ਆਬਾਦਕਾਰਾਂ ਦੇ ਉਜਾੜੇ ਖ਼ਿਲਾਫ਼ 3 ਘੰਟੇ ਦਿੱਤਾ ਰੋਸ ਧਰਨਾ
ਪਠਾਨਕੋਟ, 22 ਜੂਨ
ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਡਿਪਟੀ ਕਮਿਸ਼ਨਰ ਪਠਾਨਕੋਟ ਵਿਖੇ ਪਿੰਡ ਸਕੋਲ ਵਿਖੇ ਬਣਨ ਜਾ ਰਹੇ ਐੱਨਸੀਜੀ ਹੱਬ ਲਈ ਕੀਤੇ ਜਾ ਰਹੇ ਆਬਾਦਕਾਰਾਂ ਦੇ ਉਜਾੜੇ ਖਿਲਾਫ ਲਗਾਤਾਰ 3 ਘੰਟੇ ਰੋਸ ਧਰਨਾ ਲਗਾਇਆ ਗਿਆ। ਧਰਨੇ ਨੂੰ ਡੀਸੀ ਦਫਤਰ ਦੇ ਘਿਰਾਓ ਵਿੱਚ ਤਬਦੀਲ ਕਰਨ ਦੇ ਅਲਟੀਮੇਟਮ ਤੋਂ ਬਾਅਦ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਧਰਨਾਕਾਰੀਆਂ ਵਿੱਚ ਆ ਕੇ ਮੰਗ ਪੱਤਰ ਲਿਆ, ਜਿਸ ਤੋਂ ਬਾਅਦ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਮੰਗਾਂ ਨੂੰ ਪੰਜਾਬ ਸਰਕਾਰ ਤੱਕ ਪਹੁੰਚਾਉਣ ਦਾ ਭਰੋਸਾ ਦਿਵਾਇਆ।
ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਐੱਨਐੱਸਜੀ ਹੱਬ ਲਈ ਪਿੰਡ ਸਕੋਲ ਦੀ 103 ਕਿੱਲੇ ਜ਼ਮੀਨ ਦੇਣ ਜਾ ਰਹੀ ਹੈ। ਆਗੂਆਂ ਨੇ ਦੱਸਿਆ ਕਿ 103 ਏਕੜ ਜ਼ਮੀਨ ਪਿੰਡ ਸਕੋਲ ਦੇ ਲੋਕਾਂ ਨੇ ਬੜ੍ਹੀ ਮੁਸ਼ਕਿਲ ਨਾਲ ਆਬਾਦ ਕੀਤੀ ਸੀ ਅਤੇ ਸਰਕਾਰ ਹੁਣ ਇੱਕੋ ਝਟਕੇ ਆਬਾਦਕਾਰਾਂ ਤੋਂ ਇਹ ਜ਼ਮੀਨਾਂ ਖੋਹਣ ਜਾ ਰਹੀ ਹੈ। ਉਹਨਾਂ ਦੱਸਿਆ ਕਿ ਪਹਿਲਾਂ ਸਰਕਾਰ ਵੱਲੋਂ ਹੀ ਪਿੰਡ ਸਕੋਲ ਨੂੰ ਆਬਾਦ ਕਰਨ ਲਈ ਲੋਕਾਂ ਨੂੰ ਪ੍ਰੇਰਿਆ ਸੀ ਅਤੇ ਬੇਆਬਾਦ ਜ਼ਮੀਨਾਂ ਆਬਾਦ ਕਰਨ ਲਈ ਮੁਆਵਜ਼ੇ ਵੀ ਦਿੱਤੇ ਸਨ। ਪਿੰਡ ਸਕੋਲ ਵਿੱਚ ਬੀਐੱਸਐੱਫ ਵੀ ਰਹਿਣ ਤੋਂ ਮਨ੍ਹਾਂ ਕਰ ਰਹੀ ਸੀ ਜਿਸ ਕਰਕੇ ਲੋਕਾਂ ਨੇ ਦੇਸ਼ ਸੇਵਾ ਹਿੱਤ ਇਹ ਫੈਸਲਾ ਲਿਆ ਅਤੇ ਜਾਨ-ਮਾਲ ਦਾ ਖਤਰਾ ਉਠਾ ਕੇ ਪਿੰਡ ਸਕੋਲ ਨੂੰ ਆਬਾਦ ਕੀਤਾ। ਪਾਕਿਸਤਾਨ ਨਾਲ ਹੋਈਆਂ ਸਾਰੀਆਂ ਹੀ ਲੜਾਈਆਂ ਵੇਲੇ ਪਿੰਡ ਸਕੋਲ ਦੇ ਲੋਕ ਪਿੰਡ ਵਿੱਚ ਰਹੇ ਸਨ ਅਤੇ ਜਾਨੀ ਮਾਲੀ ਨੁਕਸਾਨ ਵੀ ਉਠਾਇਆ।
