ਜਨਤਕ ਦਬਾਅ ਅੱਗੇ ਝੁਕੇ ਪੁਲੀਸ ਪ੍ਰਸ਼ਾਸਨ ਨੇ ਨੂੰਹ ਸੱਸ ਨੂੰ ਸੌਂਪੀਆਂ ਕੋਠੀ ਦੀਆਂ ਚਾਬੀਆਂ
ਜਗਰਾਉਂ, 21 ਜੂਨ
ਕੈਨੇਡਾ ਦੇ ਟੋਰਾਂਟੋ ਰਹਿੰਦੇ ਇਕ ਪਰਵਾਸੀ ਪੰਜਾਬੀ ਪਰਿਵਾਰ ਦੀ ਸਥਾਨਕ ਹੀਰਾ ਬਾਗ ਸਥਿਤ ਇੱਕ ਕੋਠੀ 'ਕਬਜ਼ਾ' ਕਰਨ ਦੇ ਮਾਮਲੇ 'ਚ ਉੱਠੇ ਲੋਕ ਰੋਹ ਅਤੇ ਜਨਤਕ ਦਬਾਅ ਅੱਗੇ ਝੁਕਦਿਆਂ ਪੁਲੀਸ ਪ੍ਰਸ਼ਾਸਨ ਨੇ ਕੋਠੀ ਦੀਆਂ ਚਾਬੀਆਂ ਅਮਰਜੀਤ ਕੌਰ ਧਾਲੀਵਾਲ ਤੇ ਉਨ੍ਹਾਂ ਦੀ ਨੂੰਹ ਕੁਲਦੀਪ ਕੌਰ ਨੂੰ ਸੌਂਪ ਦਿੱਤੀਆਂ ਹਨ।
ਚਾਬੀਆਂ ਮਿਲਣ 'ਤੇ ਖੁਸ਼ੀ ਜ਼ਾਹਿਰ ਕਰਦਿਆਂ ਨੂੰਹ-ਸੱਸ ਨੇ ਇਸ ਘੋਲ 'ਚ ਸਾਥ ਦੇਣ ਵਾਲੀਆਂ ਸਾਰੀਆਂ ਜਨਤਕ ਜਥੇਬੰਦੀਆਂ ਅਤੇ ਆਗੂਆਂ ਦਾ ਧੰਨਵਾਦ ਕੀਤਾ। ਲੁਧਿਆਣਾ ਦਿਹਾਤੀ ਦੇ ਐੱਸਪੀ ਹਰਿੰਦਰਪਾਲ ਸਿੰਘ ਪਰਮਾਰ ਨੇ ਅੱਜ ਮਾਤਾ ਅਮਰਜੀਤ ਕੌਰ ਧਾਲੀਵਾਲ ਦੇ ਚਾਬੀਆਂ ਸੁਪਰਦ ਕੀਤੀਆਂ। ਜਾਅਲੀ ਮੁਖਤਿਆਰਨਾਮੇ ਦੇ ਅਧਾਰ ’ਤੇ ਕੋਠੀ ਦੀ ਰਜਿਸਟਰੀ ਕਰਵਾਉਣ ਵਾਲੇ ਕਰਮ ਸਿੰਘ ਸਿੱਧੂ ਨੇ ਖੁਦ ਮੌਕੇ 'ਤੇ ਪਹੁੰਚ ਕੇ ਅਸ਼ਟਾਮ ਪੇਪਰ 'ਤੇ ਲਿਖੇ ਰਾਜ਼ੀਨਾਮੇ 'ਤੇ ਦਸਤਖ਼ਤ ਕੀਤੇ। ਐੱਸਪੀ ਪਰਮਾਰ ਨੇ ਦੱਸਿਆ ਕਿ ਰਜਿਸਟਰੀ ਕਰਵਾਉਣ ਵਾਲਾ ਕਰਮ ਸਿੱਧੂ ਇੰਤਕਾਲ ਤੋੜਨ, ਦਸਤਾਵੇਜ਼ ਦਰੁੱਸਤ ਕਰਵਾਉਣ ਅਤੇ ਹੋਰ ਲੋੜੀਂਦੀ ਕਾਨੂੰਨੀ ਪ੍ਰਕਿਰਿਆ ਸਿਰੇ ਚਾੜ੍ਹਨ ਲਈ ਪਾਬੰਦ ਹੋਵੇਗਾ।
ਇਸ ਸਮੇਂ ਕਾਮਰੇਡ ਰਵਿੰਦਰਪਾਲ ਰਾਜੂ, ਭਰਪੂਰ ਸਿੰਘ ਸਵੱਦੀ, ਜਮਹੂਰੀ ਕਿਸਾਨ ਸਭਾ ਦੇ ਆਗੂ ਬਲਰਾਜ ਸਿੰਘ ਕੋਟਉਮਰਾ, ਗੁਰਮੇਲ ਸਿੰਘ ਰੂਮੀ, ਬਲਾਕ ਕਾਂਗਰਸ ਪ੍ਰਧਾਨ ਹਰਪ੍ਰੀਤ ਧਾਲੀਵਾਲ, ਲੇਬਰ ਯੂਨੀਅਨ ਦੇ ਪ੍ਰਧਾਨ ਮੇਸ਼ੀ ਸਹੋਤਾ, ਕੌਂਸਲਰ ਅਮਨ ਕਪੂਰ ਬੌਬੀ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

Comments
Post a Comment