ਰਈਆ ਵਿਖੇ ਜਥੇਬੰਦੀਆਂ ਨੇ ਪੁਤਲਾ ਫੂਕਿਆ
ਰਈਆ 1 ਜੂਨ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਸਥਾਨਕ ਕਸਬੇ ਅੰਦਰ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੈਂਕੜੇ ਕਾਰਕੁੰਨਾਂ ਵੱਲੋਂ ਵੱਲੋਂ ਸਵਿੰਦਰ ਸਿੰਘ ਖਹਿਰਾ, ਰਸ਼ਪਾਲ ਸਿੰਘ ਬੁਟਾਰੀ, ਨਿਰਮਲ ਸਿੰਘ ਭਿੰਡਰ ਦੀ ਅਗਵਾਈ ਹੇਠ ਦਿੱਲੀ ਅੰਦਰ ਪੁਲਿਸ ਵੱਲੋਂ ਇਨਸਾਫ ਮੰਗ ਰਹੇ ਪਹਿਲਵਾਨਾਂ ਉੱਪਰ ਕੀਤੇ ਪੁਲਿਸ ਜਬਰ ਖਿਲਾਫ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ। ਇਸ ਤੋਂ ਪਹਿਲਾਂ ਕਾਰਕੁੰਨਾਂ ਵੱਲੋਂ ਮਾਰਚ ਕਰਕੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਵਿੱਤ ਸਕੱਤਰ ਹਰਪ੍ਰੀਤ ਸਿੰਘ ਬੁਟਾਰੀ ਅਤੇ ਸੂਬਾਈ ਕਮੇਟੀ ਮੈਂਬਰ ਗੁਰਮੇਜ ਸਿੰਘ ਤਿੰਮੋਵਾਲ ਨੇ ਕਿਹਾ ਕਿ ਕੁਸ਼ਤੀ ਵਿੱਚ ਸੋਨੇ ਦੇ ਤਮਗੇ ਜਿੱਤਣ ਵਾਲੀਆਂ ਪਹਿਲਵਾਨ ਧੀਆਂ ਆਪਣੇ ਨਾਲ ਜਿਨਸੀ ਸ਼ੋਸ਼ਣ ਕਰਨ ਵਾਲੇ ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਅਹੁਦੇ ਤੋਂ ਹਟਾਉਣ ਅਤੇ ਗ੍ਰਿਫਤਾਰ ਕਰਨ ਦੀ ਮੰਗ ਕਰ ਰਹੀਆਂ ਹਨ ਅਤੇ ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਤੇ ਉਸ ਖਿਲਾਫ ਪਰਚਾ ਵੀ ਦਰਜ ਕੀਤਾ ਗਿਆ ਹੈ ਪਰ ਉਸ ਖਿਲਾਫ ਕਾਰਵਾਈ ਕਰਨ ਦੀ ਬਜਾਏ ਪਹਿਲਵਾਨਾਂ ਨੂੰ ਗ੍ਰਿਫਤਾਰ ਕਰ ਕੇ ਧਰਨੇ ਨੂੰ ਖਿੰਡਾ ਦਿੱਤਾ ਗਿਆ ਹੈ ਜੋ ਜੁਲਮ ਦੀ ਇੰਤਹਾ ਹੈ। ਆਗੂਆਂ ਨੇ ਕਿਹਾ ਸੰਯੁਕਤ ਕਿਸਾਨ ਮੋਰਚਾ ਪਹਿਲਵਾਨਾਂ ਨੂੰ ਇਨਸਾਫ ਦਿਵਾਉਣ ਲਈ ਮੂਹਰਲੀਆਂ ਕਤਾਰਾਂ ਵਿੱਚ ਸੰਘਰਸ਼ ਕਰੇਗਾ। ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਗੁਰਨਾਮ ਸਿੰਘ ਭਿੰਡਰ ਤੋਂ ਇਲਾਵਾ ਸੱਜਣ ਸਿੰਘ ਤਿੰਮੋਵਾਲ, ਕਸ਼ਮੀਰ ਸਿੰਘ ਭਿੰਡਰ, ਕੇਵਲ ਸਿੰਘ ਸੱਤੋਵਾਲ, ਪਰਵਿੰਦਰ ਸਿੰਘ ਬੱਲ, ਪਲਵਿੰਦਰ ਸਿੰਘ ਰਈਆ, ਰਾਜਵਿੰਦਰ ਸਿੰਘ ਸੰਗਰਾਏ, ਵਿਜੇਪਾਲ ਦਾਊਦ, ਗੁਰਦੀਪ ਸਿੰਘ ਲੋਹਗੜ੍ਹ ਆਦਿ ਵੀ ਹਾਜ਼ਰ ਸਨ।

Comments
Post a Comment