ਪਿੰਡ ਜਾਮਾਰਾਏ ਤੇ ਬਾਣੀਆਂ ‘ਚ ਪੁਤਲੇ ਫੂਕ ਕੇ ਕੀਤੇ ਰੋਸ ਮੁਜ਼ਹਾਰੇ
ਸ੍ਰੀ ਗੋਇੰਦਵਾਲ ਸਾਹਿਬ, 16 ਜੂਨ
ਪਿੰਡ ਜਾਮਾਰਾਏ ਚੌਕ ਵਿਚ ਕੌਮੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤਰਸੇਮ ਸਿੰਘ ਲੁਹਾਰ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਸੁਲੱਖਣ ਸਿੰਘ ਤੁੜ ਅਤੇ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਬੱਗੂ ਦੀ ਅਗਵਾਈ ਹੇਠ ਮੰਤਰੀ ਲਾਲਜੀਤ ਸਿੰਘ ਭੁੱਲਰ ਵਿਰੁੱਧ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਇਕੱਤਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕੌਮੀ ਕਿਸਾਨ ਯੂਨੀਅਨ ਦੇ ਆਗੂ ਤਰਸੇਮ ਸਿੰਘ ਲੁਹਾਰ ਨੇ ਕਿਹਾ ਕਿ ਪਾਵਰਕਾਮ ਦੇ ਇਮਾਨਦਾਰ ਅਧਿਕਾਰੀ ਐਸਈ ਗੁਰਸ਼ਰਨ ਸਿੰਘ ਖਹਿਰਾ ਦੀ ਟਰਾਂਸਪੋਰਟ ਮੰਤਰੀ ਵੱਲੋਂ ਕੀਤੀ ਬਦਲੀ ਖ਼ਿਲਾਫ਼ ਸੰਘਰਸ਼ ਕੀਤਾ ਜਾ ਰਿਹਾ ਹੈ ਅਤੇ ਪੁਤਲੇ ਫੂਕੇ ਜਾ ਰਹੇ ਹਨ। ਇਸ ਮੌਕੇ ਕਿਸਾਨ ਆਗੂ ਗੁਰਭੇਜ ਸਿੰਘ, ਜਗਜੀਤ ਸਿੰਘ, ਮਨਦੀਪ ਸਿੰਘ, ਬਲਦੇਵ ਸਿੰਘ, ਅਵਤਾਰ ਸਿੰਘ ਕਲਦੀਪ ਸਿੰਘ ਸਾਰੇ ਜਾਮਾਰਾਏ, ਸੁਖਬੀਰ ਸਿੰਘ ਲਾਲਪੁਰਾ, ਹਰਦੀਪ ਸਿੰਘ, ਬਲਵਿੰਦਰ ਸਿੰਘ ਆਦਿ ਵੀ ਮੌਜੂਦ ਸਨ।
ਇਸ ਤਰ੍ਹਾਂ ਹੀ ਪਿੰਡ ਬਾਣੀਆਂ 'ਚ ਜਮਹੂਰੀ ਕਿਸਾਨ ਸਭਾ ਦੇ ਆਗੂ ਝਿਰਮਲ ਸਿੰਘ ਬਾਣੀਆ ਤੇ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਦਿਲਬਾਗ ਸਿੰਘ ਬਾਣੀਆਂ ਦੀ ਅਗਵਾਈ ਹੇਠ ਮੰਤਰੀ ਦਾ ਪੁਤਲਾ ਫੂਕ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਇਕੱਤਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਆਗੂ ਮੁਖਤਾਰ ਸਿੰਘ ਮੱਲਾ ਨੇ ਕਿਹਾ ਕੇ ਪਾਵਰਕਾਮ ਦੇ ਇਮਾਨਦਾਰ ਅਤੇ ਮਿਹਨਤੀ ਅਧਿਕਾਰੀ ਐੱਸਈ ਗੁਰਸ਼ਰਨ ਸਿੰਘ ਖਹਿਰਾ ਦੀ ਮੰਤਰੀ ਵੱਲੋਂ ਰੰਜਿਸ਼ ਤਹਿਤ ਕੀਤੀ ਬਦਲੀ ਖ਼ਿਲਾਫ਼ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਦੇ ਸੱਦੇ 'ਤੇ 15 ਤੋਂ 24 ਜੂਨ ਤਕ ਪਿੰਡ-ਪਿੰਡ ਮੰਤਰੀ ਦੇ ਪੁਤਲੇ ਫੂਕਣ ਉਪਰੰਤ 27 ਜੂਨ ਨੂੰ ਸਥਾਨਕ ਡੀਸੀ ਦਫ਼ਤਰ ਦੇ ਸਾਹਮਣੇ ਰੋਸ ਮੁਜ਼ਾਹਰਾ ਕਰ ਕੇ ਮੰਤਰੀ ਦੀ ਅਰਥੀ ਫੂਕੀ ਜਾਵੇਗੀ। ਬਾਅਦ 'ਚ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਡਿਪਟੀ ਕਮਿਸ਼ਨਰ ਰਾਹੀਂ ਦਿੱਤਾ ਜਾਵੇਗਾ।
ਇਸ ਦੌਰਾਨ ਕਿਸਾਨ ਆਗੂਆਂ ਜਸਵੰਤ ਸਿੰਘ ਭਗਤ, ਪ੍ਰਮਜੀਤ ਸਿੰਘ ਮੁਗਲਾਣੀ, ਜਗੀਰ ਸਿੰਘ ਸੰਘਰਕੋਟ, ਬਾਬਾ ਤੇਜਾ ਸਿੰਘ ਬਾਣੀਆਂ, ਕਰਮ ਸਿੰਘ ਤਖਤੂਚੱਕ, ਸਰਬਜੀਤ ਸਿੰਘ ਬਾਣੀਆਂ ਆਦਿ ਨੇ ਕਿਹਾ ਕਿ ਮੰਤਰੀ ਦੀ ਗੁੰਡਾਗਰਦੀ ਵਿਰੁੱਧ ਤੇ ਹੈਂਕੜ ਰਵੱਈਏ ਖ਼ਿਲਾਫ਼ ਸੰਘਰਸ਼ ਜਾਰੀ ਰਹੇਗਾ।

Comments
Post a Comment