ਆਗੂਆਂ ਨੇ 20 ਜੂਨ ਦੀ ਘਟਨਾ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ 20 ਜੂਨ ਨੂੰ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਅਤੇ ਸਕੋਲ ਦੇ ਲੋਕਾਂ ਦਾ ਇੱਕ ਸਾਂਝਾ ਵਫਦ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਦੇਣ ਲਈ ਆਏ ਸਨ, ਪਰ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਮੰਗ ਪੱਤਰ ਨਹੀਂ ਲਿਆ।
ਇਸ ਮੌਕੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਸਤਿਬੀਰ ਸਿੰਘ ਸੁਲਤਾਨੀ, ਤਰਲੋਕ ਸਿੰਘ ਬਹਿਰਾਮਪੁਰ, ਪਰਮਜੀਤ ਸਿੰਘ ਰਤਨਗੜ੍ਹ, ਰਜਿੰਦਰ ਸਿੰਘ, ਕੇਵਲ ਕਾਲੀਆਂ, ਪ੍ਰੇਮ ਸਿੰਘ,ਅਭਿਨਾਸ਼, ਬਲਵੰਤ ਸਿੰਘ ਘੋਹ, ਰਗੁਵੀਰ ਸਿੰਘ ਧਲੌਰਿਆ, ਸ਼ਿਵ ਕੁਮਾਰ ਪਠਾਨਕੋਟ, ਪਿੰਡ ਸਕੋਲ ਤੋਂ ਸੁਰਜੀਤ ਸਿੰਘ, ਸਾਬਕਾ ਸਰਪੰਚ ਤਰਲੋਕ ਸਿੰਘ, ਸੰਤੋਖ ਸਿੰਘ ਸਕੋਲ, ਸਰਪੰਚ ਪਰਮਜੀਤ ਕੌਰ ਨੇ ਸੰਬੋਧਨ ਕੀਤਾ।
ਇਸ ਤੋਂ ਇਲਾਵਾ ਇਸ ਘੋਲ਼ ਦੀ ਹਿਮਾਇਤ ਵਿੱਚ ਪੇਂਡੂ ਮਜ਼ਦੂਰ ਯੂਨੀਅਨ ਦੇ ਰਾਜ ਕੁਮਾਰ ਪੰਡੋਰੀ, ਇਫਟੂ ਦੇ ਸੁਖਦੇਵ ਰਾਜ ਬਹਿਰਾਮਪੁਰ, ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਬਲਬੀਰ ਸਿੰਘ ਰੰਧਾਵਾ, ਸਰਵਣ ਸਿੰਘ ਭੋਲ਼ਾ, ਅਮਰਜੀਤ ਸਿੰਘ ਦੋਰੰਗਖੱਡ, ਕਿਸ਼ਨ ਗੋਸਵਾਮੀ ਨੇ ਸੰਬੋਧਨ ਕੀਤਾ।

Comments
Post a Comment