ਸੜਕਾਂ ਵਿੱਚ ਸੁਧਾਰ ਨਾ ਕੀਤਾ ਤਾਂ ਜੇਪੀਐਮਓ ਤੇ ਸ਼ਹਿਰ ਵਾਸੀ ਕਰਨਗੇ ਅੰਦੋਲਨ
ਫਿਲੌਰ, 21 ਜੂਨ
ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ ਇਲਾਕੇ ਦੀਆਂ ਸੜਕਾਂ ਦੀ ਬਦਤਰ ਹਾਲਤ ‘ਤੇ ਦੁੱਖ ਪ੍ਰਗਟ ਕਰਦਿਆਂ ਅੰਦੋਲਨ ਦੀ ਚੇਤਾਵਨੀ ਦਿੱਤੀ ਹੈ। ਆਗੂਆਂ ਨੇ ਦੱਸਿਆ ਕਿ ਸ਼ਹਿਰ ਫਿਲੌਰ ਤੋਂ ਵੱਖ ਵੱਖ ਪਿੰਡਾਂ ਨੂੰ ਨਿੱਕਲਦੀਆਂ ਸੜਕਾਂ ਦਾ ਮੰਦਾ ਹਾਲ ਹੈ, ਸਰਕਾਰਾਂ ਵੀ ਬਦਲੀਆਂ ਪਰ ਸੜਕਾਂ ਦੇ ਖੱਡੇ ਜਿਓ ਦੇ ਤਿਓਂ ਮੌਜੂਦ ਹਨ।
ਆਗੂਆਂ ਨੇ ਦੱਸਿਆ ਕਿ ਇਸ ਬਾਰੇ ਪ੍ਰਸ਼ਾਸਨ ਨੂੰ ਕਈ ਵਾਰ ਮਿਲ਼ ਕੇ ਦੱਸਿਆ ਗਿਆ ਪਰ ਕਿਸੇ ਦੇ ਵੀ ਕੰਨ ‘ਤੇ ਜੂੰ ਤੱਕ ਨਹੀਂ ਸਰਕੀ। ਆਗੂਆਂ ਨੇ ਕਿਹਾ ਕਿ ਸ਼ਹਿਰ ਫਿਲੌਰ ਦੇ ਫਾਟਕ ਤੋਂ ਲੈਕੇ ਏਵੰਨ ਬੁੱਕ ਸ਼ਾਪ ਫਿਲੌਰ ਤੱਕ ਸੜਕ ਦੇ ਵਿਚ ਪਏ ਟੋਇਆਂ ਕਾਰਨ ਕਈ ਹਾਦਸੇ ਵਾਪਰ ਚੁੱਕੇ ਹਨ ਪਰ ਸਥਾਨਕ ਪ੍ਰਸ਼ਾਸ਼ਨ ਅਤੇ ਨਵੀਂ ਸਰਕਾਰ ਦੇ ਨੇਤਾ ਕੁੰਭਕਰਨੀ ਨੀਂਦ ਸੁੱਤੇ ਹੋਏ ਹਨ। ਇਸ ਸਮੇ ਏਵੰਨ ਬੁੱਕਸ਼ਾਪ ਦੇ ਮਾਲਕ ਬੰਟੀ ਫਿਲੌਰ ਨੇ ਦੱਸਿਆ ਕਿ ਨੂਰਮਹਿਲ ਦੀ ਸੜਕ ਤੋਂ ਹਜ਼ਾਰਾਂ ਵਾਹਨ ਰੋਜ ਲੰਘਦੇ ਹਨ ਖਾਸ ਕਰਕੇ ਐਤਵਾਰ ਤੇ ਵੀਰਵਾਰ ਨੂੰ ਸਾਰੇ ਭਾਰਤ ਵਿਚੋਂ ਸੰਗਤ ਨੂਰਮਹਿਲ, ਨਕੋਦਰ ਤੇ ਸੁਲਤਾਨਪੁਰ ਵਿਖੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਜਾਂਦੇ ਹਨ ਜਿਨ੍ਹਾਂ ਨੂੰ ਇਹ ਸੜਕ ਪਾਰ ਕਰਨ ਲਈ ਬੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਮੀਂਹ ਦੇ ਦਿਨਾਂ ਵਿੱਚ ਤਾਂ ਇਸ ਸੜਕ ਤੋਂ ਲੰਘਣਾ ਖਤਰਾ ਮੁੱਲ ਲੈਣ ਵਾਲੀ ਗੱਲ ਹੁੰਦੀਂ ਹੈ।
ਇਸ ਸਮੇਂ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਆਗੂ ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਪ੍ਰਧਾਨ ਜਰਨੈਲ ਫਿਲੌਰ ਤੇ ਜਮਹੂਰੀ ਕਿਸਾਨ ਸਭਾ ਦੇ ਤਹਿਸੀਲ ਪ੍ਰਧਾਨ ਕੁਲਦੀਪ ਫਿਲੌਰ ਨੇ ਕਿਹਾ ਕਿ ਫਿਲੌਰ ਸ਼ਹਿਰ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਾਉਣ ਲਈ ਸ਼ਹਿਰ ਵਾਸੀਆਂ ਤੇ ਸਮੂਹ ਧਾਰਮਿਕ, ਸਮਾਜਿਕ ਤੇ ਜਨਤਕ ਜਥੇਬੰਦੀਆਂ ਨੂੰ ਨਾਲ ਲੈਕੇ ਸੰਘਰਸ਼ ਕੀਤਾ ਜਾਵੇਗਾ।
ਸੜਕ ਦੀ ਮਾੜੀ ਹਾਲਤ ਦਿਖਾਉਣ ਵੇਲੇ ਗੁਰਮੇਲ ਸਿੰਘ ਗੇਲਾ, ਮਾਸਟਰ ਹੰਸ ਰਾਜ, ਜਤਿੰਦਰ ਕੁਮਾਰ, ਸੁਰਿੰਦਰ ਕੁਮਾਰ,ਤੇ ਰਸ਼ਪਾਲ ਸਿੰਘ ਆਦਿ ਹਾਜ਼ਰ ਸਨ।

Comments
Post a Comment