲਾਂ ਤੇ ਮੰਗ ਪੱਤਰ

ਸੈਂਕੜੇ ਕਿਰਤੀ ਕਿਸਾਨ ਇਲਾਕਾ ਕੂੰਮਕਲਾਂ ਵਿੱਚੋਂ ਸ਼ਾਮਿਲ ਹੋਏ ਸਮਰਾਲਾ ਦੀ ਜੇਤੂ ਰੈਲੀ ‘ਚ

ਨੋਸ਼ਹਿਰਾ ਪਨੂੰਆਂ ਵਿਖੇ ਕਿਸਾਨ ਜਥੇਬੰਦੀਆਂ ਨੇ ਸਾੜੇ ਟਰੰਪ ਅਤੇ ਮੋਦੀ ਸਰਕਾਰ ਦੇ ਪੁਤਲੇ